ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਦਾ ਜਨਰਲ ਇਜਲਾਸ ਅੱਜ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਇਆ ਜਿਸ ਵਿਚ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਸਾਰੇ ਲੇਖਕਾਂ ਨੂੰ ਜੀ ਆਇਆਂ ਆਖਦਿਆਂ ਉਤਸ਼ਾਹੀ ਸ਼ਬਦ ਕਹੇ। ਇਸ ਇਜਲਾਸ ਵਿਚ ਸੈਂਕੜੇ ਸਾਹਿਤਕਾਰਾਂ ਨੇ ਭਰਵੀਂ ਸ਼ਮੂਲੀਅਤ ਕੀਤੀ।
ਜਨਰਲ ਇਜਲਾਸ ਵਿਚ ਪ੍ਰਸਿੱਧ ਤੇ ਬਜ਼ੁਰਗ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਦਾ ਉਨ੍ਹਾਂ ਦੀ ਵਡਮੁੱਲੀ ਸਾਹਿਤਕ ਦੇਣ ਵਜੋਂ ਉਨ੍ਹਾਂ ਦੇ 96ਵੇਂ ਜਨਮ ਦਿਨ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।
ਇਸੇ ਤਰ੍ਹਾਂ ਅੱਜ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ, ਪ੍ਰਸਿੱਧ ਸਾਹਿਤਕਾਰ ਅਤੇ ਬੀਤੇ ਚਾਰ ਦਹਾਕਿਆਂ ਤੋਂ ਅਕਾਡਮੀ ਦੇ ਵੱਖ ਵੱਖ ਅਹੁਦਿਆਂ ਦੇ ਰੂਪ ਵਿਚ ਆਗੂ ਰਹੇ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਪੰਜਾਬੀ ਸਾਹਿਤ ਅਕਾਡਮੀ ਦਾ ਸਰਵਉ¤ਚ-ਸਨਮਾਨ ਫ਼ੈਲੋਸ਼ਿਪ ਦੇਣ ਦਾ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਵਲੋਂ ਕੀਤੇ ਜਥੇਬੰਧਕ ਉਪਰਾਲਿਆਂ ਅਤੇ ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆਂ ਵਿਚ ਉਨ੍ਹਾਂ ਵਲੋਂ ਪਾਏ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ।
ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਸਾਲ 2014-2015 ਦਾ ਮਿਆਦੀ ਬਜਟ ਪੇਸ਼ ਕੀਤਾ ਜਿਸ ਨੂੰ ਜਨਰਲ ਇਜਲਾਸ ਵਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ ਅਤੇ 43,50,100 ਦੇ ਖਰਚੇ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਅਨੁਸਾਰ ਅਕਾਡਮੀ ਦੀਆਂ ਯੋਜਨਾਵਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ। ਇਸ ਮੌਕੇ ਗਿਆਰਾਂ ਨਵੇਂ ਮੈਂਬਰਾਂ ਦੀ ਮੈਂਬਰਸ਼ਿਪ ਨੂੰ ਪ੍ਰਵਾਨਗੀ ਦਿੱਤੀ ਗਈ।
ਜਨਰਲ ਇਜਲਾਸ ਵਲੋਂ ਸਰਬਸੰਮਤੀ ਨਾਲ ਮਤੇ ਪਾਸ ਕੀਤੇ ਗਏ :
1. ਕੇਂਦਰ ਸਰਕਾਰ ਵਲੋਂ ਭਾਰਤ ਵਿਚ ਸਰਕਾਰੀ ਤੌਰ ’ਤੇ ਵਿਭਿੰਨ ਖੇਤਰੀ ਮਾਤ ਭਾਸ਼ਾਵਾਂ ਨੂੰ ਅੱਖੋਂ ਪਰੋਖੇ ਕਰਕੇ ਹਿੰਦੀ ਭਾਸ਼ਾ ਨੂੰ ਸਰਕਾਰੀ ਤੌਰ ’ਤੇ ਦੇਸ ਵਿਦੇਸ਼ ਵਿਚ ਪਹਿਲ ਦੇਣ ਦਾ ਵਿਰੋਧ ਕਰਦੇ ਹੋਏ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਆਪਣੇ ਜਨਰਲ ਇਜਲਾਸ ਵਿਚ ਸਰਬ ਸੰਮਤੀ ਨਾਲ ਨਿੰਦਾ ਕਰਦੀ ਹੈ।
2. ਪੰਜਾਬੀ ਦੇ ਪ੍ਰਸਿੱਧ ਤੇ ਬਜ਼ੁਰਗ ਸੂਫ਼ੀ ਗਾਇਕ ਸ੍ਰੀ ਬਰਕਤ ਸਿੱਧੂ ਜੀ ਦੇ ਸਖ਼ਤ ਬਿਮਾਰ ਹੋਣ ’ਤੇ ਉਨ੍ਹਾਂ ਦੀ ਸਿਹਤਯਾਬੀ ਲਈ ਅਤੇ ਨੇ ਪਰਿਵਾਰ ਦੀ ਸਹਾਇਤਾ ਲਈ ਅਪੀਲ ਕੀਤੀ।
3. ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਪੰਜਾਬੀ ਮਾਤ ਭਾਸ਼ਾ ਨੂੰ ਅਦਾਲਤੀ ਭਾਸ਼ਾ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੀ ਹੈ ਤਾਂ ਕਿ ਇਨਸਾਫ਼ ਸਮੂਹ ਲੋਕਾਈ ਦੀ ਪਹੁੰਚ ਵਿਚ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਐਸ.ਪੀ. ਸਿੰਘ, ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਤੇਜਵੰਤ ਸਿੰਘ ਗਿੱਲ, ਡਾ. ਸੁਰਜੀਤ ਸਿੰਘ, ਸ੍ਰੀ ਸੁਰਿੰਦਰ ਕੈਲੇ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਸੀ. ਮਾਰਕੰਡਾ, ਡਾ. ਸੁਦਰਸ਼ਨ ਗਾਸੋ, ਡਾ. ਗੁਲਜ਼ਾਰ ਸਿੰਘ ਪੰਧੇਰ, ਖੁਸ਼ਵੰਤ ਬਰਗਾੜੀ, ਬੀਬਾ ਬਲਵੰਤ, ਡਾ. ਭੀਮ ਇੰਦਰ ਸਿੰਘ, ਡਾ. ਹਰਵਿੰਦਰ ਸਿਰਸਾ, ਤਰਸੇਮ ਬਰਨਾਲਾ, ਡਾ. ਨੀਤੂ ਅਰੋੜਾ, ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ, ਸ. ਜਨਮੇਜਾ ਸਿੰਘ ਜੌਹਲ, ਸ. ਭੁਪਿੰਦਰ ਸਿੰਘ ਸੰਧੂ, ਸ. ਲਾਲ ਸਿੰਘ ਦਸੂਹਾ, ਡਾ. ਤੇਜਵੰਤ ਮਾਨ, ਡਾ. ਲਾਭ ਸਿੰਘ ਖੀਵਾ, ਡਾ. ਗੁਰਇਕਬਾਲ ਸਿੰਘ, ਡਾ. ਨਿਰਮਲ ਜੌੜਾ, ਹਰਮੀਤ ਵਿਦਿਆਰਥੀ, ਮਹਿੰਦਰ ਸਾਥੀ, ਡਾ. ਰਣਜੀਤ ਸਿੰਘ, ਕੁਲਦੀਪ ਸਿੰਘ ਬੇਦੀ, ਡਾ. ਸੁਖਚੈਨ ਸਿੰਘ, ਸ. ਕਰਮਜੀਤ ਸਿੰਘ ਔਜਲਾ, ਹਰਭਜਨ ਬਾਜਵਾ, ਡਾ. ਜੋਗਾ ਸਿੰਘ, ਸੁਖਦੇਵ ਪ੍ਰੇਮੀ, ਸੰਧੂ ਬਟਾਲਵੀ, ਅਜੀਤ ਕਮਲ, ਜਸਵੰਤ ਹਾਂਸ, ਵਰਗਿਸ ਸਲਾਮਤ, ਸੁਰਿੰਦਰ ਸਿੰਘ ਨਿਮਾਣਾ, ਦੇਵਿੰਦਰ ਦੀਦਾਰ, ਕਰਮ ਸਿੰਘ ਵਕੀਲ, ਜਸਵੀਰ ਝੱਜ, ਤਰਲੋਚਨ ਝਾਂਡੇ, ਹਰਦੀਪ ਢਿੱਲੋਂ, ਦੀਪ ਦਵਿੰਦਰ, ਸੁਖਚਰਨ ਸਿੰਘ ਸਿੱਧੂ, ਸੁਲੱਖਣ ਸਰਹੱਦੀ, ਸੁਖਦਰਸ਼ਨ ਗਰਗ ਸਮੇਤ ਪੰਜਾਬ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ਵਿਚ ਸਾਹਿਤਕਾਰਾਂ ਨੇ ਹਾਜ਼ਰੀ ਭਰੀ ਅਤੇ ਬਹਿਸ ਵਿਚ ਹਿੱਸਾ ਲਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਜਨਰਲ ਇਜਲਾਸ ਮੌਕੇ ਪ੍ਰਸਿੱਧ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਸਨਮਾਨਤ
This entry was posted in ਸਰਗਰਮੀਆਂ.