ਖਡੂਰ ਸਾਹਿਬ – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਬੀ.ਏ. ਅਤੇ ਬੀ.ਐਸ.ਸੀ. (ਇਕਨਾਮਿਕਸ) ਭਾਗ ਤੀਜਾ ਦੇ ਐਲਾਨੇ ਨਤੀਜਿਆਂ ਵਿਚ ਕਾਰ ਸੇਵਾ ਖਡੂਰ ਸਾਹਿਬ ਅਧੀਨ ਚਲਦੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਨੇ ਤਰਨ ਤਾਰਨ ਜ਼ਿਲ੍ਹੇ ਵਿਚੋਂ ਬੇਹਤਰੀਨ ਕਾਰਗੁਜ਼ਾਰੀ ਦਿਖਾਈ ਹੈ ਅਤੇ ਇਸ ਦੇ ਦੋ ਹੋਣਹਾਰ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਅਹਿਮ ਸਥਾਨ ਹਾਸਲ ਕੀਤੇ ਹਨ। ਇਸ ਦੀ ਬੀ.ਐਸ.ਸੀ. (ਇਕਨਾਮਿਕਸ) ਦੀ ਵਿਦਿਆਰਥਣ ਰੁਪਿੰਦਰ ਕੌਰ ਸਪੁੱਤਰੀ ਸ. ਜਸਬੀਰ ਸਿੰਘ ਨੇ 78 ਫ਼ੀਸਦੀ ਅੰਕਾਂ ਨਾਲ ਮੈਰਿਟ ਪ੍ਰਾਪਤ ਕਰਦਿਆਂ ਯੂਨੀਵਰਸਿਟੀ ਵਿਚੋਂ 12ਵਾਂ ਰੈਂਕ ਹਾਸਲ ਕੀਤਾ ਹੈ। ਇਸੇ ਕਲਾਸ ਦੀਆਂ ਵਿਦਿਆਰਥਣਾਂ ਸੁਖਮਨਪ੍ਰੀਤ ਕੌਰ ਨੇ 69 ਫ਼ੀਸਦੀ ਅਤੇ ਰਮਨਦੀਪ ਕੌਰ ਨੇ 67.83 ਫ਼ੀਸਦੀ ਅੰਕਾਂ ਨਾਲ ਕਾਲਜ ਵਿਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਸੁਖਬੀਰ ਸਿੰਘ ਸਪੁੱਤਰ ਸ. ਬਲਵਿੰਦਰ ਸਿੰਘ ਨੇ 67 ਫ਼ੀਸਦੀ ਅੰਕਾਂ ਨਾਲ ਮੈਰਿਟ ਹਾਸਲ ਕਰਦਿਆਂ ਯੂਨੀਵਰਸਿਟੀ ਵਿਚੋਂ 140ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸੇ ਕਲਾਸ ਦੀ ਜਗਰੂਪ ਕੌਰ ਨੇ 66.75 ਫ਼ੀਸਦੀ ਅਤੇ ਪਰਮਿੰਦਰ ਸਿੰਘ ਨੇ 63.54 ਫ਼ੀਸਦੀ ਅੰਕਾਂ ਨਾਲ ਕਾਲਜ ਵਿਚੋਂ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ ਲਈ ਕਾਰ ਸੇਵਾ ਖਡੂਰ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੇਵਾ ਸਿੰਘ ਨੇ ਉਕਤ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਬੰਗੜ ਅਤੇ ਸਮੂਹ ਅਧਿਆਪਕ ਸਾਹਿਬਾਨ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੀ ਪ੍ਰਾਪਤੀਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਪ੍ਰਿੰਸੀਪਲ ਡਾ. ਬੰਗੜ ਨੇ ਇਸ ਮੌਕੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਅਜਿਹੀ ਸ਼ਾਨਦਾਰ ਕਾਰਗੁਜ਼ਾਰੀ ਦਿਖਾ ਕੇ ਸਿਰਫ ਕਾਲਜ ਦਾ ਹੀ ਨਹੀਂ, ਸਗੋਂ ਸਮੁੱਚੇ ਇਲਾਕੇ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ ਹੈ ਜਿਸ ਦਾ ਸਿਹਰਾ ਉਹਨਾਂ ਦੇ ਮਿਹਨਤੀ ਅਧਿਆਪਕ ਸਾਹਿਬਾਨ ਨੂੰ ਜਾਂਦਾ ਹੈ। ਇਸ ਮੌਕੇ ਹਾਜ਼ਰ ਕਾਲਜ ਪ੍ਰਬੰਧਕੀ ਕਮੇਟੀ ਦੇ ਸਕੱਤਰ ਸ. ਅਵਤਾਰ ਸਿੰਘ ਬਾਜਵਾ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟੱਡੀਜ਼ ਦੇ ਡਾਇਰੈਕਟਰ ਸ. ਪਿਆਰਾ ਸਿੰਘ ਅਤੇ ਪ੍ਰਿੰਸੀਪਲ ਸ. ਵਰਿਆਮ ਸਿੰਘ, ਡਾ. ਕੁਲਦੀਪ ਸਿੰਘ, ਡਾ. ਮਨਜਿੰਦਰ ਸਿੰਘ, ਪ੍ਰੋ. ਸਰਤਾਜ ਸਿੰਘ ਛੀਨਾ, ਪ੍ਰੋ. ਅਮਰਜੀਤ ਸਿੰਘ, ਪ੍ਰੋ. ਦਿਲਬਾਗ ਸਿੰਘ ਅਤੇ ਪ੍ਰੋ. ਸੁਖਮਿੰਦਰ ਸਿੰਘ ਚੀਮਾ ਨੇ ਵੀ ਕਾਮਯਾਬ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ।