ਫ਼ਤਹਿਗੜ੍ਹ ਸਾਹਿਬ – “ਜਥੇਦਾਰ ਸਾਹਿਬਾਨ ਵੱਲੋਂ ਬਾਦਲ ਪਰਿਵਾਰ ਦੀ ਸਿਆਸੀ ਸੋਚ ਤੇ ਉਹਨਾਂ ਦੀਆਂ ਪਰਿਵਾਰਿਕ ਇਛਾਵਾਂ ਦੀ ਪੂਰਤੀ ਕਰਨ ਅਧੀਨ ਮੀਰੀ-ਪੀਰੀ ਦੇ ਮਹਾਨ ਤਖ਼ਤ ਤੋ ਗੈਰ ਸਿਧਾਤਿਕ ਹੁਕਮਨਾਮੇ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰੁਹਾਨੀਅਤ ਵਾਲੀ ਵੱਡੀ ਮਹੱਤਤਾ ਨੂੰ ਠੇਸ ਪਹੁੰਚਾਉਣ ਦੇ ਅਮਲ ਅਤਿ ਦੁੱਖਦਾਇਕ ਅਤੇ ਸਿੱਖ ਮਨਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੇ ਹਨ । ਇਹ ਹੋਰ ਵੀ ਗਹਿਰੇ ਦੁੱਖ ਅਤੇ ਅਫ਼ਸੋਸ ਵਾਲੇ ਅਮਲ ਹਨ ਕਿ ਹਰਿਆਣੇ ਦੇ ਸਿੱਖਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਨਾ ਦੇ ਕੇ ਪੰਥ ਵਿਚੋਂ ਛੇਕਣ ਦੀ ਜੋ ਕਾਰਵਾਈ ਕੀਤੀ ਗਈ ਹੈ, ਇਸ ਦੀ ਸਿੱਖ ਧਰਮ ਦੇ ਸਿਧਾਤ ਅਤੇ ਨਿਯਮ ਬਿਲਕੁਲ ਇਜ਼ਾਜਤ ਨਹੀਂ ਦਿੰਦੇ, ਜੋ ਕਿ ਸਿੱਖ ਕੌਮ ਲਈ ਅਸਹਿ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹਰਿਆਣੇ ਦੇ ਸਿੱਖਾਂ ਸ. ਜਗਦੀਸ ਸਿੰਘ ਝੀਡਾਂ, ਦੀਦਾਰ ਸਿੰਘ ਨਲਵੀ ਅਤੇ ਸ. ਹਰਮਹਿੰਦਰ ਸਿੰਘ ਚੱਠਾ ਨੂੰ ਪੰਥ ਵਿਚੋਂ ਛੇਕਣ ਦੇ ਗੈਰ ਦਲੀਲ, ਗੈਰ ਸਿਧਾਤਿਕ ਕੀਤੇ ਗਏ ਹੁਕਮਾਂ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹਰਿਆਣੇ ਦੇ ਇਹ ਸਿੱਖ ਆਗੂ ਪਹਿਲੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਅੱਜ ਵੀ ਹਨ, ਲੇਕਿਨ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਬੈਠੇ ਅਤੇ ਦੂਸਰੇ ਜਥੇਦਾਰ ਸਾਹਿਬਾਨ ਨੇ ਆਪੋ-ਆਪਣੀਆਂ ਜਥੇਦਾਰੀਆਂ ਬਚਾਉਣ ਹਿੱਤ ਜੋ ਬਾਦਲ ਵਿਰੋਧੀਆਂ ਨੂੰ ਥਾਣੇਦਾਰੀ ਵਾਲੇ ਹੁਕਮ ਸੁਣਾਉਣ ਦੇ ਅਮਲ ਕੀਤੇ ਹਨ, ਅਜਿਹੀਆਂ ਕਾਰਵਾਈਆਂ ਨਾਲ ਆਪਣੇ ਸਤਿਕਾਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਚ ਅਹੁਦੇ ਦੇ ਮਾਣ-ਸਨਮਾਨ ਨੂੰ ਖੁਦ ਹੀ ਘਟਾਉਣ ਦੇ ਅਮਲ ਕਰਕੇ ਸਿੱਖ ਕੌਮ ਦੀ ਨਜ਼ਰ ਵਿਚ ਦੋਸ਼ੀ ਬਣਦੇ ਜਾ ਰਹੇ ਹਨ । ਉਹਨਾਂ ਕਿਹਾ ਕਿ ਇਹਨਾਂ ਜਥੇਦਾਰ ਸਾਹਿਬਾਨ ਨੇ ਪਹਿਲੇ ਵੀ ਰਾਜਸਥਾਨ ਦੇ ਬਾਬਾ ਬੁੱਢਾ ਜੌਹੜ ਦੇ ਪ੍ਰਧਾਨ ਤੇ ਕਈ ਹੋਰਨਾ ਵਿਰੁੱਧ ਬਾਦਲਾਂ ਦੀ ਸਿਆਸੀ ਸੋਚ ਦੇ ਗੁਲਾਮ ਬਣਕੇ ਹੁਕਮਨਾਮੇ ਕੀਤੇ ਹਨ। ਜਦੋਕਿ “ਹੁਕਮਨਾਮੇ” ਬਾਦਲਾਂ ਦੀ ਨਿੱਜੀ ਇੱਛਾ ਜਾਂ ਵਿਰੋਧੀਆਂ ਨੂੰ ਸਬਕ ਸਿਖਾਉਣ ਦੀ ਮੰਨਸਾ ਨਾਲ ਕਤਈ ਨਹੀਂ ਹੋਣੇ ਚਾਹੀਦੇ । ਬਲਕਿ ਲੋੜ ਪੈਣ ‘ਤੇ ਅਤਿ ਸੰਕਟ ਦੀ ਘੜੀ ਵਿਚ ਪੰਥ ਦੇ ਹਿੱਤਾ ਦੀ ਪੂਰਤੀ ਲਈ ਅਤੇ ਸਿੱਖੀ ਸਿਧਾਤਾਂ ਅਤੇ ਸੋਚ ਨੂੰ ਕਾਇਮ ਰੱਖਣ ਲਈ ਅਜਿਹੇ ਹੁਕਮਨਾਮੇ ਹੋਣੇ ਚਾਹੀਦੇ ਹਨ । ਬਾਦਲ ਪਰਿਵਾਰ ਅਤੇ ਦਿਸ਼ਾਹੀਨ ਜਥੇਦਾਰ ਹੁਕਮਨਾਮਿਆ ਦੀ ਤੋਹੀਨ ਕਰਨ ਦੇ ਦੁੱਖਦਾਇਕ ਅਮਲ ਕਰ ਰਹੇ ਹਨ । ਇਹੀ ਕਾਰਨ ਹੈ ਕਿ ਸਿੱਖ ਕੌਮ ਜਿਨ੍ਹਾਂ ਹੁਕਮਨਾਮਿਆ ਨੂੰ ਰੱਬੀ ਹੁਕਮ ਮੰਨਕੇ ਖਿੱੜੇ ਮੱਥੇ ਪ੍ਰਵਾਨ ਕਰਦੀ ਆ ਰਹੀ ਸੀ, ਅੱਜ ਸਵਾਰਥੀ ਸੋਚ ਅਧੀਨ ਜਾਰੀ ਹੋਣ ਵਾਲੇ ਹੁਕਮਨਾਮਿਆ ਦਾ ਪਾਲਣ ਕਰਨ ਤੋ ਸਿੱਖ ਕੌਮ ਬਾਗੀ ਹੁੰਦੀ ਜਾ ਰਹੀ ਹੈ । ਉਹਨਾਂ ਕਿਹਾ ਕਿ ਦੁਨਿਆਵੀ ਅਦਾਲਤਾਂ ਵਿਚ ਵੀ ਕਿਸੇ ਮੁਜ਼ਰਿਮ ਮੰਨੇ ਜਾਂਦੇ ਇਨਸਾਨ ਨੂੰ ਆਪਣਾ ਵਕੀਲ ਅਤੇ ਦਲੀਲ ਕਰਨ ਦਾ ਆਜ਼ਾਦਆਨਾ ਪ੍ਰਬੰਧ ਹੁੰਦਾ ਹੈ । ਦੋਹਾਂ ਧਿਰਾ ਦੇ ਪੱਖ ਅਤੇ ਕੇਸ ਨਾਲ ਸੰਬੰਧਤ ਸਬੂਤਾਂ ਦੇ ਵੇਰਵੇ ਮਿਲਣ ਉਪਰੰਤ ਫਿਰ ਕੋਈ ਫੈਸਲਾ ਸੁਣਾਇਆ ਜਾਂਦਾ ਹੈ । ਸਿੱਖ ਕੌਮ ਦੀ ਰੁਹਾਨੀਅਤ ਅਦਾਲਤ ਅਖ਼ਵਾਉਣ ਵਾਲੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੰਸਥਾਂ ਜਿਥੋ ਆਪਸੀ ਵਿਚਾਰ ਵਟਾਂਦਰੇ ਉਪਰੰਤ ਸਰਬ ਸੰਮਤੀ ਜਾਂ ਬਹੁਸੰਮਤੀ ਨਾਲ “ਗੁਰਮਤੇ” ਹੋਣ ਦੀ ਸਮਾਜ ਪੱਖੀ ਰਵਾਇਤ ਹੈ, ਉਥੋ ਸਿਆਸੀ ਮੰਦਭਾਵਨਾ ਅਧੀਨ, ਦੂਸਰੀ ਧਿਰ ਨੂੰ ਸੁਣਨ ਦਾ ਮੌਕਾ ਨਾ ਦੇ ਕੇ, ਬਾਦਲ ਪਰਿਵਾਰ ਦੀ ਇਛਾ ਪੂਰਤੀ ਲਈ ਫੈਸਲੇ ਜਾਂ ਹੁਕਮਨਾਮੇ ਸੁਣਾਉਣ ਦੇ ਅਮਲ ਗੁਰੂ ਸਾਹਿਬਾਨ ਜੀ ਦੀ ਸਿੱਖ ਸੋਚ ਅਤੇ ਅਮਲਾਂ ਦੇ ਵਿਰੁੱਧ ਹਨ ।
ਉਹਨਾਂ ਕਿਹਾ ਕਿ ਜਦੋ ਬਾਦਲ ਪਰਿਵਾਰ ਗੁਰੂਘਰ ਦੀਆਂ ਗੋਲਕਾਂ ਦੀ, ਸਾਧਨਾਂ ਦੀ ਅਤੇ ਧਾਰਮਿਕ ਸ਼ਕਤੀ ਦੀ ਨਿਰੰਤਰ ਦੁਰਵਰਤੋ ਕਰਦਾ ਆ ਰਿਹਾ ਹੈ, ਗੁਰੂਘਰ ਦੀਆਂ ਜ਼ਮੀਨਾਂ-ਜ਼ਾਇਦਾਦਾਂ ਨੂੰ ਬਾਦਲ ਪਰਿਵਾਰ ਦੇ ਮੈਂਬਰਾਂ ਅਤੇ ਰਿਸਤੇਦਾਰਾਂ ਦੇ ਨਿੱਜੀ ਟਰੱਸਟ ਬਣਾਕੇ ਲੁੱਟਦਾ ਆ ਰਿਹਾ ਹੈ, ਬੀਜੇਪੀ ਵਰਗੀ ਸਿੱਖ ਵਿਰੋਧੀ ਮੁਤੱਸਵੀ ਜਮਾਤ ਨਾਲ ਜਦੋ ਪਤੀ-ਪਤਨੀ ਦੇ ਰਿਸਤੇ ਰੱਖਕੇ ਸਿੱਖੀ ਸਿਧਾਤਾਂ ਅਤੇ ਸੋਚ ਦੀ ਖਿੱਲੀ ਉਡਾ ਰਿਹਾ ਹੈ, ਗੁਰੂਘਰਾਂ ਵਿਚ ਹਿੰਦੂਤਵ ਨਾਅਰੇ ਲਗਾਉਣ ਅਤੇ ਹੋਰ ਸਿੱਖ ਵਿਰੋਧੀ ਕਾਰਵਾਈਆ ਦੀ ਸਰਪ੍ਰਸਤੀ ਕਰ ਰਿਹਾ ਹੈ ਤਾਂ ਉਸ ਸਮੇਂ ਜਥੇਦਾਰ ਸਾਹਿਬਾਨ ਸੂਝਵਾਨ ਗੁਰਸਿੱਖਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਇਕੱਤਰਤਾ ਕਰਕੇ ਸੋਚ ਵਿਚਾਰ ਕਰਦੇ ਹੋਏ ਇਸ ਗੈਰ ਸਿਧਾਤਿਕ ਤੇ ਸਿੱਖੀ ਵਿਰੋਧੀ ਸੋਚ ਤੇ ਅਮਲ ਕਰਨ ਵਾਲੇ ਬਾਦਲ ਪਰਿਵਾਰ ਵਿਰੁੱਧ ਹੁਕਮਨਾਮੇ ਕਰਨ ਤੋ ਕਿਉਂ ਭੱਜ ਜਾਂਦੇ ਹਨ ? ਉਸ ਸਮੇਂ ਇਸ ਰੁਹਾਨੀਅਤ ਤਖ਼ਤ ਦੇ ਇਨਸਾਫ਼ ਅਤੇ ਬਰਾਬਰਤਾ ਦੀ ਗੱਲ ਜਥੇਦਾਰਾਂ ਦੀਆਂ ਆਤਮਾਵਾਂ ਨੂੰ ਕਿਉਂ ਨਹੀਂ ਝੰਜੋੜਦੀ ? ਉਹਨਾਂ ਕਿਹਾ ਕਿ ਜੋ ਜਥੇਦਾਰ ਸਾਹਿਬਾਨ ਨਿਰਪੱਖ, ਸਿੱਖੀ ਸਿਧਾਤਾਂ ਉਤੇ ਦ੍ਰਿੜ ਰਹਿਣ ਵਾਲੇ ਕੌਮੀ ਸੋਚ ਦੇ ਕਾਇਲ ਹੋਣੇ ਚਾਹੀਦੇ ਸਨ, ਉਹ ਕੇਵਲ ਬਾਦਲ ਪਰਿਵਾਰ ਦੇ ਹੁਕਮਾਂ ਦੇ ਗੁਲਾਮ ਬਣਕੇ ਰਹਿ ਗਏ ਹਨ । ਇਹੀ ਕਾਰਨ ਹੈ ਕਿ ਅੱਜ ਸਿੱਖ ਕੌਮ ਵਿਚ ਗੈਰ ਸਿਧਾਤਿਕ ਬਾਦਲ ਪਰਿਵਾਰ ਅਤੇ ਦਿਸ਼ਾਹੀਨ ਜਥੇਦਾਰ ਸਾਹਿਬਾਨ ਵਿਰੁੱਧ ਜੋਰਦਾਰ ਬ਼ਗਾਵਤ ਉੱਠ ਖੜ੍ਹੀ ਹੋਈ ਹੈ । ਜੇਕਰ ਇਹਨਾਂ ਨੇ ਆਪਣੇ ਵਿਚ ਆਈਆ ਇਖ਼ਲਾਕੀ ਅਤੇ ਸਿਧਾਤਿਕ ਕਮੀਆਂ ਨੂੰ ਜਲਦੀ ਦੂਰ ਨਾ ਕੀਤਾ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਸਿੱਖ ਸੰਗਤ ਇਹਨਾਂ ਜਥੇਦਾਰ ਸਾਹਿਬਾਨ ਨੂੰ ਧੁੂਹ-ਧੂਹ ਕੇ ਇਹਨਾਂ ਉੱਚ ਸਤਿਕਾਰਯੋਗ ਅਹੁਦਿਆ ਤੋ ਪਾਸੇ ਕਰਨ ਲਈ ਮਜ਼ਬੂਰ ਹੋ ਜਾਵੇਗੀ ਅਤੇ ਬਾਦਲ ਪਰਿਵਾਰ ਨੂੰ ਦੁਨੀਆਂ ਵਿਚ ਕਿਸੇ ਵੀ ਸਥਾਨ ਤੇ ਮੂੰਹ ਲੁਕਾਉਣ ਲਈ ਸਥਾਨ ਨਹੀਂ ਲੱਭੇਗਾ ਅਤੇ ਇਹਨਾਂ ਦੀ ਕੌਮਾਂਤਰੀ ਪੱਧਰ ਤੇ “ਆਤਮਿਕ ਮੌਤ” ਹੋ ਕੇ ਰਹਿ ਜਾਵੇਗੀ । ਇਸ ਲਈ ਜਥੇਦਾਰ ਸਾਹਿਬਾਨ ਅਤੇ ਬਾਦਲ ਪਰਿਵਾਰ ਲਈ ਇਹ ਬਿਹਤਰ ਹੋਵੇਗਾ ਕਿ ਉਹ ਮੀਰੀ-ਪੀਰੀ ਦੇ ਇਸ ਮਹਾਨ ਤਖ਼ਤ ਤੋਂ ਤਾਨਾਸ਼ਾਹੀ ਅਤੇ ਆਪ-ਹੁਦਰੇ ਕੀਤੇ ਜਾ ਰਹੇ ਕੌਮ ਵਿਰੋਧੀ ਅਮਲਾਂ ਤੋ ਤੋਬਾ ਕਰ ਲੈਣ ਜਾਂ ਫਿਰ ਖੁਦ ਹੀ ਇਹਨਾਂ ਕੌਮੀ ਉੱਚ ਅਹੁਦਿਆ ਦੀ ਸੇਵਾ ਤੋ ਪਾਸੇ ਹੋ ਕੇ ਘਰ ਬੈਠ ਜਾਣ ।