ਅੰਮ੍ਰਿਤਸਰ :- ਹਰਿਆਣਾ ਦੀ ਕਾਂਗਰਸ ਸਰਕਾਰ ਵੱਲੋ ਉਥੋਂ ਦੇ ਇਤਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਲਈ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਤਜਵੀਜ਼ ਦਾ ਤਿੱਖਾ ਵਿਰੋਧ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਕਾਰਨੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਇਥੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਖਾਲਸਾ ਪੰਥ ਦੀ ਨੁਮਾਇੰਦਾ ਜਮਾਤ ਸ਼੍ਰੋਮਣੀ ਗੁਦੁਆਰਾ ਪ੍ਰਬੰਧਕ ਕਮੇਟੀ ਨੂੰ ਵੰਡ ਕੇ ਖਾਲਸਾ ਪੰਥ ਦੀ ਸ਼ਕਤੀ ਨੂੰ ਖੇਰੂੰ ਖੇਰੂੰ ਕਰਨ ਦੀ ਕਦਾਚਿਤ ਇਜਾਜਤ ਨਹੀ ਦਿੱਤੀ ਜਾਵੇਗੀ।ਉਨਾਂ ਚਿਤਾਵਨੀ ਦਿੱਤੀ ਕਿ ਕਾਂਗਰਸ ਪਾਰਟੀ ਸਿੱਖਾਂ ਦੇ ਅੰਦਰੂਨੀ ਧਾਰਮਿਕ ਮਾਮਲਿਆਂ ਵਿਚ ਦਖਲ ਦੇਣ ਤੋ ਬਾਝ ਆਵੇ ਅਤੇ ਜਾਂ ਫਿਰ ਇਸ ਦੇ ਗੰਭੀਰ ਸਿੱਟੇ ਭੁਗਤਣ ਲਈ ਤਿਆਰ ਰਹੇ।
ਜਥੇਦਾਰ ਪੰਜੋਲੀ ਨੇ ਅੱਜ ਇਥੋਂ ਜਾਰੀ ਇਕ ਪ੍ਰੈਸ ਬਿਆਨ ਵਿਚ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਲਈ ਖਾਲਸਾ ਪੰਥ ਨੂੰ ਬਹੁਤ ਵੱਡੀਆਂ ਕੁਰਬਾਨੀਆ ਦੇਣੀਆਂ ਪਈਆਂ ਹਨ। ਖਾਲਸਾ ਪੰਥ ਨੇ ਇਸ ਕਮੇਟੀ ਨੂੰ ਬਣਾਉਣ ਲਈ ਇਕ ਸਾਲ ਤੋ ਲੈ ਕੈ 10 ਸਾਲ ਤੀਕ ਕੈਦ ਕੱਟੀ ਹੈ ਅਤੇ 16 ਲੱਖ ਰੁਪੱਈਆ ਜੁਰਮਾਨਾ ਭਰਿਆ ਹੈ। ਖਾਲਸਾ ਪੰਥ ਆਪਣੀ ਇਸ ਮਹਾਨ ਸੰਸਥਾ ਨੂੰ ਕਿਸੇ ਵੀ ਹਾਲਤ ਵਿਚ ਟੁੱਟਣ ਨਹੀ ਦੇਵੇਗਾ ਭਾਂਵੇ ਉਸਨੂੰ ਮੁੜ ਕਿੰਨੀਆਂ ਵੀ ਕੁਰਬਾਨੀਆ ਕਿਉਂ ਨਾ ਦੇਣੀਆਂ ਪੈਣ। ਉਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਗੁਰਦੁਆਰਾ ਸਾਹਿਬਾਨ ਦੀ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਹੀ ਨਹੀ ਬਲਕਿ ਸਮੁੱਚੇ ਖਾਲਸਾ ਪੰਥ ਦੀ ਉਹ ਵਾਹਦ ਨੁਮਾਇੰਦਾ ਜਮਾਤ ਹੈ ਜਿਹੜੀ ਸਿੱਖਾਂ ਦੀਆਂ ਧਾਰਮਿਕ, ਸਮਾਜਿਕ ਅਤੇ ਰਾਜਸੀ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਇਹ ਮਹਾਨ ਸੰਸਥਾ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਅਤੇ ਗੁਰਦੁਆਰਾ ਸਾਹਿਬਾਨ ਦੇ ਸੇਵਾ ਸੰਭਾਲ ਦੇ ਨਾਲ ਨਾਲ ਵਿਦਿਆ ਅਤੇ ਡਾਕਟਰੀ ਸੇਵਾ ਦੇ ਖੇਤਰ ਵਿਚ ਵੀ ਬਹੁਤ ਵਡਮੁੱਲਾ ਯੋਗਦਾਨ ਪਾ ਰਹੀ ਹੈ। ਉਨਾਂ ਕਿਹਾ ਕਿ ਅਜਿਹੀ ਮਹਾਨ ਅਤੇ ਇਤਹਾਸਕ ਸੰਸਥਾ ਨੂੰ ਤੋੜਨ ਦੀਆਂ ਚਾਲਾਂ ਚੱਲਣਾ ਅੱਗ ਨਾਲ ਖੇਡਣ ਦੇ ਬਰਾਬਰ ਹੈ ਅਤੇ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਚੌਧਰੀ ਭੁਪਿੰਦਰ ਸਿੰਘ ਹੁੱਡਾ ਵੀ ਇਸ ਅੱਗ ਦੇ ਖੇਡ ਤੋਂ ਨਹੀਂ ਬਚ ਸਕਣਗੇ।
ਜਥੇਦਾਰ ਪੰਜੋਲੀ ਨੇ ਕਿਹਾ ਕਿ ਹਰਿਆਣੇ ਦੇ ਮੁੱਖ ਮੰਤਰੀ ਸ੍ਰੀ ਭੁਪਿੰਦਰ ਸਿੰਘ ਹੁੱਡਾ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਆਪਣੀ ਸਪੱਸ਼ਟ ਦਿਸ ਰਹੀ ਹਾਰ ਨੂੰ ਦੇਖ ਕੇ ਬੁਖਲਾਹ ਗਏ ਹਨ। ਇਸ ਬੁਖਲਾਹਟ ਵਿਚ ਹੀ ਉਹ ਖਾਲਸਾ ਪੰਥ ਨਾਲ ਮੱਥਾ ਲਾਉਣ ਦੀ ਹਿਮਾਕਤ ਕਰ ਰਹੇ ਹਨ। ਉਨਾਂ ਸ੍ਰੀ ਹੁੱਡਾ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਆਪਣੇ ਸੌੜੇ ਰਾਜਸੀ ਹਿੱਤਾਂ ਦੀ ਪੂਰਤੀ ਲਈ ਖਾਲਸਾ ਪੰਥ ਵਿਚ ਵੰਡੀਆਂ ਪਾਉਣ ਦੀ ਖਤਰਨਾਕ ਖੇਡ ਨਾਂ ਖੇਡਣ।
ਇਸੇ ਦੌਰਾਨ ਜਥੇਦਾਰ ਪੰਜੋਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਇਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਹ ਇਸ ਅਤਿ ਗੰਭੀਰ ਪੰਥਕ ਮਾਮਲੇ ਉਤੇ ਵਿਚਾਰ ਵਟਾਂਦਰਾ ਕਰਨ ਅਤੇ ਕਾਂਗਰਸ ਪਾਰਟੀ ਦੀ ਪੰਥ ਵਿਰੋਧੀ ਚਾਲ ਦਾ ਟਾਕਰਾ ਕਰਨ ਲਈ ਪ੍ਰੋਗਰਾਮ ਉਲੀਕਣ ਲਈ ਤੁੰਰਤ ਪੰਥਕ ਕੰਨਵੈਨਸ਼ਨ ਸੱਦਣ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਦੀ ਕਦਾਚਿਤ ਇਜ਼ਾਜਤ ਨਹੀਂ ਦਿੱਤੀ ਜਾਵੇਗੀ
This entry was posted in ਪੰਜਾਬ.