ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਹਰਿਆਣੇ ਦੀਆਂ ਸਿੱਖ ਸੰਗਤਾਂ ਨੂੰ ਜ਼ੋਰਦਾਰ ਸੱਦਾ ਦਿੰਦਿਆਂ ਹੋਇਆਂ ਕਿਹਾ ਕਿ ਰਾਜ ਦੇ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਇਸ਼ਾਰੇ ਉਪਰ ਉਸਦੇ ਹੱਥ ਠੋਕਿਆਂ ਵੱਲੋਂ ੬ ਜੁਲਾਈ ਨੂੰ ਕੈਥਲ ਵਿਖੇ ਆਯੋਜਿਤ ਕੀਤਾ ਜਾ ਰਿਹਾ ਸਿੱਖ ਮਹਾਂ ਸੰਮੇਲਨ ਕੇਵਲ ਤੇ ਕੇਵਲ ਕਾਂਗਰਸੀ ਚਮਚਿਆਂ ਦਾ ਸੰਮੇਲਨ ਹੈ । ਜਿਸਦਾ ਹਰਿਆਣੇ ਦੀਆਂ ਸਮੁੱਚੀਆਂ ਸਿੱਖ ਸੰਗਤਾਂ ਵੱਲੋਂ ਡੱਟ ਕੇ ਬਾਈਕਾਟ ਕਰਨਾ ਚਾਹੀਦਾ ਹੈ । ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪ੍ਰਮੁੱਖ ਪਿੰਡਾਂ ਅਰਨੋਲੀ, ਰੱਤਾ ਖੇੜਾ, ਭੂਸਲਾ ਤੇ ਕੁਪੀਆ ਪਲਾਂਟ ਦੀਆਂ ਸਿੱਖ ਸੰਗਤਾਂ ਵੱਲੋਂ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਸਨਮਾਨ ਸਮਾਗਮਾਂ ਵਿੱਚ ਉਚੇਚੇ ਤੌਰ ਤੇ ਸ਼ਿਰਕਤ ਕਰਨ ਲਈ ਪੁੱਜੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਥਾਨਕ ਇਲਾਕੇ ਦੀਆਂ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਵੋਟਾਂ ਦੀ ਰਾਜਨੀਤੀ ਦੇ ਲਈ ਜੋ ਕੋਝੇ ਹੱਥ ਕੰਡੇ ਅਪਣਾਉਣ ਦਾ ਰੁਝਾਨ ਹੁੱਡਾ ਨੇ ਆਪਣੇ ਹੱਥ ਠੋਕਿਆਂ ਦੇ ਰਾਹੀਂ ਹਰਿਆਣੇ ਅੰਦਰ ਸ਼ੁਰੂ ਕੀਤਾ ਹੈ । ਉਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।
ਜਥੇਦਾਰ ਅਵਤਾਰ ਸਿੰਘ ਨੇ ਹੁੱਡਾ ਤੇ ਦੋਸ਼ ਲਗਾਉਂਦਿਆਂ ਹੋਇਆਂ ਕਿਹਾ ਕਿ ਹਰਿਆਣੇ ਦੀ ਵੱਖਰੀ ਗੁਰਦੁਆਰਾ ਕਮੇਟੀ ਦਾ ਰੌਲਾ ਪੁਆ ਕੇ ਧਾਰਮਿਕ ਅਸਥਾਨਾਂ ਦੀ ਵੰਡ ਕਰਨ ਦੀ ਜੋ ਖੇਡ ਉਸਨੇ ਸੱਤਾ ਦੀ ਮੁੜ ਪ੍ਰਾਪਤੀ ਲਈ ਖੇਡੀ ਹੈ । ਉਸ ਨੂੰ ਹਰਿਆਣੇ ਦੀਆਂ ਸਿੱਖ ਸੰਗਤਾਂ ਇਕੱਠਿਆਂ ਹੋ ਕੇ ਪੂਰੀ ਤਰ੍ਹਾਂ ਨਕਾਰ ਦੇਣ ਅਤੇ ਸਿਰਫ ਕੌਮ ਦੇ ਕੇਂਦਰੀ ਧੂਰੇ ਨਾਲ ਜੁੜ ਕੇ ਆਪਣੇ ਹਿੱਤਾਂ ਦੀ ਰਾਖੀ ਕਰਨ। ਉਨ੍ਹ੍ਹਾਂ ਨੇ ਹਰਿਆਣੇ ਦੇ ਸਿੱਖਾਂ ਨੂੰ ਭਰੋਸਾ ਦਿੰਦਿਆਂ ਹੋਇਆਂ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰਦੀ ਆਈ ਹੈ, ਖਾਸ ਕਰਕੇ ਰਾਜ ਦੇ ਜ਼ਿਲ੍ਹਾ ਕੁਰੂਕਸ਼ੇਤਰ ਤੇ ਕੈਥਲ ਵਿੱਚ ਪਿਛਲੇ ੬੦ ਸਾਲਾਂ ਤੋਂ ਆਬਾਦ ਪੰਜਾਬੀ ਪਟੇਦਾਰ ਕਿਸਾਨਾ ਨੂੰ ਉਜੜਨ ਤੋਂ ਬਚਾਉਣ ਲਈ ਜਿੱਥੇ ਸ਼੍ਰੋਮਣੀ ਕਮੇਟੀ ਨੇ ਹਮੇਸ਼ਾ ਹੀ ਆਪਣੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਹੈ, ਉਥੇ ਨਾਲ ਹੀ ਪੀੜ੍ਹਤ ਪੰਜਾਬੀ ਪਟੇਦਾਰ ਕਿਸਾਨਾਂ (ਸਿੱਖ ਕਿਸਾਨਾਂ) ਦੀ ਸਾਰ ਲੈਣ ਲਈ ਹਮੇਸ਼ਾ ਹੀ ਯਤਨਸ਼ੀਲ ਰਹੀ ਹੈ । ਇਸ ਲਈ ਆਓ ਸ੍ਰੀ ਦਰਬਾਰ ਸਾਹਿਬ ਦੇ ਉਪਰ ਟੈਂਕਾਂ ਤੇ ਤੋਪਾਂ ਨਾਲ ਹਮਲਾ ਕਰਵਾਉਣ ਵਾਲੀ ਕਾਂਗਰਸ ਜਮਾਤ ਦੇ ਵੱਲੋਂ ਮੁੜ ਸਿੱਖਾਂ ਦੀ ਸ਼ਕਤੀ ਨੂੰ ਖੇਰੂੰ-ਖੇਰੂੰ ਕਰਨ ਲਈ ਕੀਤੇ ਗਏ ਹਮਲੇ ਨੂੰ ਇਕੱਠੇ ਹੋ ਕੇ ਮੂੰਹ ਤੋੜਵਾਂ ਜਵਾਬ ਦੇਈਏ ।
ਇਸ ਤੋਂ ਪਹਿਲਾਂ ਪੰਜਾਬੀ ਪਟੇਦਾਰ ਕਿਸਾਨਾਂ ਦੀ ਸਾਂਝੀ ਸੰਘਰਸ਼ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੀਕਾ ਦੀ ਅਗਵਾਈ ਹੇਠ ਉਨ੍ਹਾਂ ਦੇ ਸਾਥੀਆਂ ਵੱਲੋਂ ਹਰਿਆਣੇ ਦੇ ਵੱਖ-ਵੱਖ ਪਿੰਡਾਂ ਅੰਦਰ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਇਕੱਠਾਂ ਅੰਦਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਹਰਿਆਣੇ ਦੀਆਂ ਸਿੱਖ ਸੰਗਤਾਂ ਹਮੇਸ਼ਾ ਹੀ ਸ਼੍ਰੋਮਣੀ ਕਮੇਟੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੀਆਂ ਤੇ ਹੁੱਡਾ ਦੇ ਹੱਥ ਠੋਕਿਆਂ ਵੱਲੋਂ ਵੱਖਰੀ ਕਮੇਟੀ ਬਣਾਉਣ ਦੇ ਲਈ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਡਟ ਕੇ ਵਿਰੋਧ ਕਰਨਗੀਆਂ । ਇਸ ਸਮੇਂ ਉਨ੍ਹਾਂ ਦੇ ਨਾਲ ਸ।ਰਘੂਜੀਤ ਸਿੰਘ ਵਿਰਕ ਸੀਨੀਅਰ ਮੀਤ ਪ੍ਰਧਾਨ, ਸ।ਸੁਖਦੇਵ ਸਿੰਘ ਭੌਰ (ਜਰਨਲ ਸਕੱਤਰ ਸ਼੍ਰੋਮਣੀ ਕਮੇਟੀ), ਸ।ਕਰਨੈਲ ਸਿੰਘ ਪੰਜੋਲੀ ਮੈਂਬਰ ਅੰਤ੍ਰਿੰਗ ਕਮੇਟੀ, ਸ।ਪਰਮਜੀਤ ਸਿੰਘ ਸਰੋਆ ਐਡੀਸ਼ਨਲ ਸਕੱਤਰ, ਸ।ਰਣਜੀਤ ਸਿੰਘ ਖਾਲਸਾ ਮੀਡੀਆ ਸਲਾਹਕਾਰ, ਸ।ਬਾਵਾ ਸਿੰਘ ਟੀਕਰੀ, ਸ।ਹਰਬੰਸ ਸਿੰਘ ਅਰਨੋਲੀ, ਸ।ਕਰਤਾਰ ਸਿੰਘ ਭੂਨਾ, ਸ।ਹਰਜੀਤ ਸਿੰਘ, ਸ।ਮਨਜੀਤ ਸਿੰਘ, ਸ।ਲਖਵਿੰਦਰਪਾਲ ਸਿੰਘ ਗਰੇਵਾਲ, ਡਾ। ਸਾਹਿਬ ਸਿੰਘ ਸੰਧੂ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।