ਨਵੀਂ ਦਿੱਲੀ – ਸ੍ਰ. ਦਮਨਦੀਪ ਸਿੰਘ ਪ੍ਰਧਾਨ ਸ਼੍ਰੋਮਣੀ ਯੂਥ ਅਕਾਲੀ ਦਲ ਦਿੱਲੀ ਨੇ ਦੱਸਿਆ ਕਿ ਸਿੱਖ ਕੌਮ ਦੀ ਲੱਥੀ ਹੋਈ ਪੱਗ ਸਿਰ ਤੇ ਰੱਖਣ ਵਾਲੇ ਭਾਈ ਜਗਤਾਰ ਸਿੰਘ ਹਵਾਰਾ ਦੀ ਭਿਆਨਕ ਬੀਮਾਰੀ ਦੇ ਇਲਾਜ ਲਈ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਦੇ ਕੋਲ ਹਵਾਰਾ ਦੀ ਭੈਣ ਜੀ ਆਏ ਅੱਤੇ ਉਨ੍ਹਾਂ ਨੇ ਬੇਨਤੀ ਕੀਤੀ ਕੀ ਮੇਰੇ ਭਰਾ ਦੀ ਤਬੀਅਤ ਬਹੁਤ ਖਰਾਬ ਹੈ ਤੇ ਆਪ ਉਸਦੀ ਬਣਦੀ ਮਦਦ ਕਰੋ ! ਫਿਰ ਸਰਨਾ ਜੀ ਨੇ ਏਡਵੋਕੇਟ ਤੁਲਸੀ ਜੀ ਨੂੰ ਫੋਨ ਕਰ ਕੇ ਸਾਰੀ ਗੱਲ ਸਮਝਾਈ ਤਾਂ ਤੁਲਸੀ ਜੀ ਨੇ ਭਰੋਸਾ ਦੁਆਇਆ ਕੀ ਇਹ ਸਾਰਾ ਕੇਸ ਮੈਂ ਆਪ ਲੜਾਂਗਾ ਤੇ ਤੁਲਸੀ ਜੀ ਦੀ ਮਿਹਨਤ ਸਦਕਾ ਅਦਾਲਤ ਨੇ ਭਾਈ ਹਵਾਰਾ ਦੇ ਇਲਾਜ ਲਈ ਜੇਲ ਅਧਿਕਾਰੀਆ ਨੂੰ ਏਮਜ਼ ਵਿੱਚ ਇਲਾਜ਼ ਕਰਾਉਣ ਦੇ ਨਿਰਦੇਸ਼ ਦਿੱਤੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰੀ ਦਮਨਦੀਪ ਸਿੰਘ ਨੇ ਕਿਹਾ ਕਿ ਭਾਈ ਹਵਾਰਾ ਨੇ ਖੁਦ ਇੱਛਾ ਪ੍ਰਗਟ ਕੀਤੀ ਸੀ ਕਿ ਉਹਨਾਂ ਦੇ ਇਲਾਜ ਦਾ ਕੇਸ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਲੜਿਆ ਜਾਵੇ ਤੇ ਮੈਨੂੰ ਬਾਦਲ ਦਲ ਵੱਲੋਂ ਕੋਈ ਮਦਦ ਨਹੀਂ ਚਾਹੀਦੀ। ਉਹਨਾਂ ਦੀ ਇੱਛਾ ਅਨੁਸਾਰ ਹੀ ਸੁਪਰੀਮ ਕੋਰਟ ਦੇ ਉੱਘੇ ਵਕੀਲ ਸ੍ਰ. ਕੇ. ਟੀ.ਐਸ ਤੁਲਸੀ ਨਾਲ ਗੱਲਬਾਤ ਕਰਕੇ ਭਾਈ ਹਵਾਰਾ ਦੇ ਇਲਾਜ ਲਈ ਕੇਸ ਹਾਈਕੋਰਟ ਵਿੱਚ ਦਾਇਰ ਕਰਵਾ ਦਿੱਤਾ ਗਿਆ ਤੇ ਮਾਨਯੋਗ ਅਦਾਲਤ ਨੇ ਵਕੀਲ ਕੇ।ਟੀ।ਐਸ ਤੁਲਸੀ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆ ਭਾਈ ਹਵਾਰਾ ਦਾ ਬਿਨਾਂ ਕਿਸੇ ਦੇਰੀ ਤੋਂ ਦੇਸ ਦੀ ਮਹੱਤਵਪੂਰਣ ਮੈਡੀਕਲ ਸੰਸਥਾ ਏਮਜ ਵਿੱਚੋਂ ਇਲਾਜ ਕਰਾਉਣ ਦੇ ਆਦੇਸ਼ ਦਿੱਤੇ ਹਨ। ਉਹਨਾਂ ਕਿਹਾ ਕਿ ਸ੍ਰ ਸਰਨਾ ਨੇ ਅਦਾਲਤ ਦਾ ਧੰਨਵਾਦ ਕਰਦਿਆ ਕਿਹਾ ਕਿ ਭਾਈ ਹਵਾਰਾ ਸਿੱਖ ਕੌਮ ਦੀ ਅਹਿਮ ਸਖਸ਼ੀਅਤ ਹਨ ਜਿਹਨਾਂ ਦਾ ਇਲਾਜ ਕਰਾਉਣ ਲਈ ਦੁਨੀਆਂ ਭਰ ਦੇ ਸਿੱਖ ਅੱਜ ਹਾਈਕੋਰਟ ਦੇ ਆਦੇਸ਼ਾਂ ਵੱਲ ਵੇਖ ਰਹੇ ਸਨ। ਦਮਨਦੀਪ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸ੍ਰ ਸਰਨਾ ਨੇ ਉਪਰਾਲੇ ਕਰਕੇ ਵਕੀਲ ਸ੍ਰ ਤੁਲਸੀ ਰਾਹੀ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦਾ ਵੀ ਕੇਸ ਆਪਣੇ ਪੱਧਰ ਤੇ ਲੜਿਆ ਜਿਸ ਕਰਕੇ ਪ੍ਰੋ ਭੁੱਲਰ ਅੱਜ ਸਾਡੇ ਵਿੱਚ ਹਨ। ਉਹਨਾਂ ਕਿਹਾ ਕਿ ਸ੍ਰ ਸਰਨਾ ਦੁਆਰਾ ਕਈ ਹੋਰ ਜੁਝਾਰੂਆਂ ਦੇ ਕੇਸ ਵੀ ਲੜੇ ਗਏ ਹਨ ਜਿਹਨਾਂ ਦੀ ਲਿਸਟ ਕਾਫੀ ਲੰਮੀ ਹੈ। ਉਹਨਾਂ ਕਿਹਾ ਕਿ ਹੋਰ ਵੀ ਕਈ ਨਾਮ ਧਰੀਕ ਜਥੇਬੰਦੀਆਂ ਭਾਈ ਹਵਾਰਾ ਦਾ ਇਲਾਜ ਲਈ ਹਾਈਕੋਰਟ ਵਿੱਚ ਜਾਣ ਦਾ ਦਾਅਵਾ ਕਰ ਰਹੀਆਂ ਹਨ ਪਰ ਉਹ ਸਿਰਫ ਅਖਬਾਰਾਂ ਤੱਕ ਹੀ ਸੀਮਤ ਹੋ ਕੇ ਰਹਿ ਗਿਆ।