ਚੰਡੀਗੜ੍ਹ – ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਕਾਲੀ-ਭਾਜਪਾ ਦੇ ਹਾਲ ਹੀ ਵਿੱਚ ਲੋਕ ਸਭਾ ਚੋਣਾਂ ਵਿੱਚ ਜਿੱਤੇ 6 ਸੰਸਦ ਮੈਂਬਰਾਂ ਦੀ ਜਿੱਤ ਨੂੰ ਚੁਣੌਤੀ ਦਿੱਤੀ ਗਈ ਹੈ। ਇਨ੍ਹਾਂ ਸਾਰੇ ਨੇਤਾਵਾਂ ਤੇ ਚੋਣਾਂ ਵਿੱਚ ਨਿਰਧਾਰਿਤ ਸੀਮਾ ਤੋਂ ਅਧਿਕ ਧੰਨ ਖਰਚ ਕਰਨ ਦਾ ਆਰੋਪ ਹੈ।ਰਣਜੀਤ ਸਿੰਘ ਬ੍ਰਹਮਪੁਰਾ, ਵਿਜੈ ਸਾਂਪਲਾ, ਸ਼ੇਰ ਸਿੰਘ ਘੁਬਾਇਆ, ਪਰੇਮ ਸਿੰਘ ਚੰਦੂਮਾਜਰਾ, ਵਿਨੋਦ ਖੰਨਾ ਅਤੇ ਹਰਸਿਮਰਤ ਕੌਰ ਬਾਦਲ ਦੀ ਚੋਣਾਂ ਵਿੱਚ ਹੋਈ ਜਿੱਤ ਨੂੰ ਸਥਾਨਕ ਵੋਟਰਾਂ ਨੇ ਵੱਖ-ਵੱਖ ਦਰਖਾਸਤਾਂ ਵਿੱਚ ਚੁਣੌਤੀ ਦਿੱਤੀ ਹੈ। ਇਨ੍ਹਾਂ ਪਟੀਸ਼ਨਾਂ ਵਿੱਚ ਚੋਣਾਂ ਨੂੰ ਖਾਰਿਜ਼ ਕਰਨ ਦੀ ਮੰਗ ਕੀਤੀ ਗਈ ਹੈ। ਸਾਰੀਆਂ ਦਰਖਾਸਤਾਂ ਸਕਰੂਟਨੀ ਤੋਂ ਬਾਅਦ ਇਲੈਕਸ਼ਨ ਬੈਂਚ ਨੂੰ ਸੁਣਵਾਈ ਲਈ ਭੇਜੀਆਂ ਜਾਣਗੀਆਂ।
ਬੀਜੇਪੀ ਦੀ ਟਿਕਟ ਤੇ ਗੁਰਦਾਸਪੁਰ ਤੋਂ ਚੋਣ ਜਿੱਤੇ ਸੰਸਦ ਮੈਂਬਰ ਵਿਨੋਦ ਖੰਨਾ ਦੀ ਚੋਣ ਨੂੰ ਨੀਰਜ ਮਲਹੋਤਰਾ ਨੇ ਚੁਣੌਤੀ ਦਿੱਤੀ ਹੈ। ਸਿ਼ਅਦ ਦੀ ਟਿਕਟ ਤੇ ਆਨੰਦਪੁਰ ਸਾਹਿਬ ਤੋਂ ਚੋਣ ਜਿੱਤੇ ਪਰੇਮ ਸਿੰਘ ਚੰਦੂਮਾਜਰਾ ਨੂੰ ਸਥਾਨਕ ਵੋਟਰ ਹਰਭਾਗ ਸਿੰਘ ਨੇ ਚੁਣੌਤੀ ਦਿੱਤੀ ਹੈ। ਸਿ਼ਅਦ ਦੀ ਟਿਕਟ ਤੇ ਹੀ ਫਿਰੋਜ਼ਪੁਰ ਤੋਂ ਚੋਣ ਜਿੱਤੇ ਸ਼ੇਰ ਸਿੰਘ ਘੁਬਾਇਆ ਨੂੰ ਭੁਪਿੰਦਰ ਸਿੰਘ ਨੇ ਚੁਣੌਤੀ ਦਿੱਤੀ ਹੈ। ਬੀਜੇਪੀ ਦੀ ਟਿਕਟ ਤੇ ਜਿੱਤ ਪ੍ਰਾਪਤ ਕਰਨ ਵਾਲੇ ਵਿਜੈ ਸਾਂਪਲਾ ਦੇ ਖਿਲਾਫ਼ ਇੰਦਰਪਾਲ ਸਿੰਘ ਨੇ ਪਟੀਸ਼ਨ ਦਾਇਰ ਕੀਤੀ ਹੈ।ਸਿ਼ਅਦ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਡੱਬਵਾਲੀ ਨਿਵਾਸੀ ਨਵਜੋਤ ਸਿੰਘ ਨੇ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਖਿਲਾਫ਼ ਹਰਮਿੰਦਰ ਸਿੰਘ ਨੇ ਪਟੀਸ਼ਨ ਦਾਇਰ ਕਰਕੇ ਚੁਣੌਤੀ ਦਿੱਤੀ ਹੈ।
ਹਰਸਿਮਰਤ ਕੌਰ ਤੇ ਭ੍ਰਿਸ਼ਟ ਸਾਧਨਾਂ ਦਾ ਇਸਤੇਮਾਲ ਕਰਕੇ ਚੋਣ ਜਿੱਤਣ ਦਾ ਆਰੋਪ ਲਗਾਇਆ ਗਿਆ ਹੈ ਅਤੇ ਰੀਪ੍ਰੈਜੇਂਟੇਸ਼ਨ ਆਫ਼ ਪੀਪਲ ਐਕਟ ਦੇ ਤਹਿਤ ਚੋਣ ਨੂੰ ਖਾਰਿਜ਼ ਕਰਨ ਦੀ ਮੰਗ ਕੀਤੀ ਗਈ ਹੈ। ਦੋ ਟੀਵੀ ਚੈਨਲਾਂ ਤੇ ਵੀ ਚੋਣ ਪਰਚਾਰ ਕਰਨ ਦਾ ਆਰੋਪ ਲਗਾਇਆ ਗਿਆ ਹੈ। ਟੀਵੀ ਚੈਨਲਾਂ ਤੇ ਲਗਾਤਾਰ 21 ਦਿਨ ਚੋਣ ਪਰਚਾਰ ਕੀਤਾ ਗਿਆ। ਚੋਣ ਪਰਚਾਰ ਤੇ 105 ਕਰੋੜ ਤੋਂ ਵੱਧ ਖਰਚ ਕੀਤਾ ਗਿਆ, ਜੋ ਕਿ ਤੈਅ ਖਰਚ ਤੋਂ ਕਿਤੇ ਵੱਧ ਹੈ।ਧਰਮ ਦੇ ਨਾਂ ਤੇ ਵੀ ਵੋਟ ਮੰਗੇ ਗਏ ਹਨ। ਹਰਸਿਮਰਤ ਕੌਰ ਤੋਂ ਇਲਾਵਾ ਬਾਕੀ ਦੇ 5 ਸੰਸਦ ਮੈਂਬਰਾਂ ਤੇ ਵੀ ਚੋਣ ਪਰਚਾਰ ਤੇ ਤੈਅ ਸੀਮਾ ਤੋਂ ਵੱਧ ਰਕਮ ਖਰਚ ਕਰਨ ਦਾ ਆਰੋਪ ਲਗਾਇਆ ਗਿਆ ਹੈ।
ਅਕਾਲੀ-ਭਾਜਪਾ ਦੇ 6 ਸਾਂਸਦਾ ਦੀ ਜਿੱਤ ਨੂੰ ਦਿੱਤੀ ਹਾਈਕੋਰਟ ‘ਚ ਚੁਣੌਤੀ
This entry was posted in ਪੰਜਾਬ.