ਫ਼ਤਹਿਗੜ੍ਹ ਸਾਹਿਬ – “ਸਿੱਖ ਕੌਮ ਦਾ ਬੀਤੇ ਸਮੇਂ ਦਾ ਇਤਿਹਾਸ ਇਸ ਗੱਲ ਦੀ ਪ੍ਰਤੱਖ ਗਵਾਹੀ ਭਰਦਾ ਹੈ ਕਿ ਜਦੋ ਵੀ ਕੋਈ ਸਿੱਖ ਕੌਮ ਸਾਹਮਣੇ ਵੱਡਾ ਮਸਲਾ ਆਉਦਾ ਹੈ ਤਾਂ ਉਸਦੇ ਜਥੇਦਾਰ, ਸਿਆਸਤਦਾਨ ਅਤੇ ਧਾਰਮਿਕ ਰਹਿਨੁਮਾ ਇਕੱਤਰ ਹੋ ਕੇ ਸਮੁੱਚੀ ਸਿੱਖ ਕੌਮ ਨੂੰ ਇਕੱਤਰ ਰੱਖਦੇ ਹੋਏ, ਜ਼ਾਬਰਾਂ ਅਤੇ ਜ਼ਾਲਮਾਂ ਵਿਰੁੱਧ ਕਿਸੇ ਨੇਕ ਮਿਸਨ ਦੀ ਪ੍ਰਾਪਤੀ ਲਈ “ਮੋਰਚਾ” ਲਗਾਉਣ ਦੀ ਕੌਮੀ ਜਿੰਮੇਵਾਰੀ ਨਿਭਾਉਦੇ ਹਨ । ਇਹ ਮੋਰਚੇ ਉਦੋ ਤੱਕ ਚੱਲਦੇ ਸਨ, ਜਦੋ ਤੱਕ ਮਿਸਨ ਦੀ ਪ੍ਰਾਪਤੀ ਨਹੀਂ ਹੋ ਜਾਂਦੀ ਸੀ । ਲੇਕਿਨ ਹਰਿਆਣੇ ਦੇ ਮੁੱਦੇ ਉਤੇ ਜਥੇਦਾਰ ਸਾਹਿਬਾਨ, ਐਸ.ਜੀ.ਪੀ.ਸੀ. ਅਤੇ ਸ. ਬਾਦਲ ਵਰਗੇ ਸਿਆਸਤਦਾਨਾਂ ਵੱਲੋਂ ਕਾਨੂੰਨੀ ਚਾਰਜੋਈ ਕਰਨ ਦੇ ਦਿੱਤੇ ਬਿਆਨ, ਸਿੱਖੀ ਮਹਾਨ ਸੰਸਥਾਵਾਂ ਅਤੇ ਸਿੱਖੀ ਫੈਸਲਿਆਂ ਨੂੰ ਇਹਨਾਂ ਦੁਨਿਆਵੀ ਅਦਾਲਤਾਂ ਜਾਂ ਕਾਨੂੰਨ ਦੇ ਦਾਇਰੇ ਵਿਚ ਪ੍ਰਵਾਨ ਕਰਕੇ ਸਿੱਖੀ ਦੇ ਵੱਡੇ ਫਖ਼ਰ ਵਾਲੇ ਅਕਸ ਨੂੰ ਬੌਣਾ ਬਣਾਉਣ ਦੇ ਤੁੱਲ ਦੁੱਖਦਾਇਕ ਅਮਲ ਹਨ । ਅਸਲੀਅਤ ਵਿਚ ਸੈਟਰ ਵਿਚ ਕਾਬਜ ਹੋਣ ਵਾਲੀਆਂ ਜਮਾਤਾਂ ਕਾਂਗਰਸ ਜਾਂ ਬੀਜੇਪੀ ਜਾਂ ਆਰ.ਐਸ.ਐਸ. ਆਦਿ ਦੇ ਗੁਲਾਮ ਬਣਨ ਦੀਆਂ ਨਿਸ਼ਾਨੀਆਂ ਹਨ । ਜਿਸ ਨੂੰ ਸਿੱਖ ਕੌਮ ਕਦੀ ਵੀ ਪ੍ਰਵਾਨ ਨਹੀਂ ਕਰੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸਾਹਿਬਾਨ, ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਬੰਧ ਉਤੇ ਬੈਠੇ ਆਗੂਆਂ ਅਤੇ ਪੰਜਾਬ ਦੀ ਸਿਆਸਤ ਉਤੇ ਕਾਬਜ ਸ. ਬਾਦਲ ਵਰਗੇ ਸਿਆਸਤਦਾਨਾਂ ਦੀਆਂ ਸੌੜੀ ਅਤੇ ਸਵਾਰਥੀ ਸੋਚ ਵਾਲੇ ਅਮਲਾ ਦੀ ਪੁਰਜੋਰ ਸ਼ਬਦਾਂ ਵਿੱਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸਿੱਖ ਕੌਮ ਦੇ ਫੈਸਲੇ ਸਿੱਖ ਕੌਮ ਦੀ ਸਰਬਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬੈਠਕੇ ਗੁਰੂ ਸ਼ਬਦ ਤੋ ਸੇਧ ਲੈਕੇ ਆਪਸੀ ਵਿਚਾਰ ਗੋਸਟੀ ਵਿਚੋ ਨਿਕਲੇ ਸਰਬ ਸੰਮਤੀ ਦੇ ਵਿਚਾਰਾਂ ਅਨੁਸਾਰ ਹੁੰਦੇ ਹਨ । ਕਿਉਂਕਿ ਸਿੱਖ ਕੌਮ ਦੁਨਿਆਵੀ ਅਦਾਲਤਾਂ, ਜੱ਼ਜਾ ਜਾਂ ਹਿੰਦੂ ਵਿਧਾਨ ਦੇ ਕਾਨੂੰਨਾਂ ਦੀ ਕਦੀ ਵੀ ਮੁਥਾਜ ਨਹੀਂ ਰਹੀ । ਜਿਵੇ ਹੁਣ ਜਥੇਦਾਰ ਸਾਹਿਬਾਨ, ਸ੍ਰੀ ਮੱਕੜ ਅਤੇ ਸ. ਬਾਦਲ ਹਿੰਦ ਦੇ ਜ਼ਾਬਰ ਅਤੇ ਵਿਤਕਰੇ ਭਰੇ ਕਾਨੂੰਨਾਂ, ਵਿਧਾਨ ਅਤੇ ਅਦਾਲਤੀ ਆੜ ਲੈਕੇ ਇਹਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਕੇ ਸਿੱਖ ਕੌਮ ਨੂੰ ਫਿਰ ਤੋ ਹਿੰਦੂਤਵ ਦਾ ਗੁਲਾਮ ਕਰਨ ਦੇ ਅਮਲ ਕਰ ਰਹੇ ਹਨ ।
ਉਹਨਾਂ ਕਿਹਾ ਕਿ ਮੋਰਚਿਆ ਦੇ ਇਤਿਹਾਸ ਨੂੰ ਵਿਸਾਰਕੇ ਬਹੁਗਿਣਤੀ ਹਿੰਦੂਤਵ ਸੋਚ ਨੂੰ ਪੂਰਨ ਕਰਨ ਵਾਲੇ ਕਾਨੂੰਨਾਂ ਨੂੰ ਮਾਨਤਾ ਦੇਣ ਵਾਲੇ ਜਥੇਦਾਰ ਸਾਹਿਬਾਨ, ਸ੍ਰੀ ਮੱਕੜ ਤੇ ਸ. ਬਾਦਲ ਸਿੱਖ ਕੌਮ ਦੇ ਫਖ਼ਰ ਵਾਲੇ ਇਤਿਹਾਸ ਨੂੰ ਅਤੇ ਗੁਰੂ ਸਾਹਿਬਾਨ ਵੱਲੋਂ ਕਾਇਮ ਕੀਤੇ ਗਏ ਸਿਧਾਤਾਂ ਨੂੰ ਪੂਰਨ ਤੌਰ ਤੇ ਪਿੱਠ ਦੇ ਚੁੱਕੇ ਹਨ । ਜਦੋਕਿ ਇਹ ਸਭ ਨੂੰ ਪਤਾ ਹੈ ਕਿ ਹਿੰਦੂ ਹੁਕਮਰਾਨ, ਹਿੰਦੂ ਕਾਨੂੰਨ, ਵਿਧਾਨ, ਅਦਾਲਤਾਂ ਨੇ ਸਿੱਖ ਕੌਮ ਨੂੰ ਕਦੀ ਇਨਸਾਫ਼ ਨਹੀਂ ਦਿੱਤਾ । ਇਹਨਾਂ ਆਗੂਆਂ ਨੂੰ ਸੁਬੋਧਿਤ ਹੁੰਦੇ ਹੋਏ ਕਿਹਾ ਕਿ ਜੇਕਰ ਉਹਨਾਂ ਵਿਚ ਸਿੱਖੀ ਸੋਚ ਅਤੇ ਇਨਸਾਨੀਅਤ ਦੀ ਕੋਈ ਕਣੀ ਬਾਕੀ ਹੈ ਅਤੇ ਉਹ ਸਿੱਖ ਕੌਮ ਨੂੰ ਭਰਾਮਾਰੂ ਜੰਗ ਤੋਂ ਦੂਰ ਰੱਖਕੇ ਮਿੱਥੀ ਮੰਜਿ਼ਲ ਉਤੇ ਪਹੁੰਚਾਉਣ ਲਈ ਇਮਾਨਦਾਰ ਹਨ ਤਾਂ ਉਹ ਹਿੰਦੂ ਹੁਕਮਰਾਨਾਂ ਬੀਜੇਪੀ, ਆਰ.ਐਸ.ਐਸ, ਕਾਂਗਰਸ ਆਦਿ ਹਿੰਦੂਤਵ ਜਮਾਤਾਂ ਦੀ ਗੁਲਾਮੀਅਤ ਵਿਚੋ ਨਿਕਲਕੇ ਆਪਣੇ ਕੌਮੀ ਇਤਿਹਾਸਿਕ “ਮੋਰਚਿਆਂ” ਦੀ ਰਵਾਇਤ ਤੋ ਸੇਧ ਲੈਦੇ ਹੋਏ ਸਿੱਖ ਮਸਲਿਆਂ ਨੂੰ ਹੱਲ ਕਰਵਾਉਣ ਅਤੇ ਸਿੱਖ ਕੌਮ ਨੂੰ ਇਕ ਪਲੇਟਫਾਰਮ ਤੇ ਕਾਇਮ ਰੱਖਣ ਲਈ ਸੈਟਰ ਦੀ ਬੀਜੇਪੀ ਦੀ ਮੁਤੱਸਵੀ ਜਮਾਤ ਵਿਰੁੱਧ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਫੈਸਲਾਕੁੰਨ ਮੋਰਚਾ ਲਗਾਉਣ ਦਾ ਐਲਾਨ ਕਰਨ । ਵਰਨਾ ਇਹ ਕਾਨੂੰਨੀ ਪ੍ਰਕਿਰਿਆਵਾਂ ਨੂੰ ਪ੍ਰਵਾਨ ਕਰਕੇ ਤਾਂ ਉਹ ਆਪਣੀ ਗੁਲਾਮੀਅਤ ਦੀ ਪੱਕੀ ਮੋਹਰ ਹੀ ਲਗਾ ਰਹੇ ਹਨ ਅਤੇ ਸਿੱਖ ਕੌਮ ਨਾਲ ਸੰਬੰਧਤ ਸਮੁੱਚੇ ਅਤਿ ਸੰਜ਼ੀਦਾਂ ਮਸਲਿਆਂ ਨੂੰ ਹੱਲ ਕਰਨ ਦੀ ਬਜ਼ਾਇ ਹੋਰ ਪੇਚੀਦਾ ਕਰ ਰਹੇ ਹੋਣਗੇ । ਉਹਨਾਂ ਉਮੀਦ ਪ੍ਰਗਟ ਕੀਤੀ ਕਿ ਜਥੇਦਾਰ ਸਾਹਿਬਾਨ, ਸ੍ਰੀ ਅਵਤਾਰ ਸਿੰਘ ਮੱਕੜ, ਸ. ਪ੍ਰਕਾਸ਼ ਸਿੰਘ ਬਾਦਲ ਸਿੱਖ ਕੌਮ ਨੂੰ ਹਿੰਦੂਤਵ ਤਾਕਤਾਂ ਤੋ ਹੋਰ ਜ਼ਲੀਲ ਕਰਵਾਉਣ ਦੇ ਦੁੱਖਦਾਇਕ ਅਮਲਾਂ ਤੋ ਤੋਬਾ ਕਰਕੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਰ੍ਹਾਂ ਕੌਮੀ ਮੋਰਚਾਂ ਲਗਾਉਣ ਲਈ ਸੁਹਿਰਦਤਾ ਤੇ ਦ੍ਰਿੜਤਾ ਨਾਲ ਅਮਲ ਕਰਨਗੇ ਅਤੇ ਸਿੱਖ ਕੌਮ ਦੀ ਮੰਝਧਾਰ ਵਿਚ ਡਿੱਕ-ਡੋਲੇ ਖਾਂਦੀ ਬੇੜੀ ਨੂੰ ਕਿਨਾਰੇ ਤੇ ਪਹੁੰਚਾਉਣ ਵਿਚ ਸੰਜ਼ੀਦਾ ਯਤਨ ਤੇ ਉਦਮ ਕਰਨਗੇ ।