ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਾਈ ਮਤੀ ਦਾਸ ਸੇਵਕ ਜੱਥੇ ਵੱਲੋਂ ਸਮਰ ਕੈਂਪ ਲਗਾਇਆ ਗਿਆ। ਗੁਰਦੁਆਰਾ ਗੀਤਾ ਕਲੌਨੀ 13 ਬਲਾਕ ਵਿਖੇ ਲਗਾਏ ਗਏ ਇਸ ਕੈਂਪ ‘ਚ ਗੁਰਮਤਿ ਦੀ ਸਿੱਖਿਆ ਦੇਣ ਤੋਂ ਇਲਾਵਾ ਇੰਗਲੀਸ਼ ਸਪੀਕਿੰਗ ਅਤੇ ਗ੍ਰਾਮਰ ਦੇ ਬਾਰੇ ਵੱਡੇ ਪੱਧਰ ਤੇ ਜਾਣਕਾਰੀ ਦਿੱਤੀ ਗਈ। ਲਗਭਗ 165 ਬੱਚਿਆਂ ਨੇ ਇਸ ਕੈਂਪ ‘ਚ ਭਾਗ ਲੈਣ ਤੋਂ ਉਪਰੰਤ ਇਸ ਤਰ੍ਹਾਂ ਦੇ ਕੈਂਪ ਹਰ ਸਾਲ ਤੇ ਹਰ ਥਾਂ ਤੇ ਲਗਾਉਣ ਦੀ ਅਪੀਲ ਕੀਤੀ।
ਇਸ ਕੈਂਪ ‘ਚ ਸਰਕਾਰੀ ਸਕੁੂਲਾਂ ਦੇ 80% ਗੈਰ ਸਿੱਖ ਬੱਚਿਆ ਨੇ ਗਰਮਜੋਸ਼ੀ ਨਾਲ ਹਿੱਸਾ ਲੈਂਦੇ ਹੋਏ ਪਬਲਿਕ ਸਕੂਲਾਂ ‘ਚ ਪੜਦੇ ਬੱਚਿਆਂ ਨੂੰ ਇਨਾਮਾਂ ਦੀ ਘੋਸ਼ਣਾ ਵੇਲੇ ਪਛਾੜ ਦਿੱਤਾ। ਇਸ ਮੌਕੇ ਦਿੱਲੀ ਕਮੇਟੀ ਮੈਂਬਰ ਮਨਮੋਹਨ ਸਿੰਘ ਵੱਲੋਂ ਕੈਂਪ ਸਿਖਲਾਈ ਦੌਰਾਨ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਸਿਮਰਣ ਕੌਰ, ਦੂਜਾ ਸਥਾਨ ਪ੍ਰਿਆ ਰਸਤੋਗੀ, ਤੀਜਾ ਸਥਾਨ ਅਨੀਤਾ ਯਾਦਵ ਅਤੇ ਚੌਥਾ ਸਥਾਨ ਬਿਟੂ ਨੂੰ ਭਾਈ ਅਮਨਦੀਪ ਸਿੰਘ ਗੁਰਦੁਆਰਾ ਮਾਤਾ ਕੌਲਾ ਜੀ ਅੰਮ੍ਰਿਤਸਰ ਵਾਲਿਆਂ ਦੇ ਨਾਲ ਸਰਟੀਫਿਕੇਟ ਅਤੇ ਇਨਾਮ ਪ੍ਰਦਾਨ ਕੀਤੇ। ਜਥੇ ਦੀ ਮੁੱਖੀ ਬੀਬੀ ਜਗਜੀਤ ਕੌਰ ਨੇ ਦਿੱਲੀ ਕਮੇਟੀ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਵੀ ਇਹ ਕੈਂਪ ਲਗਾਉਣ ਦਾ ਐਲਾਨ ਕੀਤਾ। ਇਲਾਕੇ ਦੇ ਪਤਵੰਤੇ ਸੱਜਣ ਹਰਪਾਲ ਸਿੰਘ, ਪ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ ਅਤੇ ਸਵਰਨ ਸਿੰਘ ਵੀ ਇਸ ਮੌਕੇ ਮੌਜੂਦ ਸਨ।
ਸਮਰ ਕੈਂਪ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ
This entry was posted in ਭਾਰਤ.