ਤਲਵੰਡੀ ਸਾਬੋ- ਗਰੂੁ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵੱਲੋਂ ਸਿੱਖਿਆ ਦੇ ਨਾਲ-ਨਾਲ ਸਮਾਜਿਕ ਸਰੋਕਾਰਾਂ ਲਈ ਪ੍ਰਤੀਬੱਧਤਾ ਦੀ ਲੜੀ ਤਹਿਤ ਪੰਜਾਬ ਪੁਲਿਸ ਬਠਿੰਡਾ ਅਤੇ ਇਲਾਕੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜਾਗਰੂਕਤਾ ਪੈਦਾ ਕਰਨ ਲਈ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ।
ਇਸ ਸਮਾਗਮ ਦੇ ਮੁੱਖ ਮਹਿਮਾਨ ਬਠਿੰਡਾ ਰੇਂਜ ਦੇ ਡੀ. ਆਈ. ਜੀ. ਸ੍ਰ. ਅਮਰ ਸਿੰਘ ਚਹਿਲ (ਆਈ. ਪੀ. ਐੱਸ.) ਸਨ । ਸਮਾਗਮ ਵਿਚ ਭਾਰੀ ਗਿਣਤੀ ਵਿਚ ਯੂਨੀਵਰਸਿਟੀ ਅਧਿਆਪਕਾਂ, ਵਿਦਿਆਰਥੀਆਂ ਅਤੇ ਗੈਰ ਅਧਿਆਪਕੀ ਅਮਲੇ ਤੋਂ ਬਿਨਾਂ ਇਲਾਕੇ ਭਰ ਤੋਂ ਪੰਚਾਇਤਾਂ ਦੇ ਨੁਮਾਇੰਦੇ ਅਤੇ ਆਮ ਲੋਕ ਸ਼ਾਮਲ ਹੋਏ । ਨਸ਼ਿਆਂ ਦੇ ਮਾਰੂ ਪ੍ਰਭਾਵ ਅਤੇ ਸਮਕਾਲੀ ਸਮਾਜ ਵਿਚ ਇਕ ਕੋਹੜ ਵਾਂਗ ਇਸ ਵਿਕਾਰ ਦੇ ਫੈਲਾਅ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਪ੍ਰਮੁੱਖ ਬੁਲਾਰਿਆਂ ਵਿਚ ਸ੍ਰ. ਜਸਕਰਨ ਸਿੰਘ ਸਿਵੀਆਂ ਅਤੇ ਸ੍ਰ. ਸ਼ਮਸ਼ੇਰ ਸਿੰਘ ਸਬ-ਇੰਸਪੈਕਟਰ ਸ਼ਾਮਲ ਸਨ ਇਨ੍ਹਾਂ ਬੁਲਾਰਿਆਂ ਨੇ ਪੰਜਾਬ ਵਿਚ ਨਸ਼ਿਆਂ ਵਿਰੁੱਧ ਲਹਿਰ ਦੇ ਹੱਕ ਵਿਚ ਭਾਰੀ ਜਨ-ਸਮਰਥਨ ਨੂੰ ਸਮੇਂ ਦੀ ਲੋੜ ਕਿਹਾ । ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਸਤੀਸ਼ ਗੋਸਵਾਮੀ ਨੇ ਸਵਾਗਤੀ ਭਾਸ਼ਣ ਵਿਚ ਬੋਲਦਿਆਂ ਅਜਿਹੇ ਸਮਾਜਕ-ਕਾਰਜਾਂ ਪ੍ਰਤੀ ਭਵਿੱਖ ਵਿਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਗਤੀਸ਼ੀਲਤਾ ਦਾ ਵਾਅਦਾ ਕੀਤਾ ।ਸ੍ਰ. ਅਮਰ ਸਿੰਘ ਚਹਿਲ ਡੀ. ਆਈ. ਜੀ. ਬਠਿੰਡਾ ਰੇਂਜ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਪੰਜਾਬ ਦੀ ਵਰਤਮਾਨ ਦਸ਼ਾ ਨੂੰ ਅਫਸੋਸਨਾਕ ਆਖਿਆ । ਉਨ੍ਹਾਂ ਕਿਹਾ ਕਿ ਨਸ਼ਾਖੋਰੀ ਕੋਈ ਬਿਮਾਰੀ ਨਹੀਂ ਸਗੋਂ ਮਾਨਸਿਕ ਅਸਾਵਾਂਪਨ ਹੈ । ਨਸ਼ਿਆਂ ਨੇ ਲੋਕਾਂ ਦੀ ਸਮਾਜਕ ਜ਼ਿੰਦਗੀ ਨੂੰ ਪਿਛਾਂਹ ਖਿੱਚੂ ਕੀਮਤਾਂ ਪ੍ਰਦਾਨ ਕੀਤੀਆਂ ਹਨ । ਉਨ੍ਹਾਂ ਕਿਹਾ ਕਿ ਭਾਵੇਂ ਇਹ ਇਲਾਕਾ ਨਵੀਨ ਕਿਸਮ ਦੇ ਨਸ਼ਿਆਂ ਤੋਂ ਬਚਿਆ ਹੋਇਆ ਹੈ, ਪਰ ਰਵਾਇਤੀ ਨਸ਼ੇ ਵੀ ਲੋਕਾਂ ਦਾ ਘਾਣ ਵੱਡੀ ਪੱਧਰ ‘ਤੇ ਕਰ ਰਹੇ ਹਨ । ਉਨ੍ਹਾਂ ਹਾਜ਼ਰ ਲੋਕਾਂ ਦਾ ਸਮਰਥਨ ਹੱਥ ਖੜ੍ਹੇ ਕਰਕੇ ਪ੍ਰਾਪਤ ਕੀਤਾ । ਲੋਕਾਂ ਨੇ ਆਪਣੇ ਆਸ-ਪਾਸ ਨਸ਼ਾਖੋਰੀ ਖਿਲਾਫ ਕੰਮ ਕਰਨ ਦਾ ਪ੍ਰਣ ਵੀ ਕੀਤਾ । ਇਸ ਮੌਕੇ ਡਾ. ਨਰਿੰਦਰ ਸਿੰਘ ਡਾਇਰੈਕਟਰ ਫਾਇਨਾਂਸ ਕੈਂਪਸ ਗੁਰੂ ਕਾਸ਼ੀ ਯੂਨੀਵਰਸਿਟੀ, ਸ੍ਰ. ਸ਼ਿੰਦਰ ਸਿੰਘ (ਐੱਸ. ਪੀ.) ਪੀ.ਪੀ. ਐੱਸ., ਸੁਵਿਧਾ ਕੇਂਦਰ ਬਠਿੰਡਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਭਾਗਾਂ ਦੇ ਮੁਖੀ ਅਤੇ ਡੀਨ ਸਾਹਿਬਾਨ ਹਾਜ਼ਰ ਸਨ । ਅੰਤ ‘ਤੇ ਸਭ ਦਾ ਧੰਨਵਾਦ ਕਰਦਿਆਂ ਸ੍ਰ. ਮਲਕੀਤ ਸਿੰਘ ਡੀ. ਐੱਸ. ਪੀ. ਤਲਵੰਡੀ ਸਾਬੋ ਨੇ ਅਜਿਹੇ ਸਮਾਗਮ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਸਮੁੱਚੇ ਸਮਾਗਮ ਦੀ ਕਾਰਵਾਈ ਸਾਂਝੇ ਰੂਪ ਵਿਚ ਸਬ-ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਪ੍ਰੋ. ਸੁੱਖਦਵਿੰਦਰ ਸਿੰਘ ਕੌੜਾ ਨੇ ਚਲਾਈ ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਸ਼ਾਖੋਰੀ ਦੇ ਵਿਰੋਧ ਸਬੰਧੀ ਸੈਮੀਨਾਰ
This entry was posted in ਪੰਜਾਬ.