ਜਦ ਭਾਰਤ ਤੋਂ ਕੋਈ ਵਿਅਕਤੀ ਅਮਰੀਕਾ ਆਉਂਦਾ ਹੈ ਤਾਂ ਉਸ ਨੂੰ ਅਮਰੀਕਾ ਇਕ ਵੱਖਰੀ ਭਾਂਤ ਦੀ ਦੁਨੀਆਂ ਮਹਿਸੂਸ ਹੁੰਦੀ ਹੈ। ਹਵਾਈ ਅੱਡੇ ਤੋਂ ਉਤਰਦੇ ਸਾਰ ਸੜਕਾਂ ਉਪਰ ਤੇਜ਼ ਰਫ਼ਤਾਰ ਦੌੜਦੀਆਂ ਕਾਰਾਂ, ਬਹੁਤ ਵਧੀਆ ਸੜਕਾਂ, ਸੜਕਾਂ ਉਪਰ ਬਣੇ ਫਲਾਈ ਓਵਰ, ਬਿਨਾਂ ਹਾਰਨ ਵਜਾਏ ਚਲਦੀਆਂ ਕਾਰਾਂ ਤੇ ਟਰੱਕ ਟਰਾਲੇ, ਸਫ਼ਾਈ ਏਨੀ ਵਧੀਆ ਕਿ ਜਿੰਨਾਂ ਵੀ ਝੂਠ ਬੋਲਿਆ ਜਾਵੇ ਥੋੜਾ ਹੈ, ਨੂੰ ਵੇਖ ਕੇ ਅਜੀਬ ਜਿਹਾ ਮਹਿਸੂਸ ਹੁੰਦਾ ਹੈ। ਸੜਕਾਂ ਕੰਢੇ ਕੋਈ ਮਿੱਟੀ ਘੱਟਾ ਨਹੀਂ। ਸਭ ਪਾਸੇ ਹਰਿਆਵਲ ਹੀ ਹਰਿਆਵਲ। ਹਰ ਥਾਂ ਜਾਂ ਤਾਂ ਪੱਕੀ ਹੈ ਜਾਂ ਘਾਹ ਨਾਲ ਢੱਕੀ ਹੋਈ। ਬਿਜਲੀ ਪਾਣੀ ਚੌਵੀ ਘੰਟੇ। ਜੇ ਕਦੇ ਕੋਈ ਗਰਿਡ ਫ਼ੇਲ ਹੋਣ ਨਾਲ ਬਿਜਲੀ ਚਲੇ ਜਾਵੇ ਤਾਂ ਸਾਰੇ ਅਮਰੀਕਾ ਅੰਦਰ ਹਾਲ ਦੁਹਾਈ ਮੱਚ ਜਾਂਦੀ ਹੈ ਕਿਉਂਕਿ ਸਾਰਾ ਕੰਮ ਹੀ ਬਿਜਲੀ ਨਾਲ ਹੁੰਦਾ ਹੈ। ਹਰੇਕ ਮਕਾਨ, ਦੁਕਾਨ ,ਸਕੂਲ, ਕਾਲਜ਼, ਸਟੋਰ ਸਭ ਏਅਰ ਕੰਡੀਸ਼ਨ ਹਨ। ਅਤਿ ਦੀ ਗਰਮੀ ਸਰਦੀ ਹੋਣ ਦੇ ਬਾਵਜੂਦ ਵੀ ਤੁਸੀਂ ਸਰਦੀ ਗਰਮੀ ਤੋਂ ਬਚੇ ਰਹਿੰਦੇ ਹੋ ਕਿਉਂਕਿ ਕਾਰਾਂ ਵੀ ਏਅਰ ਕੰਡੀਸ਼ਨ ਹਨ ਤੇ ਬਾਕੀ ਥਾਵਾਂ ਵੀ। ਏਸੇ ਲਈ ਇੱਥੇ ਪਸੀਨਾ ਨਹੀਂ ਆਉਂਦਾ। ਤੁਹਾਡੇ ਕਪੜੇ ਕਈ ਕਈ ਵਾਰ ਪਾਉਣ’ਤੇ ਵੀ ਗੰਦੇ ਨਹੀਂ ਹੁੰਦੇ।
ਸਾਰੇ ਘਰ ਲਕੜ ਦੇ ਬਣੇ ਹੋਏ ਹਨ। ਹਰੇਕ ਕਮਰੇ ਵਿੱਚ ਕਾਰਪੈਟ ਵਿੱਛਿਆ ਹੁੰਦਾ ਹੈ। ਇਸ ਲਈ ਘਰ ਵੜ੍ਹਦਿਆਂ ਪਹਿਲਾਂ ਜੁਤੀ ਉਤਾਰਨੀ ਪੈਂਦੀ ਹੈ। ਹਨੇਰੀਆਂ ਆਉਂਦੀਆਂ ਹਨ ਪਰ ਉਹ ਸਾਡੇ ਘਰਾਂ ਵਾਂਗ ਮਿੱਟੀ ਘੱਟੇ ਨਾਲ ਘਰ ਨਹੀਂ ਭਰਦੀਆਂ ਕਿਉਂਕਿ ਮਿੱਟੀ ਘੱਟਾ ਇੱਥੇ ਹੈ ਹੀ ਨਹੀਂ। ਹਰੇਕ ਕਮਰੇ ਵਿੱਚ ਕੂੜਾਦਾਨ ਹੈ। ਇਨ੍ਹਾਂ ਦੀ ਵਰਤੋਂ ਸਾਰੇ ਕਰਦੇ ਹਨ। ਕਿਸੇ ਵੀ ਜਗ਼ਾਹ ਕੋਈ ਕਾਗਜ਼ ਦਾ ਟੁਕੜਾ ਡਿਗਿਆ ਹੋਇਆ ਨਹੀਂ ਮਿਲੇਗਾ। ਇਹੋ ਹਾਲ ਸਟੋਰਾਂ ਦਾ, ਦਫਤਰਾਂ, ਸਕੂਲਾਂ ਦਾ ਹੈ। ਸਭ ਥਾਈਂ ਕੂੜ੍ਹਾਦਾਨ ਹਨ ਜਿਨ੍ਹਾਂ ਵਿੱਚ ਕੂੜ੍ਹਾ ਪਾਇਆ ਜਾਂਦਾ ਹੈ। ਕੂੜ੍ਹੇਦਾਨਾਂ ਵਿੱਚ ਕੂੜਾ ਪਾਉਣ ਦੀ ਆਦਤ ਬੱਚਿਆਂ ਨੂੰ ਨਿੱਕੇ ਹੁੰਦਿਆਂ ਹੀ ਸਿਖਾ ਦਿਤੀ ਜਾਂਦੀ ਹੈ। ਕੱਚ, ਟੀਨ ਆਦਿ ਮੁੜ ਵਰਤੋਂ ਵਿੱਚ ਆਉਣ ਲਈ ਵਸਤੂਆਂ ਲਈ ਵੱਖਰੇ ਕੂੜ੍ਹਾਦਾਨ ਹੁੰਦੇ ਹਨ।
ਸਾਡੇ ਵਾਂਗ ਬਿਜਲੀ, ਪਾਣੀ, ਟੈਲੀਫ਼ੋਨ ਆਦਿ ਦੇ ਬਿਲ ਤਾਰਨ ਲਈ ਦਫਤਰਾਂ ਵਿੱਚ ਲਾਈਨਾਂ ਵਿੱਚ ਨਹੀਂ ਖਲੋਣਾ ਪੈਂਦਾ। ਘਰ ਬੈਠੇ ਹੀ ਇੰਟਰਨੈਟ ਜਾਂ ਡਾਕ ਰਾਹੀਂ ਬਿਲ ਤਾਰੇ ਜਾਂਦੇ ਹਨ। ਇੰਟਰਨੈਟ ਉਪਰ ਸਾਰਾ ਲੈਣ ਦੇਣ ਹੁੰਦਾ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਅਮਰੀਕੀ ਜੇਬ ਵਿੱਚ ਪੈਸਾ ਬਹੁਤ ਘੱਟ ਰਖਦੇ ਹਨ। ਸਾਰਾ ਲੈਣ ਦੇਣ ਕਰੈਡਿਟ ਕਾਰਡਾਂ ਰਾਹੀਂ ਹੁੰਦਾ ਹੈ। ਵੱਡੇ ਵੱਡੇ ਸਟੋਰ ਹਨ, ਜਿੱਥੇ ਘਰ ਦੀ ਤਕਰੀਬਨ ਹਰੇਕ ਚੀਜ਼ ਮਿਲ ਜਾਂਦੀ ਹੈ। ਕੋਈ ਵੀ ਖਰੀਦੀ ਚੀਜ਼ ਵਾਪਸ ਹੋ ਜਾਂਦੀ ਹੈ। ਜੇ ਕੋਈ ਨੁਕਸ ਹੈ ਤਾਂ ਤੁਸੀਂ ਫੌਰਨ ਪਹਿਲੀ ਚੀਜ਼ ਵਾਪਸ ਕਰਕੇ ਨਵੀਂ ਲੈ ਸਕਦੇ ਹੋ ਭਾਵੇਂ ਉਹ ਚੀਜ਼ ਵਰਤੀ ਵੀ ਕਿਉਂ ਨਾ ਹੋਵੇ।ਇਥੋਂ ਤੀਕ ਕਿ ਕਈ ਵਸਤੂਆਂ ਦੇ ਵਾਪਸ ਪੈਸੇ ਵੀ ਮਿਲ ਜਾਂਦੇ ਹਨ। ਭਾਰਤ ਵਾਂਗ ਇੱਥੇ ਖਪਤਕਾਰ ਅਦਾਲਤਾਂ ਵਿੱਚ ਜਾਣ ਦੀ ਲੋੜ ਹੀ ਨਹੀਂ ਪੈਂਦੀ। ਜ਼ਿਆਦਾ ਕੰਮ ਪ੍ਰਾਈਵੇਟ ਕੰਪਨੀਆਂ ਪਾਸ ਹਨ।
ਇੱਥੇ ਸਾਰਾ ਕੰਮ ਕਰਜ਼ੇ ਨਾਲ ਚਲ ਰਿਹਾ ਹੈ।ਇੱਥੇ ਹਰੇਕ ਵਿਅਕਤੀ ਕੋਲ ਸੋਸ਼ਲ ਸਿਕਿਓਰਟੀ ਨੰਬਰ ਹੁੰਦਾ ਹੈ। ਕਰਜ਼ਾ ਦੇਣ ਵਾਲਾ ਉਸ ਵਿਅਕਤੀ ਦੀ ਹਿਸਟਰੀ ਵੇਖ ਲੈਂਦਾ ਹੈ।ਜੇ ਤੁਸੀਂ ਪੈਸੇ ਵਾਪਸ ਕਰੀ ਜਾਵੋਗੇ ਤਾਂ ਤੁਹਾਨੂੰ ਹੋਰ ਜ਼ਿਆਦਾ ਕਰਜ਼ਾ ਮਿਲਦਾ ਜਾਵੇਗਾ। ਏਸੇ ਲਈ ਲੋਕੀਂ ਮਕਾਨ, ਕਾਰਾਂ ਤੇ ਹੋਰ ਵਸਤੂਆਂ ਕਰਜ਼ੇ ‘ਤੇ ਲੈਂਦੇ ਹਨ ਤੇ ਕਿਸ਼ਤਾਂ ਨਾਲ ਪੈਸੇ ਤਾਰਦੇ ਰਹਿੰਦੇ ਹਨ। ਤੁਸੀਂ ਪੈਸੇ ਮਾਰ ਕੇ ਜਾ ਨਹੀਂ ਸਕਦੇ ਕਿਉਂਕਿ ਕਰਜ਼ੇ ਤੋਂ ਬਗ਼ੈਰ ਤੁਹਾਡਾ ਗੁਜ਼ਾਰਾ ਨਹੀਂ। ਇਕ ਪੰਜਾਬੀ ਦਾ ਕਹਿਣਾ ਸੀ ਕਿ ਅਮਰੀਕਾ ਵਿੱਚ ਕਰੈਡਿਟ ਕਾਰਡਾਂ ਦੀ ਪੰਜਾਲੀ ਤੁਹਾਡੇ ਗਲ ਪੈ ਜਾਂਦੀ ਹੈ ਜੋ ਤੁਹਾਨੂੰ ਵਾਪਸ ਜਾਣ ਨਹੀਂ ਦਿੰਦੀ।
ਸਭ ਤੋਂ ਵਧੀਆ ਇਥੋਂ ਦੀ ਟਰੈਫਿਕ ਪ੍ਰਣਾਲੀ ਹੈ। ਤੁਸੀਂ ਹਾਈ ਵੇਅ ਤੇ ਸਾਰਾ ਅਮਰੀਕਾ ਘੁੰਮ ਲਉ, ਤੁਹਾਨੂੰ ਲਾਲ ਬੱਤੀ ਨਹੀਂ ਮਿਲੇਗੀ ਅਤੇ ਨਾ ਹੀ ਪੁਲੀਸ ਦਾ ਨਾਕਾ। ਹਾਈਵੇਅ ਵਿੱਚਕਾਰ ਡੀਵਾਈਡਰ ਹੈ ਤੇ ਸੜਕ ਦੇ ਦੂਜੇ ਪਾਸੇ ਜਾਣ ਲਈ ਫਲਾਈ ਓਵਰ ਹਨ।ਸਭ ਤੋਂ ਵੱਧੀਆ ਗੱਲ ਇਹ ਹੈ ਕਿ ਸੜਕਾਂ ਬਹੁਤ ਹੀ ਵਿਗਿਆਨਕ ਢੰਗ ਨਾਲ ਮਾਰਕ ਕੀਤੀਆਂ ਹਨ। ਦੂਰੋਂ ਹੀ ਖ਼ੱਬੇ, ਸੱਜੇ ਮੁੜਨ ਲਈ ਲੇਨਾਂ ਮਾਰਕ ਕੀਤੀਆਂ ਹਨ। ਸੜਕਾਂ ਤੇ ਨੰਬਰ ਲਾਏ ਹੋਏ ਹਨ ਤੇ ਐਗਜ਼ਿਟ(ਮੋੜਾਂ) ਦੇ ਵੀੇ ਨੰਬਰ ਹਨ। ਸੜਕਾਂ ਉਪਰ ਪਾਰਕਿੰਗ ਨਹੀਂ ਹੁੰਦੀ। ਹਰੇਕ ਸੜਕ ਦੇ ਪਾਸੇ ਪੀਲੀ ਲਾਈਨ ਲਾਕੇ ਪਾਰਕਿੰਗ ਬਣਾਈ ਹੋਈ ਹੈ ਤਾਂ ਜੋ ਖੜ੍ਹੀ ਗੱਡੀ ਵਿੱਚ ਕੋਈ ਗੱਡੀ ਨਾ ਵਜੇ ਜਿਵੇਂ ਕਿ ਭਾਰਤ ਵਿੱਚ ਹੋ ਰਿਹਾ ਹੈ।ਹਰੇਕ ਵਿਅਕਤੀ ਕੋਲ ਕਾਰ ਹੈ। ਕਾਰ ਬਿਨਾਂ ਅਮਰੀਕੀ ਅੰਗਹੀਣ ਹੈ। ਬੱਸਾਂ ਤੇ ਗਡੀਆਂ ਵਿੱਚ ਬਹੁਤ ਘੱਟ ਲੋਕ ਸਫ਼ਰ ਕਰਦੇ ਹਨ।ਲੰਮੇਂ ਸਫ਼ਰ ਲਈ ਵੀ ਕਾਰਾਂ ਹੀ ਵਰਤੀਆਂ ਜਾਂਦੀਆਂ ਹਨ।ਕਿਰਾਏ ‘ਤੇ ਗੱਡੀਆਂ ਦੀ ਬਹੁਤ ਵਧੀਆ ਸਹੂਲਤ ਹੈ। ਤੁਸੀਂ ਨਵੀਂ ਗੱਡੀ ਥੋੜੇ ਜਿਹੇ ਕਿਰਾਏ ‘ਤੇ ਦੂਰ ਦੇ ਸਫ਼ਰ ਲਈ ਖੜ੍ਹ ਸਕਦੇ ਹੋ। ਹਵਾਈ ਅੱਡੇ ਤੋਂ ਘਰ ਜਾਣ ਲਈ ਜਾਂ ਘਰੋਂ ਕਿਤੇ ਵੀ ਜਾਣ ਲਈ ਕਾਰ ਕਿਰਾਏ ਤੇ ਲਉ ਤੇ ਜਿੱਥੇ ਪਹੁੰਚਣਾ ਹੈ, ਉੱਥੇ ਜਮ੍ਹਾਂ ਕਰਵਾ ਦਿਉ। ਤੁਹਾਨੂੰ ਵਾਪਸ ਉਸੇ ਥਾਂ ਤੇ ਕਾਰ ਜਮ੍ਹਾਂ ਕਰਾਉਣ ਦੀ ਜ਼ਰੂਰਤ ਨਹੀਂ।ਸੜਕਾਂ ਕੰਢੇ ਆਰਾਮ ਕਰਨ ਲਈ, ਖਾਣ ਪੀਣ ਲਈ, ਪੈਟਰੋਲ ਪਾਉਣ ਲਈ ਸੜਕਾਂ ਤੋਂ ਹਟਵੀਆਂ ਜਗਾਹ ਬਣੀਆ ਹੋਈਆਂ ਹਨ।ਹਾਰਨ ਮਾਰਨਾ ਗ਼ਾਲ ਕੱਢਣਾ ਸਮਝਿਆ ਜਾਂਦਾ ਹੈ।
ਟਰੈਫਿਕ ਨਿਯਮ ਬੜੇ ਸਖ਼ਤੀ ਨਾਲ ਲਾਗੂ ਹਨ। ਚਲਾਣ ਹੋ ਜਾਵੇ ਤਾਂ ਇਸ ਨੂੰ ਬਹੁਤ ਮਾੜਾ ਗਿਣਿਆ ਜਾਂਦਾ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣਾ ਤਾਂ ਬਹੁਤ ਹੀ ਵੱਡਾ ਅਪਰਾਧ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਸ਼ਰਾਬੀਆਂ ਨੂੰ ਜਾਂ ਤਾਂ ਘਰ ਵਾਲੀਆਂ ਖੜਦੀਆਂ ਹਨ ਜਾਂ ਕੋਈ ਹੋਰ। ਜੇ ਲਾਈਸੈਂਸ ਕੈਂਸਲ ਹੋ ਜਾਵੇ ਤਾਂ ਤੁਸੀ ਸਮਝੋ ਅੰਗਹੀਣ ਹੋ। ਕਿਤੇ ਜਾ ਆ ਨਹੀਂ ਸਕਦੇ। ਸੜਕਾਂ ਉਪਰ ਸਿਰਫ਼ ਕਾਰਾਂ, ਟਰੱਕ, ਮੋਟਰਸਾਈਕਲ ਹੀ ਹਨ। ਟਰੈਕਟਰਾਂ ਨੂੰ ਟਰੱਕਾਂ ਵਿੱਚ ਲੱਦ ਕੇ ਖੜ੍ਹਿਆ ਜਾਂਦਾ ਹੈ। ਸਾਰੇ ਅਮਰੀਕਾ ਦਾ ਨਕਸ਼ਾ ਇੰਟਰਨੈਟ ਉਪਰ ਹੈ। ਤੁਸੀਂ ਜਿੱਥੇ ਵੀ ਜਾਣਾ ਹੈ, ਜੀ ਪੀ ਐੱਸ ਦੀ ਸਹਾਇਤਾ ਨਾਲ ਆਸਾਨੀ ਨਾਲ ਜਾ ਸਕਦੇ ਹੋ।ਹੁਣ ਤਾਂ ਮੋਬਾਇਲ ਉਪਰ ਹੀ ਹੁਣ ਹੀ ਇਹ ਪ੍ਰਣਾਲੀ ਆ ਗਈ ਹੈ। ਸਿੱਧੇ ਜਾਣਾ ਹੈ,ਖਬੇ, ਸਜੇ ਮੁੜਨਾ ਹੈ ਤੁਹਾਨੂੰ ਨਾਲ ਹੀ ਦਸਿਆ ਜਾਂਦਾ ਹੈ। ਏਸੇ ਤਰ੍ਹਾਂ ਖ਼ਰਾਬ ਮੌਸਮ ਦੀ ਜਾਣਕਾਰੀ ਰੇਡੀਓ ਅਤੇ ਕਈ ਵਾਰ ਰਸਤੇ ਵਿੱਚ ਪੀਲੀਆਂ ਲਾਈਟਾਂ ਲਾਕੇ ਦੱਸੀ ਜਾਂਦੀ ਹੈ।ਵੈਸੇ ਵੀ ਤੁਸੀ ਰਸਤੇ ਦਾ ਮੌਸਮ ਇੰਟਰਨੈਟ ਉਪਰ ਵੇਖ ਸਕਦੇ ਹੋ। ਸਪੀਡ ਨੂੰ ਚੈਕ ਕਰਨ ਲਈ ਅਕਸਰ ਸੜਕਾਂ ਕੰਢੇ ਲੁਕਵੀਆਂ ਥਾਵਾਂ ਉਪਰ ਟਰੈਫਿਕ ਪੁਲੀਸ ਵਾਲੇ ਕਾਰਾਂ ਵਿਚ ਖੜ੍ਹੇ ਹੁੰਦੇ ਹਨ ਤੇ ਜਿਹੜਾ ਉਨ੍ਹਾਂ ਦੇ ਕਾਬੂ ਆਉਂਦਾ ਹੈ, ਉਸ ਦਾ ਉਹ ਲਿਹਾਜ਼ ਨਹੀਂ ਕਰਦੇ।ਡਰਾਈਵਿੰਗ ਲਾਈਸੈਂਸ ਬਨਾਉਣ ਲਈ ਪਹਿਲਾਂ ਲਿਖ਼ਤੀ ਪ੍ਰੀਖ਼ਿਆ ਹੁੰਦੀ ਹੈ ਤੇ ਇਸ ਦੇ ਪਾਸ ਕਰਨ ਪਿੱਛੋਂ ਹੀ ਡਰਾਈਵਿੰਗ ਟੈਸਟ ਹੁੰਦਾ ਹੈ ਜੋ ਕਿ ਬਹੁਤ ਹੀ ਸਖ਼ਤ ਹੁੰਦਾ ਹੈ।ਅਗ਼ਲੀ ਸੀਟ ਉਪਰ ਬੱਚੇ ਬਿਠਾਉਣ ਦੀ ਮਨਾਹੀ ਹੈ।ਪਿਛਲੀ ਸੀਟ ‘ਤੇ ਵੀ ਬੈਲਟ ਲਾਉਂਣੀ ਪੈਂਦੀ ਹੈ।
ਪੁਲੀਸ ਪ੍ਰਬੰਧ ਬਹੁਤ ਹੀ ਚੰਗਾ ਹੈ। ਏਨਾ ਚੰਗਾ ਕਿ ਜਿੰਨਾ ਸਾਡਾ ਬੁਰਾ। ਤੁਹਾਨੂੰ ਕੋਈ ਔਕੜ ਹੈ ਤਾਂ ਤੁਸੀ ਪੁਲੀਸ ਨੂੰ 911 ਨੰਬਰ ‘ਤੇ ਫੋਨ ਕਰੋ, ਉਹ ਤੁਹਾਡੀ ਸੇਵਾ ਲਈ ਉਸੇ ਸਮੇਂ ਪਹੁੰਚ ਜਾਣਗੇ ਤੇ ਤੁਹਾਡੀ ਹਰ ਤਰ੍ਹਾਂ ਦੀ ਸਹਾਇਤਾ ਕਰਨਗੇ।ਜੇ ਟਰੈਫਿਕ ਕਰਮਚਾਰੀ ਤੁਹਾਡਾ ਚਲਾਣ ਕਰੇਗਾ ਤਾਂ ਵੀ ਉਹ ਤੁਹਾਨੂੰ ‘ਸਰ’ ਕਹਿ ਕੇ ਬੁਲਾਏਗਾ। ਇਕ ਪੰਜਾਬੀ ਬਜ਼ੁਰਗ ਦਾ ਚਲਾਨ ਹੋ ਗਿਆ। ਉਹ ਏਨੇ ਨਾਲ ਬੜਾ ਖ਼ੁਸ਼ ਸੀ ਕਿ ਪੁਲਿਸ ਕਰਮਚਾਰੀ ਉਸ ਨੂੰ ‘ਸਰ’ ਕਹਿ ਬੁਲਾਉਂਦਾ ਸੀ। ਇੱਥੇ ਬੇ-ਵਜਾ ਪੁਲੀਸ ਤੰਗ ਨਹੀਂ ਕਰਦੀ। ਸੜਕਾਂ ਉਪਰ ਟਰੱਕਾਂ ਦੇ ਭਾਰ ਨੂੰ ਚੈੱਕ ਕਰਨ ਲਈ ਖਾਸ ਥਾਵਾਂ ਹਨ ਤੇ ਜੇ ਸਿਗਨਲ ਹੋਵੇ ਤਾਂ ਹੀ ਟਰੱਕਾਂ ਵਾਲੇ ਉਧਰ ਨੂੰ ਜਾਂਦੇ ਹਨ।ਰਿਸ਼ਵਤ ਖੋਰੀ ਬਿਲਕੁਲ ਨਹੀਂ।ਸਟਾਪ ਦਾ ਅਰਥ ਸਟਾਪ ਹੈ। ਜੇ ਵਨ ਵੇਅ ਹੈ ਤਾਂ ਇਸ ਦਾ ਮਤਲਬ ਵੀ ਵਨ ਵੇ ਹੈ।ਤੁਸੀ ਕਿਸੇ ਨਿਯਮ ਦੀ ਉਲੰਘਣਾ ਕੀਤੀ ਨਹੀਂ ਤੇ ਤੁਹਾਡਾ ਚਲਾਣ ਹੋਇਆ ਨਹੀਂ।ਇੱਥੇ ਮੁੰਡੇ ਕੁੜੀਆਂ ਇਕਠੇ ਤੁਰੇ ਫਿਰਦੇ ਹਨ, ਪੁਲੀਸ ਉਨ੍ਹਾਂ ਦੀ ਕੋਈ ਪੁੱਛ ਗਿਛ ਨਹੀਂ ਕਰਦੀ। ਹਾਂ ਜੇ ਕੋਈ ਕਿਸੇ ਨੂੰ ਨਜ਼ਾਇਜ਼ ਤੰਗ ਕਰਦਾ ਹੈ ਤੇ ਜੇ ਉਸ ਨੇ ਸ਼ਿਕਾਇਤ ਕਰ ਦਿਤੀ ਤਾਂ ਉਸ ਦੀ ਖ਼ੈਰ ਨਹੀਂ।ਇੱਥੇ 17 ਸਾਲ ਤੋਂ ਘੱਟ ਉਮਰ ਦਾ ਵਿਅਕਤੀ ਸ਼ਰਾਬ ਨਹੀਂ ਪੀ ਸਕਦਾ ਤੇ 21 ਸਾਲ ਤੋਂ ਘੱਟ ਵਿਅਕਤੀ ਸ਼ਰਾਬ ਖਰੀਦ ਨਹੀਂ ਸਕਦਾ।
ਪੁਲੀਸ ਵਾਲੇ ਸੜਕਾਂ ਉਪਰ ਕਾਰਾਂ ਵਿੱਚ ਘੁੰਮਦੇ ਰਹਿੰਦੇ ਹਨ ਤੇ ਤੁਹਾਡੀ ਸਹਾਇਤਾ ਲਈ ਤਿਆਰ ਰਹਿੰਦੇ ਹਨ।ਜੇ ਤੁਹਾਡੀ ਗੱਡੀ ਖਰਾਬ ਹੋ ਗਈ ਹੈ ਤਾਂ ਪੁਲੀਸ ਵਾਲੇ ਪੁੱਛਣਗੇ, ‘ਕੀ ਮੈਂ ਤੁਹਾਡੀ ਮਦਦ ਕਰ ਸਕਦਾ ਹਾਂ?ਇੱਥੇ ਹਰ ਅਮਰੀਕੀ ਦਾ ਗੱਲ ਕਰਨ ਦਾ ਲਹਿਜ਼ਾ ਬਹੁਤ ਵਧੀਆ ਹੈ। ਤੁਸੀ ਪੈਦਲ ਜਾ ਰਹੇ ਹੋ, ਤੁਹਾਨੂੰ ਮੁਸਕਰਾ ਕੇ ‘ਹਾਇ’ ਕਹਿਣਗੇ।ਇਹੋ ਜਿਹਾ ਵਤੀਰਾ ਪੁਲੀਸ ਕਰਮਚਾਰੀਆਂ ਦਾ ਵੀ ਹੈ।
ਇੱਥੇ ਹਰੇਕ ਵਿਅਕਤੀ ਨੂੰ ਕੋਈ ਨਾ ਕੋਈ ਕੰਮ ਮਿਲ ਜਾਂਦਾ ਹੈ।ਦੁੱਧ, ਮੀਟ, ਫ਼ਲ ਬਹੁਤ ਸਸਤੇ ਅਤੇ ਮਿਆਰੀ ਹਨ।ਸਾਰੇ ਫ਼ਲ ਸਾਰਾ ਸਾਲ ਮਿਲਦੇ ਹਨ।ਇੱਥੇ ਇਲਾਜ ਬਹੁਤ ਮਹਿੰਗਾ ਹੈ ਤੇ ਬੀਮੇ ਦੇ ਸਿਰ ‘ਤੇ ਲੋਕ ਆਪਣਾ ਇਲਾਜ਼ ਕਰਵਾਉਂਦੇ ਹਨ।65 ਸਾਲ ਦੀ ਉਮਰ ਤੋਂ ਬਾਅਦ ਇਲਾਜ਼ ਮੁਫ਼ਤ ਹੈ। ਅੰਗਹੀਣਾਂ ਦੇ ਇਲਾਜ ਦਾ ਖ਼ਰਚਾ ਸਰਕਾਰ ਝਲਦੀ ਹੈ।ਪਰ ਇੱਥੇ ਸਭ ਤੋਂ ਵਧੀਆ ਗੱਲ ਇਹ ਹੈ ਕਿ ਐਮਰਜੈਂਸੀ ਵੇਲੇ ਹਰੇਕ ਵਿਅਕਤੀ ਦਾ ਇਲਾਜ਼ ਕਰਨਾ ਹਸਪਤਾਲਾਂ ਦੀ ਕਾਨੂੰਨੀ ਜ਼ੁਮੇਵਾਰੀ ਹੈ। ਖ਼ਰਚਾ ਕੌਣ ਦੇਵੇਗਾ, ਇਸ ਦਾ ਫੈਸਲਾ ਬਾਅਦ ਵਿੱਚ ਹੁੰਦਾ ਹੈ।ਮਨੁੱਖੀ ਜ਼ਾਨ ਬਹੁਤ ਕੀਮਤੀ ਹੈ ਇਸ ਲਈ ਉਸ ਨੂੰ ਬਚਾਉਣਾ ਡਾਕਟਰਾਂ ਦਾ ਪਹਿਲਾਂ ਫਰਜ਼ ਹੈ।ਤੁਸੀਂ ਹਸਪਤਾਲ ਨੂੰ ਫੋਨ ਕਰੋ ,ਫੌਰਨ ਐਮਬੂਲੈਂਸ ਆ ਜਾਵੇਗੀ।ਮਰੀਜ਼ ਦਾ ਫੌਰਨ ਇਲਾਜ ਸ਼ੁਰੂ ਹੋ ਜਾਵੇਗਾ। ਮਰੀਜ਼ ਦੀ ਸਾਂਭ ਸੰਭਾਲ ਦੀ ਜ਼ਿੰਮੇਦਾਰੀ ਹਸਪਤਾਲ ਦੀ ਹੈ।ਇੱਥੇ ਜਦ ਫਾਇਰ ਬਰਗੇਡ ਸੜਕ ਤੋਂ ਲੰਘਦੀ ਹੈ ਤਾਂ ਲੋਕ ਕਾਰਾਂ ਨੂੰ ਇਕ ਪਾਸੇ ਖੜਾ ਕਰ ਲੈਂਦੇ ਹਨ।ਜੇ ਕਦੇ ਸੜਕ ਉਪਰ ਕਿਸੇ ਗੱਡੀ ਨੂੰ ਅੱਗ ਲੱਗ ਜਾਵੇ ਤਾਂ ਓਨੀ ਦੇਰ ਤਕ ਟਰੈਫਿਕ ਰੁਕੀ ਰਹਿੰਦੀ ਹੈ, ਜਿੰਨੀ ਦੇਰ ਤੀਕ ਫਾਇਰਬਰਗੇਡ ਵਾਲੇ ਉਸ ਦੀ ਅੱਗ ਨਾ ਬੁਝਾ ਦੇਣ।
ਇੱਥੇ ਬੱਚਿਆਂ ਨੂੰ ਪੂਰਨ ਆਜ਼ਾਦੀ ਹੈ। ਬੱਚੇ ਨੂੰ ਮਾਰਕੁਟਾਈ ਕਰਨ ’ਤੇ ਕਾਨੂੰਨੀ ਤੌਰ ‘ਤੇ ਮਨਾਹੀ ਹੈ। ਮੁੰਡੇ-ਕੁੜੀ ਦਾ ਹੱਥ ਵਿੱਚ ਹੱਥ ਪਾ ਕੇ ਚਲਣਾ ਸਭਿਆ ਹੈ ਪਰ ਮੁੰਡੇ ਦਾ ਮੁੰਡੇ ਨਾਲ ਅਤੇ ਕੁੜੀ ਦਾ ਕੁੜੀ ਨਾਲ ਹੱਥ ਪਾਕੇ ਚਲਣਾ ਅਸਭਿਆ ਹੈ।ਮੁੰਡਾ ਕੁੜੀ ਕੀ ਕਰ ਰਹੇ ਹਨ, ਵੱਲ ਕੋਈ ਧਿਆਨ ਨਹੀਂ ਦੇਂਦਾ।ਹਰ ਕੋਈ ਆਪਣੇ ਕੰਮ ਵਿਚ ਮਸਤ ਹੈ।ਇਹੋ ਕਾਰਨ ਹੈ ਕਿ ਕਾਲਜ਼ਾਂ ,ਪਾਰਕਾਂ,ਸਵਿਮਿੰਗ ਪੂਲਜ਼,ਬੀਚ ‘ਚ ਮੁੰਡੇ ਕੁੜੀਆਂ ਨੂੰ ਮੌਜ਼ ਮਸਤੀ ਕਰਦੇ ਵੇਖ਼ ਸਕਦੇ ਹੋ।17 ਸਾਲ ਦੇ ਬੱਚੇ ਨੂੰ ਅਮਰੀਕੀ ਕਮਾਈ ਕਰਕੇ ਖਾਣ ਲਈ ਕਹਿੰਦੇ ਹਨ ਤੇ ਇਸ ਉਮਰ ਵਿਚ ਉਹ ਮਾਪਿਆਂ ਨਾਲੋਂ ਵੱਖਰੇ ਰਹਿਣ ਲਗਦੇ ਹਨ।ਮੁੰਡੇ ਕੁੜੀਆਂ ਇਕੱਠੇ ਰਹਿੰਦੇ ਹਨ ਤੇ ਕਈ ਵਾਰ ਲੜਕੀਆਂ ਅਣ-ਵਿਆਹੀਆਂ ਮਾਵਾਂ ਬਣ ਜਾਂਦੀਆਂ ਹਨ।ਅਮਰੀਕੀ ਬੱਚੇ ਅਤੇ ਮਾਂ ਪਿਉ ਵਖੋ ਵਖਰੇ ਰਹਿੰਦੇ ਹਨ। ਦਾਜ ਦੇਣ ਲੈਣ ਦਾ ਇੱਥੇ ਕੋਈ ਰਿਵਾਜ ਨਹੀਂ।ਪ੍ਰੇਮ ਵਿਆਹ ਆਮ ਹਨ। ਮਾਂ ਬਾਪ ਦਾ ਕੋਈ ਦਖ਼ਲ ਨਹੀਂ। ਇਹੋ ਕਾਰਨ ਹੈ ਕਿ ਸਿਖਾਂ ਦੀਆਂ ਕੁੜੀਆਂ ਅਮਰੀਕੀ ਗੋਰਿਆਂ, ਅਮਰੀਕੀ ਕਾਲਿਆਂ, ਹਿੰਦੂਆਂ ਤੇ ਮੁਸਲਮਾਨ ਮੁੰਡਿਆਂ ਨਾਲ ਵਿਆਹ ਕਰਵਾ ਰਹੀਆਂ ਹਨ। ਇਹੋ ਹਾਲ ਮੁੰਡਿਆਂ ਦਾ ਹੈ।ਗੋਰੀਆਂ ਕੁੜੀਆਂ ਕਾਲੇ ਅਮਰੀਕੀਆਂ ਨਾਲ ਤੇ ਕਾਲੀਆਂ ਕੁੜੀਆਂ ਗੋਰੇ ਮੁੰਡਿਆਂ ਨਾਲ ਆਮ ਵੇਖ਼ੀਆਂ ਜਾ ਸਕਦੀਆਂ ਹਨ।ਤਲਾਕ ਲੈਣੇ ਆਮ ਹਨ ਪਰ ਹੈਰਾਨੀ ਵਾਲੀ ਗਲ ਹੈ ਕਿ ਤਲਾਕ ਲੈਣ ਪਿੱਛੋਂ ਵੀ ਉਹ ਮਿਲਵਰਤਨ ਜ਼ਾਰੀ ਰਖਦੇ ਹਨ ਤੇ ਖ਼ੁਸ਼ੀ ਗ਼ਮੀ ਵਿਚ ਸ਼ਾਮਲ ਹੁੰਦੇ ਹਨ ਕਿਉਂਕਿ ਉਹ ਤਲਾਕ ਨੂੰ ਸਮਾਜਿਕ ਬੁਰਿਆਈ ਨਹੀਂ ਸਮਝਦੇ।
ਹਰੇਕ ਕਲੋਨੀ ਦਾ ਪ੍ਰਬੰਧ ਉਸ ਵਿੱਚ ਰਹਿਣ ਵਾਲਿਆਂ ਨੂੰ ਕਰਨਾ ਪੈਂਦਾ ਹੈ।ਸੜਕਾਂ ਠੀਕ ਕਰਨੀਆਂ, ਸਟਰੀਟ ਲਾਈਟ ਤੇ ਹੋਰ ਸਹੂਲਤਾਂ ਦਾ ਪ੍ਰਬੰਧ ਉਨ੍ਹਾਂ ਨੂੰ ਆਪ ਕਰਨਾ ਪੈਂਦਾ ਹੈ।ਹਰੇਕ ਕਲੋਨੀ ਵਿੱਚ ਬੱਚਿਆਂ ਦੇ ਖੇਡਣ ਲਈ ਗਰਾਊਂਡ, ਨਹਾਉਣ ਲਈ ਸਵਿਮਿੰਗ ਪੂਲ ਹੈ। ਛੋਟੇ ਛੋਟੇ ਬੱਚਿਆਂ ਨੂੰ ਤਲਾਅ ਵਿੱਚ ਨਹਾਉਣ ਦੀ ਆਦਤ ਪਾਈ ਜਾਂਦੀ ਹੈ। ਮੁੰਡੇ ਕੁੜੀਆਂ ਇਕੋ ਥਾਂ ਤੇ ਨਹਾਉਂਦੇ ਹਨ ।ਇਹੋ ਕਾਰਨ ਹੈ ਕਿ ਉਨ੍ਹਾਂ ਦਾ ਝਾਕਾ ਖ਼ੁੱਲ ਜਾਂਦਾ ਹੈ। ਗਰਮੀਆਂ ਵਿੱਚ ਨੰਗੇ ਪਿੰਡੇ ਧੁਪ ਸੇਕਣ ਦਾ ਰਿਵਾਜ਼ ਹੈ। ਸ਼ਾਇਦ ਗੋਰੀਆਂ ਕੁੜੀਆਂ ਆਪਣੇ ਹੁਸਨ ਨੂੰ ਹੋਰ ਨਿਖ਼ਾਰਨ ਅਤੇ ਇਸ ਵਿੱਚ ਲਾਲੀ ਭਰਨ ਲਈ ਅਜਿਹਾ ਕਰਦੀਆਂ ਹਨ।ਹਰੇਕ ਕਲੋਨੀ ਦੇ ਨਾਲ ਕੁਝ ਜਗਾਹ ਵਿਚ ਜੰਗਲ ਹੈ।ਇੱਥੇ ਜੰਗਲਾਂ ਲਈ ਜਗ਼ਾਹ ਰਾਖਵੀਂ ਰਖੀ ਗਈ ਹੈ ਤਾਂ ਜੋ ਅਮਰੀਕਾ ਨੂੰ ਹਰਿਆ ਭਰਿਆ ਰਖਿਆ ਜਾ ਸਕੇ।
ਵੱਡੇ ਵੱਡੇ ਸ਼ਹਿਰਾਂ ਵਿੱਚ ਬਹੁਤ ਹੀ ਜ਼ਿਆਦਾ ਮੰਜ਼ਲਾਂ ਵਾਲੀਆਂ ਇਮਾਰਤਾਂ ਹਨ। ਹਰੇਕ ਸ਼ਹਿਰ ਵਿੱਚ ਮਨੋਰੰਜਨ ਦੇ ਸਾਧਨ ਹਨ। ਅਜ਼ਾਇਬਘਰ, ਚਿੜੀਆਘਰ, ਪਾਣੀ ਵਾਲੇ ਜਾਨਵਰ ਘਰ(ਅਕਵੇਰੀਅਮ), ਪਲਾਨੀਟੋਰੀਅਮ ਆਦਿ ਆਮ ਹਨ। ਦਰਿਆਵਾਂ, ਝੀਲਾਂ,ਸਮੁੰਦਰਾਂ ਕੰਢੇ ਮਨੋਰੰਜਨ ਦੇ ਸਾਧਨ ਬਣਾਏ ਗਏ ਹਨ।ਅਮਰੀਕੀ ਲੋਕ ਕੁਦਰਤ ਦੀ ਇਸ ਨਿਆਮਤ ਦਾ ਖੂਬ ਆਨੰਦ ਮਾਣਦੇ ਹਨ।ਇਹੋ ਕਾਰਨ ਹੈ ਕਿ ਛੁੱਟੀਆਂ ਵਿੱਚ ਬੀਚ ਲੋਕਾਂ ਨਾਲ ਭਰੇ ਹੁੰਦੇ ਹਨ।
ਪੜ੍ਹਾਈ ਦਾ ਪ੍ਰਬੰਧ ਬਹੁਤ ਹੀ ਵਧੀਆ ਹੈ।ਹਰੇਕ ਇਲਾਕੇ ਦਾ ਆਪਣਾ ਸਕੂਲ ਹੈ, ਜਿਸ ਦਾ ਪ੍ਰਬੰਧ ਉਸ ਇਲਾਕੇ ਦੇ ਲੋਕਾਂ ਵਲੋਂ ਚੁਣੇ ਹੋਏ ਨੁਮਾਇੰਦੇ ਕਰਦੇ ਹਨ।ਉਹੋ ਅਧਿਆਪਕ ਰਖਦੇ ਹਨ। ਅਧਿਆਪਕ ਦੀ ਬਦਲੀ ਨਹੀਂ ਹੋ ਸਕਦੀ ।ਸਰਕਾਰ ਦਾ ਕੋਈ ਦਖਲ ਨਹੀਂ।ਸਕੂਲ ਬਾਰਵੀਂ ਤਕ ਹਨ ਤੇ ਇਨ੍ਹਾਂ ਨੂੰ ਹਾਈ ਸਕੂਲ ਕਹਿੰਦੇ ਹਨ। ਇੱਥੇ ਪੜ੍ਹਾਈ ਮੁਫਤ ਹੁੰਦੀ ਹੈ।ਪਰ ਜੇ ਇਕ ਇਲਾਕੇ ਦਾ ਬੱਚਾ ਦੂਜੇ ਇਲਾਕੇ ਦੇ ਸਕੂਲ ਵਿੱਚ ਪੜ੍ਹਨਾ ਚਾਹੇ ਤਾਂ ਫਿਰ ਫੀਸ ਲਗਦੀ ਹੈ ਜੋ ਬਹੁਤ ਜ਼ਿਆਦਾ ਹੈ।ਇਸ ਲਈ ਹਰੇਕ ਆਪਣੇ ਇਲਾਕੇ ਦੇ ਸਕੂਲ ਵਿਚ ਹੀ ਬੱਚੇ ਨੂੰ ਪੜਾਈ ਕਰਾਉਣ ਨੂੰ ਪਹਿਲ ਦਿੰਦਾ ਹੈ।ਯੂਨੀਵਰਸਿਟੀ ਵਿਦਿਆ ਮਹਿੰਗੀ ਹੈ। ਦੂਜੇ ਸੂਬਿਆਂ ਅਤੇ ਵਿਦੇਸ਼ੀਆਂ ਪਾਸੋਂ ਆਊਟ ਆਫ਼ ਸਟੇਟ ਫ਼ੀਸ ਲਈ ਜਾਂਦੀ ਹੈ।ਇਸ ਦਾ ਕਾਰਨ ਇਹ ਹੈ ਕਿ ਇਲਾਕੇ ਵਾਲੇ ਸਥਾਨਕ ਟੈਕਸ ਦਿੰਦੇ ਹਨ।ਯੂਨੀਵਰਸਿਟੀ ਵਿੱਚ ਪੜ੍ਹਾਈ ਘੰਟਿਆਂ ਦੇ ਹਿਸਾਬ ਨਾਲ ਹੁੰਦੀ ਹੈ। ਜਿਨ੍ਹਾਂ ਜ਼ਿਆਦਾ ਪੜ੍ਹੋ ਉਨੀ ਜ਼ਿਆਦਾ ਫ਼ੀਸ।ਤੁਸੀ ਬਹੁਤੇ ਕੋਰਸ ਲੈ ਕੇ ਪੜ੍ਹਾਈ ਛੇਤੀ ਪੂਰੀ ਕਰ ਸਕਦੇ ਹੋ ਤੇ ਥੋੜੇ ਕੋਰਸ ਲੈ ਕੇ ਜ਼ਿਆਦਾ ਸਮਾਂ ਵੀ ਲਗਾ ਸਕਦੇ ਹੋ। ਇਹੋ ਕਾਰਨ ਹੈ ਕਈ ਬੱਚੇ ਬੀ.ਟੈਕ, ਬੀ.ਐਸ-ਸੀ. ਜਿਸ ਨੂੰ ਇੱਥੇ ਬੀ.ਐਸ. ਕਹਿੰਦੇ ਹਨ,ਚਾਰ ਸਾਲਾਂ ਦੀ ਥਾਂ ਤੇ ਤਿੰਨ ਸਾਲ ਵਿੱਚ ਕਰ ਜਾਂਦੇ ਹਨ ਤੇ ਕਈ ਸਤ ਸਾਲ ਲਾਉਂਦੇ ਹਨ।ਕਹਿਣ ਦਾ ਭਾਵ ਇੱਥੇ ਲਚਕਤਾ ਹੈ। ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਲੋੜਾਂ ਮੁਤਾਬਕ ਸਹੂਲਤਾਂ ਹਨ।ਵਿਦਿਆਰਥੀ ਪੜ੍ਹਾਈ ਦੇ ਨਾਲ ਕੰਮ ਕਰਦੇ ਹਨ।ਜਿਹੜਾ ਪ੍ਰੋਫੈਸਰ ਪੜ੍ਹਾਉਂਦਾ ਹੈ ਉਹੋ ਹੀ ਪ੍ਰੀਖਿਆ ਲੈਂਦਾ ਹੈ। ਬਾਹਰਲਾ ਕੋਈ ਪ੍ਰੀਖਿਅਕ ਨਹੀਂ।ਅਧਿਆਪਕਾਂ ਦੀ ਕਾਰਗੁਜਾਰੀ ਬਾਰੇ ਵਿਦਿਆਰਥੀਆਂ ਤੋਂ ਲਿਖਤੀ ਪੁੱਛਿਆ ਜਾਂਦਾ ਹੈ। ਯੂਨੀਵਰਸਿਟੀਆਂ ਵੱਡੀ ਪੱਧਰ ਤੇ ਆਪਣੇ ਫੰਡਾਂ ਦਾ ਪ੍ਰਬੰਧ ਆਪ ਕਰਦੀਆਂ ਹਨ। ਉਹ ਖੋਜਾਂ ਦੇ ਪ੍ਰੋਜੈਕਟ ਲਿਆਉਂਦੀਆਂ ਹਨ ਤੇ ਉੱਥੋਂ ਉਨ੍ਹਾਂ ਨੂੰ ਕਮਾਈ ਹੁੰਦੀ ਹੈ। ਇਹੋ ਕਾਰਨ ਹੈ ਕਿ ਦੁਨੀਆਂ ਦੀਆਂ ਖੋਜਾਂ ਵਿੱਚ ਮੱਲਾਂ ਮਾਰਨ ਵਾਲੀਆਂ ਪਹਿਲੀਆਂ 17 ਯੂਨੀਵਰਸਿਟੀਆਂ ਅਮਰੀਕਾ ਦੀਆਂ ਹਨ।
ਅਮਰੀਕਾ ਦੀ ਤਰੱਕੀ ਦਾ ਰਾਜ ਇੱਥੋਂ ਦਾ ਕੰਮ ਸਭਿਆਚਾਰ ਹੈ।ਤੁਸੀਂ ਕਿਸੇ ਵੀ ਦਫ਼ਤਰ ਚਲੇ ਜਾਉ, ਤੁਹਾਡਾ ਕੰਮ ਹਰ ਹਾਲਤ ਹੋਵੇਗਾ। ਜਿਹੜਾ ਵਿਅਕਤੀ ਹਾਜ਼ਰ ਹੈ, ਉਹ ਤੁਹਾਡਾ ਕੰਮ ਕਰੇਗਾ।‘ਫਿਰ ਆਉਣਾਂ’ ਕਹਿਣ ਦਾ ਇੱਥੇ ਰਿਵਾਜ਼ ਨਹੀਂ।ਜੇ ਪੁਲੀਸ ਪੜਤਾਲ ਦੀ ਲੋੜ ਪਵੇ ਤਾਂ ਤੁਸੀਂ ਥਾਣੇ ਜਾਉ,ਆਪਣਾ ਸੋਸ਼ਲ ਸੀਕਿਉਰਟੀ ਨੰਬਰ ਦੱਸੋ। ਉਹ ਸੋਸ਼ਲ ਸੀਕਿਊਰਟੀ ਨੰਬਰ ਤੋਂ ਤੁਹਾਡੇ ਬਾਰੇ ਚੈਕ ਕਰ ਲੈਣਗੇ ਤੇ ਦਸ ਪੰਦਰਾਂ ਮਿੰਟਾਂ ਵਿੱਚ ਹੀ ਉਹ ਤੁਹਾਡੇ ਹੱਥ ਪੁਲਸ ਪੜਤਾਲ ਸਰਟੀਫਿਕੇਟ ਫੜ੍ਹਾ ਦੇਣਗੇ।ਇਸੇ ਤਰ੍ਹਾਂ ਡਰਾਈਵਿੰਗ ਲਾਇਸੈਂਸ ਖ਼ਤਮ ਹੋਣ ਤੋਂ ਪਹਿਲਾਂ ਚਿੱਠੀ ਘਰ ਆ ਜਾਂਦੀ ਹੈ ਕਿ ਤੁਹਾਡਾ ਲਾਇਸੈਂਸ ਇਸ ਮਿਤੀ ਨੂੰ ਖ਼ਤਮ ਹੋ ਰਿਹਾ ਹੈ।ਤੁਸੀਂ ਡੀ.ਐਮ.ਵੀ. ਦਫਤਰ ਜਾਉ ।ਉਹ ਤੁਹਾਡਾ ਪਹਿਲਾ ਡਰਾਇਵਿੰਗ ਲਾਈਸੈਂਸ ਰਖ ਲੈਣਗੇ ਤੇ ਤੁਹਾਡੇ ਬੈਠਿਆਂ ਪੰਜ ਦਸ ਮਿੰਟਾਂ ਵਿੱਚ ਨਵਾਂ ਡਰਾਈਵਿੰਗ ਲਾਈਸੈਂਸ ਬਣਾ ਕਿ ਤੁਹਾਡੇ ਹੱਥ ਫੜਾ ਦੇਣਗੇ।ਮਜ਼ਾਲ ਹੈ ਕਿ ਕੋਈ ਕਰਮਚਾਰੀ ਰਿਸ਼ਵਤ ਮੰਗਣ ਦੀ ਜ਼ੁਰਅਤ ਕਰੇ।ਕਾਰਾਂ,ਟਰੱਕਾਂ ਆਦਿ ਦੇ ਬੀਮੇ ਦੀ ਅਦਾਇਗੀ ਫੌਰੀ ਕੀਤੀ ਜਾਂਦੀ ਹੈ।ਸਬੰਧਤ ਕਰਮਚਾਰੀ ਆਉਂਦਾ ਹੈ ਤੇ ਤੁਹਾਡੀ ਗੱਡੀ ਦਾ ਨੁਕਸਾਨ ਵੇਖ ਕੇ ਮੌਕੇ ‘ਤੇ ਹੀ ਚੈਕ ਦੇ ਦਿੰਦਾ ਹੈ।
ਇੱਥੇ ਕੰਮ ਕਰੋਗੇ ਤਾਂ ਨੌਕਰੀ ਹੈ ਨਹੀਂ ਤਾਂ ਛੁੱਟੀ।ਸਾਰੀ ਦੁਨੀਆਂ ਦੇ ਪੜ੍ਹੇ ਲਿਖੇ ਲੋਕ ਜਿਨ੍ਹਾਂ ਵਿੱਚ ਵਿਗਿਆਨੀ, ਡਾਕਟਰ, ਇੰਜੀਨੀਅਰ ਇਧਰ ਨੂੰ ਦੌੜ ਰਹੇ ਹਨ ਕਿਉਂਕਿ ਇੱਥੇ ਕੰਮ ਦੀ ਕਦਰ ਹੈ।ਇੱਥੇ ਬੇ-ਲੋੜਾ ਖ਼ਰਚਾ ਬਿਲਕੁਲ ਨਹੀਂ।ਸਾਡੇ ਸਿਆਸਤਦਾਨ ਤੇ ਅਫ਼ਸਰ ਜੋ ਸਰਕਾਰੀ ਖ਼ਜ਼ਾਨੇ ਦੇ ਸਿਰ ’ਤੇ ਮੌਜਾਂ ਮਾਣ ਰਹੇ ਹਨ, ਉਹ ਇੱਥੇ ਬਿਲਕੁਲ ਨਹੀਂ।ਦਰਜਾ ਚਾਰ ਦੀ ਇਥੇ ਕੋਈ ਅਸਾਮੀ ਨਹੀਂ। ਕਿਸੇ ਸਿਆਸਤਦਾਨ ਅਤੇ ਅਫਸਰ ਦੀ ਕਾਰ ਉਪਰ ਲਾਲ ਬੱਤੀ ਤੇ ਹੂਟਰ ਨਹੀਂ। ਮੰਤਰੀ ਅਤੇ ਅਫ਼ਸਰ ਨਿਜੀ ਕਾਰਾਂ ਵਿਚ ਦਫ਼ਤਰ ਆਉਂਦੇ ਹਨ। ਰਾਸ਼ਟਰਪਤੀ ਤੇ ਕੁਝ ਹੋਰਨਾਂ ਨੂੰ ਸਹੂਲਤਾਂ ਹਨ, ਪਰ ਆਮ ਵਜ਼ੀਰ, ਮੇਅਰ, ਵਿਧਾਇਕ, ਐਮ.ਪੀ. ਆਮ ਸ਼ਹਿਰੀਆਂ ਦੀ ਤਰ੍ਹਾਂ ਵਿਚਰ ਰਹੇ ਹਨ।
ਪੱਗ਼ੜੀਧਾਰੀ ਸਿੱਖ਼ਾਂ ਨੂੰ ਅਮਰੀਕਾ ਵਿਚ ਅਰਬ ਦੇ ਮੁਸਲਮਾਨ ਹੀ ਸਮਝਿਆ ਜਾਂਦਾ ਹੈ ਤੇ ਕਈ ਵੇਰ ਉਨ੍ਹਾਂ ‘ਤੇ ਅਵਾਜ਼ੇ ਕੱਸੇ ਜਾਂਦੇ ਹਨ। ਗੁਰਦੁਆਰਿਆਂ ਵਿਚ ਲੜਾਈ ਹੋਣ ਦੀਆਂ ਖ਼ਬਰਾਂ ਆਮ ਆਉਂਦੀਆਂ ਰਹਿੰਦੀਆਂ ਹਨ ।ਸਹਿਜਧਾਰੀੇ ਸਿੱਖ਼ ਵੀ ਗ਼ੁਰਦੁਆਰਾ ਪ੍ਰਬੰਧਕਾਂ ਕਮੇਟੀਆਂ ਵਿਚ ਸ਼ਾਮਲ ਹਨ।
ਇੱਥੇ ਕਈ ਤਰ੍ਹਾਂ ਦੇ ਦਿਨ ਮਨਾਏ ਜਾਂਦੇ ਹਨ।ਫ਼ਾਥਰ ਡੇ, ਮਦਰ ਡੇ ਦੇ ਦਿਨ, ਬੱਚੇ ਮਾਤਾ ਪਿਤਾ ਨੂੰ ਖਾਣਾ ਬਣਾ ਕੇ ਦਿੰਦੇ ਹਨ ਤੇ ਤੋਹਫ਼ੇ ਦਿੰਦੇ ਹਨ। ਸਤੰਬਰ ਦੇ ਪਹਿਲੇ ਸੋਮਵਾਰ ਲੇਬਰ ਡੇ ਹੁੰਦਾ ਹੈ ।ਉਸ ਦਿਨ ਮਾਲਕ ਕਾਮਿਆਂ ਦੀ ਖ਼ੂਬ ਸੇਵਾ ਕਰਦੇ ਹਨ।ਅਮਰੀਕਾ ਵਿੱਚ ਛੁੱਟੀਆਂ ਬਹੁਤ ਥੋੜੀਆਂ ਹੁੰਦੀਆਂ ਹਨ।ਆਜ਼ਾਦੀ ਦਿਵਸ 4 ਜੁਲਾਈ ਨੂੰ ਹੁੰਦਾ ਹੈ । ਹੈਲੋਵੀਨ ਡੇ ਸਾਡੀ ਲੋਹੜੀ ਵਾਂਗ ਹੈ ,ਜਦੋਂ ਬਚੇ ਘਰਾਂ ਵਿਚ ਮੰਗਣ ਆਉਂਦੇ ਹਨ।
ਅਮਰੀਕਾ ਦੀ ਹਰੇਕ ਚੀਜ਼ ਨਿਆਰੀ ਹੈ।ਜਦ ਭਾਰਤ ਵਿਚ ਦਿਨ ਹੁੰਦਾ ਹੈ ਇੱਥੇ ਰਾਤ ਹੁੰਦੀ ਹੈ,ਜਦ ਰਾਤ ਹੁੰਦੀ ਤਾਂ ਇੱਥੇ ਦਿਨ।ਇੱਥੇ ਟਰੈਫਿਕ ਸੱਜੇ ਪਾਸੇ,ਜਦ ਕਿ ਭਾਰਤ ਵਿਚ ਖ਼ੱਬੇ ਪਾਸੇ।ਇੱਥੇ ਸਵਿਚ ਉਪਰ ਨੂੰ ਚਾਲੂ ਹੁੰਦੇ ਹਨ,ਭਾਰਤ ਵਿਚ ਉਪਰ ਨੂੰ ਬੰਦ ਹੁੰਦੇ ਹਨ।ਇੱਥੇ 110 ਵੋਲਟ ਬਿਜਲੀ ਹੈ ਜਦ ਕਿ ਭਾਰਤ ਵਿਚ 220 ਵੋਲਟ।ਇੱਥੇ ਮਿਣਤੀ ਮੀਲਾਂ ,ਗਜਾਂ ,ਫੁੱਟਾਂ ਤੇ ਇੰਚਾਂ ਵਿਚ ਕੀਤੀ ਜਾਂਦੀ ਹੈ।ਭਾਰ ਪੌਂਡਾਂ ਵਿਚ ਤੋਲਿਆ ਜਾਂਦਾ ਹੈ।ਤਾਪਮਾਨ ਫ਼ਾਰਨਹੀਟ ਵਿਚ ਤੇ ਆਇਤਨ ਔਂਸਾਂ ਤੇ ਗੈਲਨਾਂ ਵਿਚ।ਭਾਵ ਕਿ ਇਨ੍ਹਾਂ ਨੇ ਅਜੇ ਪੁਰਾਣਾ ਸਿਸਟਮ ਹੀ ਰਖਿਆ ਹੈ।ਮੀਟਰਿਕ ਪ੍ਰਣਾਲੀ ਨਹੀਂ ਅਪਣਾਈ।ਇੱਥੇ ਜੱਜ ਅਤੇ ਪ੍ਰੋਫ਼ੈਸਰ ਦੀ ਰਿਟਾਇਰ ਹੋਣ ਦੀ ਕੋਈ ਉਮਰ ਨਹੀਂ।ਉਹ ਜ਼ਿੰਦਗੀ ਦੇ ਆਖ਼ਰੀ ਸਾਹਾਂ ਤੀਕ ਆਪਣੇ ਆਹੁਦੇ ‘ਤੇ ਬਿਰਾਜ਼ਮਾਨ ਰਹਿ ਸਕਦੇ ਹਨ।
ਅਮਰੀਕਾ ਦੁਨੀਆਂ ਦਾ ਸਭ ਤੋਂ ਵਿਕਸਤ ਭਾਵ ਅਮੀਰ ਦੇਸ਼ ਹੈ ਅਤੇ ਦੁਨੀਆਂ ਦੀ ਸੁਪਰ ਪਾਵਰ ਹੈ।ਇਹੋ ਕਾਰਨ ਹੈ ਕਿ ਦੁਨੀਆਂ ਇਸ ਮੁਲਕ ਵੱਲ ਨੂੰ ਦੌੜਦੀ ਹੈ।ਇਹ ਏਨਾ ਖ਼ੂਬ -ਸੂਰਤ ਤੇ ਮਨ-ਮੋਹਣਾ ਦੇਸ਼ ਹੈ ,ਜਿਹੜਾ ਇੱਕ ਵਾਰ ਇੱਥੇ ਆ ਜਾਂਦਾ ਹੈ ,ਉਹ ਇੱਥੋਂ ਦਾ ਹੋ ਕਿ ਰਹਿ ਜਾਂਦਾ ਹੈ।ਇੱਥੇ ਸਕੂਲਾਂ, ਕਾਲਜਾਂ ,ਯੂਨੀਵਰਸਿਟੀਆਂ ਵਿਚ ਧਰਮ ਦੀ ਪੜ੍ਹਾਈ ਕਰਾਉਣ ਦੀ ਕਾਨੂੰਨੀ ਮਨਾਹੀ ਹੈ, ਭਾਵੇਂ ਕੋਈ ਵਿਦਿਅਕ ਅਦਾਰਾ ਪ੍ਰਾਈਵੇਟ ਕਿਉਂ ਨਾ ਹੋਵੇ।ਇੱਥੇ ਸਭ ਦੇਸ਼ਾਂ, ਧਰਮਾਂ, ਨਸਲਾਂ ਦੇ ਲੋਕ ਮਿਲਦੇ ਹਨ।ਇੱਥੋਂ ਦੇ ਹਸੀਨ ਦਿਨ ਤੇ ਰੰਗ਼ੀਲੀਆਂ ਰਾਤਾਂ ਦਾ ਆਨੰਦ ਮਾਨਣ ਦਾ ਮੌਕਾ ਮਿਲੇ ਤਾਂ ਅਜਾਈਂ ਨਾ ਜਾਣ ਦੇਣਾ।
ਸੋਹਣਾ ਮੁਲਕ ਅਮਰੀਕਾ
This entry was posted in ਲੇਖ.