ਚੰਡੀਗੜ੍ਹ – ਹਰਿਆਣਾ ਵਿਧਾਨ ਸਭਾ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਸਬੰਧੀ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਸ ਨਾਲ ਰਾਜ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੰਟਰੋਲ ਤੋਂ ਬਿਨਾਂ ਕਮੇਟੀ ਦੇ ਗਠਨ ਦਾ ਰਸਤਾ ਸਾਫ ਹੋ ਗਿਆ ਹੈ। ਵਿਧਾਨਸਭਾ ਵਿੱਚ ਪਾਸ ਕੀਤੇ ਗਏ ਇਸ ਪ੍ਰਸਤਾਵ ਨੂੰ ਰਾਜਪਾਲ ਦੀ ਮਨਜ਼ੂਰੀ ਲਈ ਭੇਜਿਆ ਜਾਣਾ ਅਜੇ ਬਾਕੀ ਹੈ।
ਰਾਜ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖਮੰਤਰੀ ਹੁੱਡਾ ਨੇ ਸਿੱਖਾਂ ਨੂੰ ਖੁਸ਼ ਕਰਨ ਲਈ ਸਦਨ ਵਿੱਚ ਝੱਟ-ਪੱਟ ਬਿੱਲ ਪੇਸ਼ ਕਰਕੇ ਔਪੋਜੀਸ਼ਨ ਦੇ ਵਿਰੋਧ ਦੇ ਬਾਵਜੂਦ ਪਾਸ ਵੀ ਕਰਵਾ ਦਿੱਤਾ।ਇਸ ਸਮੇਂ ਵਿਧਾਨਸਭਾ ਦੀ ਦਰਸ਼ਕ ਗੈਲਰੀ ਵਿੱਚ ਕਈ ਸਿੱਖ ਨੇਤਾ ਵੀ ਮੌਜੂਦ ਸਨ। ਰਾਜ ਸਰਕਾਰ ਦਾ ਦਾਅਵਾ ਹੈ ਕਿ ਇਸ ਬਿੱਲ ਨੂੰ ਮਨਜ਼ੂਰੀ ਦੇ ਲਈ ਕੇਂਦਰ ਕੋਲ ਭੇਜਣ ਦੀ ਜਰੂਰਤ ਨਹੀਂ ਹੈ। ਇਸ ਬਿੱਲ ਦੇ ਪਾਸ ਹੋ ਜਾਣ ਨਾਲ ਹਰਿਆਣਾ ਦੇ ਸਿੱਖਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਵੱਖਰੀ ਕਮੇਟੀ ਦੀ ਮੰਗ ਪੂਰੀ ਹੋ ਜਾਵੇਗੀ।
ਹਰਿਆਣਾ ਵਿਧਾਨ ਸਭਾ ਦੁਆਰਾ ਪਾਸ ਕੀਤੇ ਗਏ ਇਸ ਬਿੱਲ ਅਨੁਸਾਰ ਐਚਐਸਜੀਪੀਸੀ ਹਰਿਆਣਾ ਦੇ ਗੁਰਦੁਆਰਿਆਂ ਅਤੇ ਉਨ੍ਹਾਂ ਦੀਆਂ ਸੰਪਤੀਆਂ ਦੀ ਦੇਖਭਾਲ ਕਰੇਗੀ। ਇਸ ਕਮੇਟੀ ਦਾ ਮੁੱਖ ਦਫ਼ਤਰ ਕੁਰਕਸ਼ੇਤਰ ਵਿੱਚ ਹੋਵੇਗਾ ਅਤੇ ਦੂਸਰੇ ਖੇਤਰੀ ਦਫ਼ਤਰ ਪੰਚਕੂਲਾ ਅਤੇ ਜੀਂਦ ਵਿੱਚ ਹੋਣਗੇ।