ਬਗਦਾਦ- ਇਰਾਕ ਵਿੱਚ ਸੁਰੱਖਿਆ ਬਲਾਂ ਨੂੰ ਪਛਾੜ ਕੇ ਲਗਾਤਾਰ ਅੱਗੇ ਵੱਧ ਰਹੇ ਅੱਤਵਾਦੀ ਸੰਗਠਨ ਦ ਇਸਲਾਮਿਕ ਸਟੇਟ ਆਫ਼ ਇਰਾਕ ਐਂਡ ਸੀਰੀਆ ( ਆਈਐਸਆਈਐਸ) ਨੇ ਇਰਾਕ ਅਤੇ ਸੀਰੀਆ ਦੇ ਕਬਜੇ ਵਾਲੇ ਖੇਤਰ ਨੂੰ ਵੱਖਰਾ ਇਸਲਾਮੀ ਦੇਸ਼ ਐਲਾਨ ਕਰ ਦਿੱਤਾ ਹੈ। ਆਈਐਸਆਈਐਸ ਨੇ ਅਬੂ-ਅਲ-ਬਗਦਾਦੀ ਨੂੰ ਇਸ ਨਵੇਂ ਦੇਸ਼ ਦਾ ਖਲੀਫ਼ਾ ਘੋਸਿ਼ਤ ਕਰ ਦਿੱਤਾ ਹੈ।
ਆਈਐਸਆਈਐਸ ਨੇ ਇਸ ਨੂੰ ਇੰਟਰਨੈਸ਼ਨਲ ਜਿਹਾਦ ਦਾ ਨਵਾਂ ਯੁਗ ਕਰਾਰ ਦਿੱਤਾ ਹੈ। ਇਸ ਅੱਤਵਾਦੀ ਸੰਗਠਨ ਦੇ ਇੱਕ ਬੁਲਾਰੇ ਮੁਹੰਮਦ-ਅਲ-ਅਦਨਾਨੀ ਨੇ ਦੱਸਿਆ ਕਿ ਨਵੇਂ ਦੇਸ਼ ਦੇ ਖਲੀਫ਼ਾ ਦੇ ਨਵੇਂ ਨਾਂ ਦਾ ਐਲਾਨ ਸੂਰਾ ਕਾਂਊਸਲ ਦੀ ਇੱਕ ਬੈਠਕ ਦੇ ਬਾਸਦ ਲਿਆ ਗਿਆ। ਅਦਨਾਨੀ ਨੇ ਸਾਰੇ ਜਹਾਦੀ ਗਰੁਪਾਂ ਨੂੰ ਇਹ ਅਪੀਲ ਕੀਤੀ ਕਿ ਉਹ ਸੱਭ ਇਸ ਦੇਸ਼ ਦੇ ਨਵੇਂ ਬਣੇ ਖਲੀਫਾ ਬਗਦਾਦੀ ਨੂੰ ਆਪਣਾ ਸਮਰਥਣ ਦੇਣ।
ਵਰਨਣਯੋਗ ਹੈ ਕਿ ਪਿੱਛਲੇ ਕੁਝ ਸਮੇਂ ਤੋਂ ਆਈਐਸਆਈਐਸ ਨੇ ਇਰਾਕੀ ਸੈਨਾ ਨੂੰ ਭਾਜੜਾਂ ਪਾਈਆਂ ਹੋਈਆਂ ਹਨ ਅਤੇ ਇਰਾਕ ਦੇ ਪੱਛਮੀ ਅਤੇ ਉਤਰੀ ਖੇਤਰ ਦੇ ਇੱਕ ਵੱਡੇ ਹਿੱਸੇ ਤੇ ਆਪਣਾ ਕਬਜ਼ਾ ਜਮਾ ਲਿਆ ਹੈ। ਇਨ੍ਹਾਂ ਵੱਲੋਂ ਸ਼ੀਆ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।