ਫ਼ਤਹਿਗੜ੍ਹ ਸਾਹਿਬ – “ਹਿੰਦ ਦੇ ਵਿੱਤ ਵਜ਼ੀਰ ਸ੍ਰੀ ਜੇਟਲੀ ਵੱਲੋਂ ਹਿੰਦ ਦੇ ਪੇਸ਼ ਕੀਤੇ ਗਏ ਬਜਟ ਵਿਚ ਪੰਜਾਬ ਸੂਬੇ ਨੂੰ ਨਾ ਤਾ ਕੋਈ ਵੱਡਾ ਉਦਯੋਗ ਦਿੱਤਾ ਗਿਆ ਹੈ ਅਤੇ ਨਾ ਹੀ ਇਥੋ ਦੇ ਖੇਤੀ ਪ੍ਰਧਾਨ ਸੂਬੇ ਦੇ ਜਿੰਮੀਦਾਰ ਦੁਆਰਾ ਪੈਦਾ ਕੀਤੀਆ ਜਾਣ ਵਾਲੀਆਂ ਫ਼ਸਲਾ ਦੇ ਮੰਡੀਕਰਨ, ਉਹਨਾਂ ਦੇ ਉਚਿੱਤ ਮੁੱਲ ਅਤੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕੋਈ ਉਦਮ ਨਹੀਂ ਕੀਤਾ ਗਿਆ । ਇਥੋ ਦੀ 40 ਲੱਖ ਦੀ ਪੰਜਾਬ ਦੀ ਬੇਰੁਜ਼ਗਾਰੀ ਦੇ ਵੱਡੇ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਕੋਈ ਵੀ ਯੋਜਨਾ ਨਹੀਂ ਦਿੱਤੀ ਗਈ । ਪੰਜਾਬ ਸਿਰ ਜੋ 10 ਹਜ਼ਾਰ ਕਰੋੜ ਰੁਪਏ ਦਾ ਕਰਜਾ ਹੈ, ਉਸ ਨੂੰ ਖ਼ਤਮ ਕਰਨ ਦਾ ਕੋਈ ਐਲਾਨ ਨਾ ਕਰਕੇ ਸ੍ਰੀ ਜੇਟਲੀ ਵੱਲੋਂ ਪੰਜਾਬ ਨਾਲ ਭਾਰੀ ਵਿਤਕਰਾ ਤੇ ਬੇਇਨਸਾਫ਼ੀ ਕੀਤੀ ਗਈ ਹੈ । ਇਸ ਬਜਟ ਨੂੰ ਮੋਦੀ ਅਤੇ ਕੇਦਰੀ ਬੀਜੇਪੀ ਦੀ ਹਕੂਮਤ ਨੇ ਵੱਡੇ-ਵੱਡੇ ਉਦਯੋਗਪਤੀਆਂ, ਧਨਾਢਾਂ ਨੂੰ ਫਾਇਦਾ ਪਹੁੰਚਾਉਣ ਵਾਲਾ ਬਣਾਇਆ ਹੈ । 85-87% ਹਿੰਦ ਦੀ ਮੱਧਵਰਗੀ ਜਾਂ ਗਰੀਬ ਵਰਗ ਨੂੰ ਇਸ ਬਜਟ ਵਿਚ ਕੋਈ ਯਾਦ ਰੱਖਣਯੋਗ ਸਹੂਲਤ ਬਿਲਕੁਲ ਨਹੀਂ ਦਿੱਤੀ ਗਈ । ਜੇਕਰ ਇਸ ਨੂੰ ਹਿੰਦ ਦੇ ਕੁਝ ਧਨਾਢਾਂ ਦਾ ਪੱਖ ਪੂਰਨ ਵਾਲਾ, ਮੱਧ ਵਰਗੀ ਅਤੇ ਗ਼ਰੀਬਾਂ ਨੂੰ ਕੁੱਚਲਣ ਵਾਲਾ ਬਜਟ ਆਖ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੁਤੱਸਵੀ ਬੀਜੇਪੀ ਦੇ ਵਜ਼ੀਰ ਜੇਟਲੀ ਵੱਲੋਂ ਪੇਸ਼ ਕੀਤੇ ਗਏ ਹਿੰਦ ਦੇ ਬਜਟ ਉਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋਂ ਸ੍ਰੀ ਜੇਟਲੀ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਚੋਣ ਲੜ੍ਹ ਰਹੇ ਸਨ ਤਾਂ ਉਹ ਅਤੇ ਉਹਨਾਂ ਦੀ ਪਤਨੀ ਆਪਣੇ ਆਪ ਨੂੰ ਵੱਡੇ ਪੰਜਾਬੀ ਹੋਣ ਦਾ ਦਾਅਵਾ ਕਰਕੇ ਅਤੇ ਪੰਜਾਬ ਸੂਬੇ ਨਾਲ ਵਿਸ਼ੇਸ਼ ਲਗਾਵ ਹੋਣ ਦਾ ਰੋਲਾ ਪਾਕੇ ਪੰਜਾਬੀਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਖੂਬ ਗੁੰਮਰਾਹ ਕਰ ਰਹੇ ਸਨ । ਦੂਸਰੇ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਅੰਮ੍ਰਿਤਸਰੀਆਂ ਨੂੰ ਸ੍ਰੀ ਜੇਟਲੀ ਦੇ ਡਿਪਟੀ ਵਜ਼ੀਰ-ਏ-ਆਜ਼ਮ ਬਣਨ ਅਤੇ ਵਿੱਤ ਵਜ਼ੀਰ ਬਣਨ ਦੇ ਸਬਜ਼ਬਾਗ ਦਿਖਾਕੇ ਅੰਮ੍ਰਿਤਸਰੀਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਉੱਚੀ-ਉੱਚੀ ਰੋਲਾ ਪਾ ਰਹੇ ਸਨ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਜੇਟਲੀ ਤੋਂ ਪੁੱਛਣਾ ਚਾਹੇਗਾ ਕਿ ਬਜਟ ਵਿਚ ਪੰਜਾਬ ਮਾਰੂ ਸੋਚ ਦਾ ਪ੍ਰਗਟਾਵਾ ਕਰਕੇ ਹੁਣ ਉਹ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਕਿਵੇ ਦਾਅਵਾ ਕਰ ਸਕਦੇ ਹਨ ? ਦੋਵੇ ਬਾਦਲ ਹੁਣ ਆਪਣੀ ਭਾਈਵਾਲ ਪਾਰਟੀ ਬੀਜੇਪੀ ਤੋਂ ਪੰਜਾਬ ਲਈ ਕੀ ਲੈ ਕੇ ਆਏ ਹਨ ?
ਉਹਨਾਂ ਕਿਹਾ ਕਿ ਮੋਦੀ ਸਰਕਾਰ ਬਣਨ ‘ਤੇ ਅਤੇ ਸ੍ਰੀ ਜੇਟਲੀ ਦੇ ਵਿੱਤ ਵਜ਼ੀਰ ਬਣਨ ਤੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਤਿੰਨੋਂ ਗੁਲਦਸਤੇ ਅਤੇ ਬੁੱਕੇ ਲੈਕੇ ਕਦੀ ਮੋਦੀ ਦੇ, ਕਦੀ ਜੇਟਲੀ ਦੇ ਅਤੇ ਕਦੀ ਕਿਸੇ ਹੋਰ ਮੁਤੱਸਵੀ ਵਜ਼ੀਰ ਦੀ ਬਰੂਹਾ ਤੇ ਖੜ੍ਹੇ ਹੁੰਦੇ ਹਨ ਅਤੇ ਪੂਰਾ ਪ੍ਰਸ਼ਨ ਚਿੰਨ੍ਹ ਬਣਕੇ ਸਿੱਖ ਕੌਮ ਦੀ ਹੇਠੀ ਕਰਵਾ ਰਹੇ ਹੁੰਦੇ ਹਨ । ਇਹ ਬਾਦਲ ਪਰਿਵਾਰ ਪ੍ਰਸ਼ਨ ਚਿੰਨ੍ਹ ਬਣਕੇ ਅਤੇ ਬੁੱਕੇ ਪੇਸ਼ ਕਰਕੇ ਆਪਣੇ ਪਰਿਵਾਰ ਅਤੇ ਆਪਣੇ ਕਾਰੋਬਾਰਾਂ ਲਈ ਤਾਂ ਸੈਟਰ ਤੋਂ ਫਾਇਦੇ ਲੈ ਸਕਦੇ ਹਨ, ਲੇਕਿਨ ਪੰਜਾਬ ਸੂਬੇ ਅਤੇ ਸਿੱਖ ਕੌਮ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਨਾ ਪਹਿਲਾ ਕਦੇ ਸੰਜ਼ੀਦਾ ਹੋਏ ਹਨ ਅਤੇ ਨਾ ਹੀ ਅੱਜ ਹਨ । ਉਹਨਾਂ ਕਿਹਾ ਕਿ ਜਦੋਂ ਸ. ਬਾਦਲ ਦੀ ਭਾਈਵਾਲ ਜਮਾਤ ਬੀਜੇਪੀ ਨਾਲ ਨੌਹ-ਮਾਸ ਦਾ ਰਿਸਤਾ ਹੈ ਤਾਂ ਉਹ ਪੰਜਾਬ ਅਤੇ ਸਿੱਖ ਕੌਮ ਦੇ ਲੰਮੇਂ ਸਮੇਂ ਤੋ ਲਟਕਦੇ ਆ ਰਹੇ ਮਸਲਿਆ ਨੂੰ ਹੱਲ ਕਰਨ ਅਤੇ ਪੰਜਾਬ ਦੀ ਬੇਰੁਜਗਾਰੀ ਨੂੰ ਖ਼ਤਮ ਕਰਨ ਲਈ ਆਪਣੇ ਭਾਈਵਾਲਾ ਤੋਂ ਪੰਜਾਬ ਲਈ 5-7 ਕੋਈ ਵੱਡੇ ਉਦਯੋਗ ਕਿਉਂ ਨਹੀਂ ਲੈ ਲੈਦੇ ? ਜੇਕਰ ਸ. ਬਾਦਲ ਵਿਚ ਪੰਜਾਬ ਦੇ ਹੱਕਾ ਦੀ ਪੂਰਤੀ ਕਰਵਾਉਣ ਦੀ ਸਮਰੱਥਾਂ ਨਹੀਂ ਜਾਂ ਫਿਰ ਸੈਟਰ ਵਾਲੇ ਉਹਨਾਂ ਨੂੰ ਬਾਂਹ ਨਹੀਂ ਫੜਵਾਉਦੇ, ਫਿਰ ਉਹ ਇਹਨਾਂ ਮੁਤੱਸਵੀਆਂ ਨਾਲ ਨੌਹ-ਮਾਸ ਦਾ ਅਟੁੱਟ ਰਿਸਤਾ ਕਿਸ ਦਲੀਲ ਅਧੀਨ ਰੱਖ ਰਹੇ ਹਨ ? ਸ. ਮਾਨ ਨੇ ਅਖ਼ੀਰ ਵਿਚ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਹਿੰਦ ਦੇ ਉਹਨਾਂ ਨਿਵਾਸੀਆਂ ਜਿਨ੍ਹਾਂ ਨੇ ਬੀਜੇਪੀ ਨੂੰ ਵੋਟਾਂ ਪਾਕੇ ਤਾਕਤ ਵਿਚ ਲਿਆਂਦਾ ਹੈ, ਸਵਾਲ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਬੀਜੇਪੀ ਮੁਤੱਸਵੀ ਜਮਾਤ ਨੂੰ ਵੋਟਾਂ ਪਾਕੇ ਕੀ ਵੱਡੀ ਗੁਸਤਾਖੀ ਨਹੀਂ ਕੀਤੀ ? ਜੋ ਹੁਣ ਰੋਸਈ ਗੈਸ, ਮਿੱਟੀ ਦਾ ਤੇਲ, ਖੰਡ, ਦਾਲਾ, ਘਿਓ, ਰਿਫਾਇਡ ਤੇਲ ਆਦਿ ਹਰ ਰਸੋਈ ਵਿਚ ਵਰਤੋਂ ਵਿਚ ਆਉਣ ਵਾਲੀਆ ਵਸਤਾਂ ਦੀਆਂ ਕੀਮਤਾਂ ਨੂੰ ਵਧਾਕੇ ਆਮ ਲੋਕਾਂ ਉਤੇ ਬੋਝ ਪਾਇਆ ਗਿਆ ਹੈ, ਉਸ ਲਈ ਇਹ ਵੋਟਰ ਵੀ ਕਾਫੀ ਹੱਦ ਤੱਕ ਜਿੰਮੇਵਾਰ ਹਨ । ਜੋ ਟੀ.ਵੀ. ਚੈਨਲਾਂ ਅਤੇ ਮੀਡੀਏ ਦੇ ਗੁੰਮਰਾਹਕੁੰਨ ਪ੍ਰਚਾਰ ਅਧੀਨ ਹੋ ਕੇ ਵੋਟ ਹੱਕ ਦੀ ਵਰਤੋਂ ਕਰਦੇ ਹਨ । ਸ. ਮਾਨ ਨੇ ਇਸ ਬਜਟ ਨੂੰ ਸਮਾਜ ਵਿਰੋਧੀ ਕਰਾਰ ਦਿੰਦੇ ਹੋਏ ਮੋਦੀ ਹਕੂਮਤ ਦੀ ਵੱਡੀ ਅਸਫ਼ਲਤਾ ਅਤੇ ਗੈਰ ਤੁਜ਼ਰਬੇਕਾਰ ਟੀਮ ਦਾ ਨਤੀਜਾ ਦੱਸਿਆ । ਉਹਨਾਂ ਕਿਹਾ ਕਿ ਪੰਜਾਬ ਦੇ ਕੀਮਤੀ ਪਾਣੀਆਂ ਨੂੰ ਹਿੰਦ ਦੇ ਦਰਿਆਵਾਂ ਨਾਲ ਮਿਲਾਕੇ ਫਿਰ ਲੁੱਟਣ ਦੀ ਸਾਜਿ਼ਸ ਤਾ ਰਚੀ ਜਾ ਰਹੀ ਹੈ, ਲੇਕਿਨ ਇਹਨਾਂ ਮੁਤੱਸਵੀ ਹੁਕਮਰਾਨਾਂ ਵੱਲੋਂ ਪੰਜਾਬ ਦੇ ਬਸਿੰਦਿਆ ਅਤੇ ਪੰਜਾਬ ਸੂਬੇ ਦੀ ਤਰੱਕੀ ਕਰਨ ਵਿਚ ਮੰਦਭਾਵਨਾ ਰੱਖੀ ਜਾ ਰਹੀ ਹੈ । ਜੋ ਨਿੰਦਣਯੋਗ ਅਮਲ ਹਨ । ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਬਜਟ ਦੀ ਪ੍ਰਸ਼ੰਸ਼ਾਂ ਕਰਕੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਬਿਲਕੁਲ ਗੁੰਮਰਾਹ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਇਥੋ ਦੇ ਨਿਵਾਸੀਆਂ ਨੂੰ ਹੁਣ ਬੀਜੇਪੀ, ਆਰ.ਐਸ.ਐਸ. ਅਤੇ ਬਾਦਲ ਦਲੀਆਂ ਵਿਰੁੱਧ ਦਿਖਾਏ ਜਾ ਰਹੇ ਸਬਜਬਾਗਾਂ ਵਿਚ ਉਲਝਣਾ ਚਾਹੀਦਾ ਹੈ ।