ਨਵੀਂ ਦਿੱਲੀ :- ਸ਼੍ਰੋਮਣੀ ਅਕਾਲੀ ਦਲ ਸਰਨਾ ਦੇ ਆਗੁਆਂ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧਕਾਂ ਦੇ ਖਿਲਾਫ ਕਥਿਤ ਮਹਿਲਾ ਬਦਸਲੂਕੀ ਮਾਮਲੇ ਵਿਚ ਢਿਲਾਈ ਵਰਤਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਨਕਾਰਦੇ ਹੋਏ ਉਕਤ ਆਗੂਆਂ ਨੂੰ ਆਪਣੇ ਦਲ ਦੇ ਪ੍ਰਬੰਧ ਵੇਲੇ ਉਨ੍ਹਾਂ ਦੇ ਮੈਂਬਰ ਗਿਆਨ ਸਿੰਘ ਵੱਲੋਂ ਕੀਤੇ ਗਏ ਕਾਰਜਾਂ ਬਾਰੇ ਵੀ ਸੰਗਤਾਂ ਅੱਗੇ ਚਾਨਣਾ ਪਾਉਣ ਦੀ ਅਪੀਲ ਕੀਤੀ ਹੈ। ਸਰਨਾ ਦਲ ਦੇ ਸਾਬਕਾ ਦਿੱਲੀ ਕਮੇਟੀ ਮੈਂਬਰ ਗਿਆਨ ਸਿੰਘ ਦੇ ਖਿਲਾਫ ਦਿੱਲੀ ਦੀ ਇਕ ਅਦਾਲਤ ‘ਚ ਆਪਣੇ ਹੀ ਸਕੂਲ ਦੀ ਮਹਿਲਾ ਮੁਲਾਜ਼ਿਮ ਨਾਲ ਆਪਣੇ ਰਸੁੂਖ ਦਾ ਇਸਤੇਮਾਲ ਕਰਕੇ ਸ਼ਰੀਰਕ ਸੰਬਧ ਬਨਾਉਣ ਦੀ ਸੀ.ਡੀ. ਸਾਹਮਣੇ ਆਉਣ ਤੋਂ ਬਾਅਦ ਉਸ ਦੇ ਪਤੀ ਵੱਲੋਂ ਗਿਆਨ ਸਿੰਘ ਦੇ ਖਿਲਾਫ ਬਲਾਤਕਾਰ ਅਤੇ ਉਸ ਦੇ ਸ਼ਾਦੀ-ਸ਼ੁੂਦਾ ਜੀਵਨ ਨੂੰ ਬਰਬਾਦ ਕਰਨ ਦੇ ਚਲ ਰਹੇ ਮੁਕਦਮੇ ਦਾ ਹਵਾਲਾ ਦਿੰਦੇ ਹੋਏ ਭੋਗਲ ਨੇ ਵਿਰੋਧੀ ਆਗੂਆਂ ਨੂੰ ਆਪਣੀ ਪੀੜੀ ਹੇਠ ਸੋਟਾ ਫੇਰਣ ਦੀ ਵੀ ਸਲਾਹ ਦਿੱਤੀ ਹੈ। ਇਸ ਸ਼ਰਮਨਾਕ ਘਟਨਾਕ੍ਰਮ ਤੋਂ ਬਾਅਦ ਵੀ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਉਕਤ ਮੈਂਬਰ ਖਿਲਾਫ ਕੋਈ ਕਾਰਵਾਈ ਕਰਨ ਤੋਂ ਪਾਸਾ ਵੱਟਦੇ ਹੋਏ ਉਸ ਨੂੰ ਦਿੱਲੀ ਕਮੇਟੀ ਚੋਣਾਂ ਦੋਰਾਨ ਨਵੀਨ ਸ਼ਾਹਦਰਾ ਵਾਰਡ ਤੋਂ ਪਾਰਟੀ ਟਿਕਟ ਦੇਣ ਬਾਰੇ ਚੇਤਾ ਕਰਵਾਉਂਦੇ ਹੋਏ ਭੋਗਲ ਨੇ ਵਿਰੋਧੀ ਆਗੂਆਂ ਦੀ ਕਥਨੀ ਅਤੇ ਕਰਨੀ ਦੇ ਭੇਦ ਨੂੰ ਵੀ ਜਨਤਕ ਕੀਤਾ।
ਧੀਆਂ-ਭੈਣਾਂ ਸਭ ਦੀਆਂ ਸਾਂਝੀਆਂ ਹੋਣ ਦੀ ਆਪਣੇ ਪੁਰਾਤਨ ਵਿਰਸੇ ਤੋਂ ਮਿਲੀ ਸਿੱਖਿਆ ਤੇ ਵਿਰੋਧੀ ਆਗੂਆਂ ਨੂੰ ਚਲਣ ਦੀ ਪ੍ਰੇਰਣਾ ਕਰਦੇ ਹੋਏ ਭੋਗਲ ਨੇ ਮੀਡੀਆ ਰਾਹੀਂ ਕਮੇਟੀ ਅਤੇ ਕੌਮ ਦੀ ਨਾਪੱਖੀ ਛਵੀ ਉਕਤ ਮਸਲਿਆਂ ਤੇ ਨਾ ਬਨਾਉਣ ਅਤੇ ਮੀਡੀਆ ਟ੍ਰਾਇਲ ਨਾ ਚਲਾਉਣ ਦੀ ਵੀ ਉਕਤ ਆਗੂਆਂ ਨੂੰ ਤਾੜਨਾ ਕੀਤੀ। ਉਨ੍ਹਾਂ ਨੇ ਭਾਰਤੀ ਕਾਨੂੰਨ ਵਿਵਸਥਾ ‘ਚ ਵਿਸ਼ਵਾਸ ਜਤਾਉਂਦੇ ਹੋਏ ਦੋਨੋ ਮਸਲਿਆ ‘ਚ ਅਦਾਲਤ ਦਾ ਫੈਸਲਾ ਆਉਣ ਤਕ ਬਿਆਨਬਾਜ਼ੀ ਨਾ ਕਰਨ ਦੀ ਤਾਕੀਦ ਕੀਤੀ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਜਰਨਲ ਮੈਨੇਜਰ ਹਰਜੀਤ ਸਿੰਘ ਦੇ ਖਿਲਾਫ ਸਟਾਫ ਦੀ ਇਕ ਮਹਿਲਾ ਮੁਲਾਜ਼ਿਮ ਵੱਲੋਂ ਕਥਿਤ ਤੌਰ ਤੇ ਇਹ ਬਦਸਲੂਕੀ ਦਾ ਮਾਮਲਾ ਸਾਹਮਣੇ ਆਉਣ ਦੀ ਗੱਲ ਕਰਦੇ ਹੋਏ ਭੋਗਲ ਨੇ ਹਰਜੀਤ ਸਿੰਘ ਨੂੰ ਛੂੱਟੀ ਤੇ ਭੇਜਣ ਅਤੇ ਉਸ ਦੇ ਖਿਲਾਫ ਵਿਧਾਇਕ ਅਤੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਦੀ ਅਗਵਾਈ ਹੇਠ ਬਨਾਈ ਗਈ ਤਿਨੰ ਮੈਂਬਰੀ ਪੜਤਾਲੀਆ ਕਮੇਟੀ ਬਨਾਉਣ ਦਾ ਵੀ ਜ਼ਿਕਰ ਕੀਤਾ। ਦਿੱਲੀ ਕਮੇਟੀ ਮੈਂਬਰ ਗੁਰਬਖਸ਼ ਸਿੰਘ ਮੌਂਟੂ ਸ਼ਾਹ ਖਿਲਾਫ ਦਾਖਿਲ ਹੋਏ ਮੁਕਦਮੇ ਨੂੰ ਵੀ ਉਨ੍ਹਾਂ ਨੇ ਸਿਆਸਤ ਤੋਂ ਵੀ ਪ੍ਰੇਰਿਤ ਕਰਾਰ ਦਿੱਤਾ। ਦਿੱਲੀ ਦੀ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੁੱਚਜਾ ਪ੍ਰਬੰਧ ਦੇਣ ਦੇ ਕੀਤੇ ਗਏ ਵਾਅਦੇ ਨੂੰ 100% ਪੂਰਾ ਕਰਨ ਦੀ ਹਾਮੀ ਭਰਦੇ ਹੋਏ ਭੋਗਲ ਨੇ ਕਾਨੂੰਨੀ ਪ੍ਰਕ੍ਰਿਆ ਦੌਰਾਨ ਦੋਸ਼ ਸਾਬਿਤ ਹੋਣ ਤੇ ਦੋਸ਼ੀ ਲੋਕਾਂ ਖਿਲਾਫ ਕਰੜੀ ਕਾਰਵਾਈ ਕਰਨ ਦੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਦਿੱਤੀ ਗਈ ਵਚਨਬੱਧਤਾ ਨੂੰ ਵੀ ਦੋਹਰਾਇਆ।
ਧੀਆਂ ਭੈਣਾਂ ਸਭ ਦੀਆਂ ਸਾਂਝੀਆਂ :- ਭੋਗਲ
This entry was posted in ਭਾਰਤ.