ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਬੀਤੇ ਦਿਨੀਂ ਸੂਬਾ ਸਰਕਾਰ ਵੱਲੋਂ ਕੈਬਨਿਟ ਵਿਚ ਕੀਤੇ ਗਏ ਵਾਅਦੇ ਦੌਰਾਨ ਉਹਨਾਂ ਵਿਧਾਇਕਾਂ ਨੂੰ ਮੰਤਰੀ ਪਦ ਦਿੱਤੇ ਗਏ ਜੋ ਪਹਿਲਾਂ ਹੀ ਭ੍ਰਿਸਟਾਚਾਰ ਦੇ ਕੇਸਾਂ ਵਿਚ ਘਿਰੇ ਹੋਏ ਹਨ। ਇਹ ਪ੍ਰਗਟਾਵਾ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਜਿਲ੍ਹਾ ਪ੍ਰਧਾਨ ਜਗਜੀਤ ਸਿੰਘ ਬਰਾੜ ਹਨੀ ਫੱਤਣਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਹਨੀ ਫੱਤਣਵਾਲਾ ਨੇ ਕਿਹਾ ਕਿ ਲੰਮਾ ਸਮਾਂ ਭ੍ਰਿਸਟਾਚਾਰ ਦੇ ਮਾਮਲਿਆਂ ’ਚ ਘਿਰੇ ਰਹੇ ਜਥੇਦਾਰ ਤੋਤਾ ਸਿੰਘ ਅਤੇ ਠੰਡਲ ਨੂੰ ਕੈਬਨਿਟ ਵਜੀਰੀਆਂ ਦੇਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਸਰਕਾਰ ਭ੍ਰਿਸਟਾਚਾਰ ਤੇ ਨੱਥ ਨਹੀਂ ਪਾਉਣਾ ਚਾਹੁੰਦੀ ਸਗੋ ਭ੍ਰਿਸਟਾਚਾਰੀਆਂ ਨੂੰ ਹੋਰ ਉਤਸ਼ਾਹਿਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਜਿਹੇ ਦਾਗੀ ਵਿਅਕਤੀਆਂ ਨੂੰ ਪੰਜਾਬ ਮੰਤਰੀ ਮੰਡਲ ਵਿਚ ਸ਼ਾਮਿਲ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਕਲੰਕਿਤ ਕੀਤਾ ਗਿਆ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਇੱਕ ਪਾਸੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਭਾਈਵਾਲ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਾਫ਼ ਸੁਥਰਾ ਪ੍ਰਸਾਸਨ ਦੇਣ ਅਤੇ ਭ੍ਰਿਸਟਾਚਾਰ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤਾਂ ਇਸ ਦੌਰਾਨ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਰਣਨੀਤੀ ਭ੍ਰਿਸਟਾਚਾਰ ਦੇ ਖਾਤਮੇ ਦੇ ਵਿਰੁੱਧ ਜਾਪਦੀ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਗਲਤ ਨੀਤੀਆਂ ਤੋਂ ਤੰਗ ਆ ਚੁੱਕੇ ਹਨ ਅਤੇ ਆਉਣ ਵਾਲੇ ਨਗਰ ਕੌਂਸਲ ਚੋਣਾਂ ਅਤੇ ਉਪਰੰਤ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹੱਕ ’ਚ ਨਹੀਂ ਭੁਗਤਣਗੇ। ਇਸ ਮੌਕੇ ਮਨਿੰਦਰ ਸਿੰਘ ਚੜੇਵਣ, ਕਰਮਜੀਤ ਸਿੰਘ ਕਰਮਾ, ਪ੍ਰੀਤਪਾਲ ਸਿੰਘ, ਅੰਗਰੇਜ ਸਿੰਘ, ਗੁਰਜਿੰਦਰ ਸਿੰਘ, ਇਕਬਾਲ ਸਿੰਘ ਆਦਿ ਹਾਜ਼ਰ ਸਨ।
ਦਾਗੀਆਂ ਨੂੰ ਮੰਤਰੀ ਬਣਾ ਕੇ ਬਾਦਲ ਨੇ ਅਕਾਲੀ ਦਲ ਦਾ ਇਤਿਹਾਸ ਕਲੰਕਿਤ ਕੀਤਾ – ਫੱਤਣਵਾਲਾ
This entry was posted in ਪੰਜਾਬ.