ਸ੍ਰੀ ਮੁਕਤਸਰ ਸਾਹਿਬ,(ਸੁਨੀਲ ਬਾਂਸਲ) : ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸ: ਮੰਗਲ ਸਿੰਘ ਸੰਧੂ ਦੀ ਅਗਵਾਈ ਵਿਚ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਨਾਉਣ ਵਿਚ ਪੰਜਾਬ ਵਿਚੋਂ ਮੋਹਰੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਹੁਣ ਝੋਨੇ ਦੀ ਬਿਨ੍ਹਾਂ ਵਹਾਈ ਦੇ ‘ਜ਼ੀਰੋ ਟਿਲੇਜ਼ ਤਕਨੀਕ’ ਨਾਲ ਬਿਜਾਈ ਦੀ ਤਕਨੀਕ ਨੂੰ ਵੀ ਅਪਨਾਉਣ ਵਿਚ ਨਵੀਂ ਪਹਿਲਕਦਮੀ ਕੀਤੀ ਹੈ। ਇਸ ਤਹਿਤ ਨਵੀਂ ਤਕਨੀਕ ਨਾਲ ਪਹਿਲੇ ਸਾਲ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ 35 ਏਕੜ ਵਿਚ ਬਿਜਾਈ ਕਰਵਾਈ ਗਈ ਹੈ। ਇਹ ਜਾਣਕਾਰੀ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਸ: ਬੇਅੰਤ ਸਿੰਘ ਨੇ ਦਿੱਤੀ।
ਸ: ਬੇਅੰਤ ਸਿੰਘ ਨੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨਾ ਲਵਾਈ ਦੀ ਪੁਰਾਤਨ ਪ੍ਰੰਪਰਾਗਤ ਤਕਨੀਕ ਵਿਚ ਜਿੱਥੇ ਕਿਸਾਨਾਂ ਨੂੰ ਵੱਡੀ ਮਿਹਨਤ ਕਰਨੀ ਪੈਂਦੀ ਹੈ ਉੱਥੇ ਉਕਤ ਤਕਨੀਕ ਕਾਰਨ ਕਿਸਾਨਾਂ ਨੂੰ ਵੱਡੇ ਖਰਚੇ ਕਰਨ ਪੈਂਦੇ ਸਨ ਉਥੇ ਬੇਸਕੀਮਤੀ ਪਾਣੀ ਦੀ ਵੀ ਵੱਡੀ ਖ਼ਪਤ ਹੁੰਦੀ ਹੈ। ਇਸੇ ਤੋਂ ਰਾਹਤ ਲਈ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਕਿਸਾਨਾਂ ਨੂੰ ਮੁਹਈਆ ਕਰਵਾਈ ਗਈ ਜਿਸ ਨੂੰ ਕਿਸਾਨਾਂ ਨੇ ਹੱਥੋ ਹੱਥ ਲਿਆ ਅਤੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਝੋਨੇ ਦੀ ਸਿੱਧੀ ਬਿਜਾਈ ਵਿਚ ਸੂਬੇ ਵਿਚੋਂ ਮੋਹਰੀ ਜ਼ਿਲ੍ਹਾ ਬਣ ਗਿਆ ਹੈ।
ਇਸ ਤਕਨੀਕ ਨਾਲ ਜਿੱਥੇ ਸਿੱਧੀ ਬਿਜਾਈ ਤਕਨੀਕ ਨਾਲ ਹੋਣ ਵਾਲੀ ਪ੍ਰਤੀ ਏਕੜ 4000 ਰੁਪਏ ਦੀ ਬਚਤ ਤੋਂ ਇਲਾਵਾ ਵਹਾਈ, ਸੁਹਾਗਾ ਲਗਾਉਣ ਸਮੇਤ ਖੇਤ ਨੂੰ ਤਿਆਰ ਕਰਨ ਤੇ ਹੋਣ ਵਾਲਾ ਪ੍ਰਤੀ ਏਕੜ 2000 ਰੁਪਏ ਤੱਕ ਦੀ ਵਾਧੂ ਬਚਤ ਹੁੰਦੀ ਹੈ ਜਦ ਕਿ ਪਾਣੀ ਦੀ ਬਚਤ ਵੀ ਹੁੰਦੀ ਹੈ। ਇਸ ਤਕਨੀਕ ਨਾਲ ਲਗਾਏ ਝੋਨੇ ਵਿਚ ਨਦੀਨ ਘੱਟ ਊਗਦੇ ਹਨ ਅਤੇ ਕਰਚਿਆਂ ਕਾਰਨ ਭੂਮੀ ਦਾ ਕਾਰਬਨਿਕ ਮਾਦਾ ਵੱਧ ਜਾਂਦਾ ਹੈ ਜਮੀਨ ਵਿਚ ਊਗੇ ਝੋਨੇ ਦੇ ਪੌਦੇ ਖਾਦਾਂ ਦੀ ਸੁੱਚਜੀ ਵਰਤੋ ਕਰ ਸਕਦੇ ਹਨ। ਜਿਸ ਕਾਰਨ ਝਾੜ ਵੱਧਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਦੇ ਤਜਰਬਿਆਂ ਦੇ ਅਧਾਰ ਤੇ ਅਗਲੇ ਸਾਲ ਤੋਂ ਇਸ ਨਵੀਂ ਤਕਨੀਕ ਤਹਿਤ ਵੱਧ ਤੋਂ ਵੱਧ ਝੋਨਾ ਲਗਵਾਇਆ ਜਾਵੇ।
ਇਸ ਸਬੰਧੀ ਹੋਰ ਤਕਨੀਕੀ ਜਾਣਕਾਰੀ ਦਿੰਦਿਆਂ ਡਾ: ਮੁਖਤਿਆਰ ਸਿੰਘ ਅਤੇ ਡਾ: ਗਗਨਦੀਪ ਸਿੰਘ ਮਾਨ ਜ਼ਿਨ੍ਹਾਂ ਦਾ ਦੇਖਰੇਖ ਵਿਚ ਬਲਾਕ ਸ੍ਰੀ ਮੁਕਤਸਰ ਸਾਹਿਬ ਵਿਚ ਇਹ ਤਕਨੀਕ ਲਾਗੂ ਕੀਤੀ ਗਈ ਹੈ ਨੇ ਦੱਸਿਆ ਸਿੱਧੀ ਬਿਜਾਈ ਤਕਨੀਕ ਵਿਚ ਹੋਰ ਸੁਧਾਰ ਕਰਦਿਆਂ ਇਸ ਤਕਨੀਕ ਨੂੰ ਹੋਰ ਲਾਭਕਾਰੀ ਬਣਾਉਣ ਹਿੱਤ ਵਿਭਾਗ ਨੇ ਕਣਕ ਦੀ ਕਟਾਈ ਤੋਂ ਬਾਅਦ ਖੇਤ ਵਿਚ ਬਿਨ੍ਹਾਂ ਕੋਈ ਵਹਾਈ ਕੀਤੇ ਖੜੇ ਕਰਚਿਆਂ ਵਿਚ ਹੀ ਝੋਨੇ ਦੀ ਬਿਜਾਈ ਕਰਨ ਦੀ ਤਕਨੀਕ ਅਪਨਾਈ ਹੈ। ਜਿਸ ਤੇ ਮੁੱਢਲੇ ਤਜਰਬੇ ਕਾਮਯਾਬ ਹੋਏ ਹਨ। ਇਸ ਸਬੰਧੀ ਖੇਤੀਬਾੜੀ ਵਿਭਾਗ ਨੇ ਜ਼ਿਲ੍ਹੇ ਭਰ ਦੇ ਪ੍ਰਗਤੀਸ਼ੀਲ ਕਿਸਾਨਾਂ ਨੂੰ ਵੀ ਉਕਤ ਕਿਸਾਨ ਦੇ ਖੇਤਾਂ ਵਿਚ ਨਵੀਂ ਤਕਨੀਕ ਨਾਲ ਲਗਾਇਆ ਝੋਨਾ ਵਿਖਾਇਆ ਜਿਨ੍ਹਾਂ ਨੇ ਝੋਨੇ ਦੀ ਤੰਦਰੁਸਤ ਫਸਲ ਵੇਖ ਕੇ ਅਗਲੇ ਸਾਲ ਤੋਂ ਆਪਣੇ ਖੇਤਾਂ ਵਿਚ ਵੀ ਇਹ ਤਕਨੀਕ ਲਾਗੂ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪਿੰਡ ਕੋਟਲੀ ਸੰਘਰ ਦੇ ਕਿਸਾਨ ਕੁਲਵਿੰਦਰ ਸਿੰਘ ਦੇ 35 ਏਕੜ ਖੇਤਾਂ ਵਿਚ ਇਹ ਤਜਰਬਾ ਕੀਤਾ ਗਿਆ ਹੈ। ਜਿਸ ਤਹਿਤ ਕਿਸਾਨ ਨੇ ਸਿੱਧੀ ਬਿਜਾਈ ਵਾਲੀ ਮਸ਼ੀਨ ਨਾਲ ਝੋਨੇ ਦੀ ਬਿਜਾਈ ਕੀਤੀ ਹੈ। ਇਸ ਮੌਕੇ ਡਾ: ਕਾਬਲ ਸਿੰਘ, ਡਾ: ਜਵਬੀਰ ਸਿੰਘ ਗੁੰਮਟੀ, ਡਾ: ਗੁਰਮੇਲ ਸਿੰਘ, ਹਰਪਾਲ ਸਿੰਘ ਪਿੰਡ ਕੋਟਲੀ ਸੰਘਰ, ਸੰਦੀਪ ਸਿੰਘ ਏ.ਡੀ.ਓ., ਗੁਰਪ੍ਰੀਤ ਸਿੰਘ ਵੜਿੰਗ, ਸ਼ਰਨਜੀਤ ਸਿੰਘ ਸਰਪੰਚ ਤਖਤ ਮਲਾਣਾ, ਬਲਵਿੰਦਰ ਸਿੰਘ ਆਦਿ ਵੀ ਹਾਜਰ ਸਨ।)
ਸ੍ਰੀ ਮੁਕਤਸਰ ਸਾਹਿਬ ਜ਼ਿਲੇ ਵਿਚ ਝੋਨੇ ਦੀ ਸਿੱਧੀ ਬਿਜਾਈ ਲਈ ‘ਜ਼ੀਰੋ ਟਿਲੇਜ਼ ਤਕਨੀਕ’ ਸ਼ੁਰੂ
This entry was posted in ਪੰਜਾਬ.