ਲੁਧਿਆਣਾ – ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਅੰਤਰਰਾਸ਼ਟਰੀ ਕਣਕ ਖੋਜ ਕਨਜ਼ੋਰਟਿਯਮ (ਸੰਘ) ਵੱਲੋਂ ਕੀਤੇ ਚੰਗੇਰੇ ਖੋਜ ਕਾਰਜਾਂ ਲਈ ਇੱਕ ਖੋਜ ਪੱਤਰ ਤਿਆਰ ਕੀਤਾ ਗਿਆ ਹੈ। ਇਹ ਖੋਜ ਪੱਤਰ ਵਿਸ਼ਵ ਦੇ ਸਰਬੋਤਮ ਜਰਨਲਾਂ ਵਿੱਚੋਂ ਇੱਕ ’ਸਾਇੰਸ’ ਵਿੱਚ ਪ੍ਰਕਾਸ਼ਤ ਹੋਇਆ ਹੈ । ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਐਗਰੀਕਲਚਰ ਬਾਇਓਤਕਨਾਲੌਜੀ ਸਕੂਲ ਦੇ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਉਗਾਈ ਜਾਣ ਵਾਲੀ ਫ਼ਸਲ ਕਣਕ ਦੇ ਵਿਕਾਸ ਵਿੱਚ ਇੱਕ ਨਵਾਂ ਮੀਲ ਪੱਥਰ ਸਿੱਧ ਹੋਵੇਗਾ । ਕੁਝ ਸਾਲ ਪਹਿਲਾਂ ਕਣਕ ਵਿੱਚ ਅਹਿਮ ਗੁਣ ਸੂਤਰਾਂ ਵਿੱਚ ਤਬਦੀਲੀ ਲਿਆਉਣਾ ਸੰਭਵ ਨਹੀਂ ਸੀ ਜੋ ਹੁਣ ਸੰਭਵ ਹੋ ਸਕਿਆ ਹੈ । ਇਸ ਸੰਬੰਧੀ ਪੂਰੇ ਵਿਸ਼ਵ ਵਿੱਚ ਖੋਜ ਕਾਰਜ ਨੇਪਰੇ ਚਾੜੇ ਜਾ ਰਹੇ ਸਨ । ਭਾਰਤ ਵਿੱਚ ਇਸ ਸੰਬੰਧੀ ਕੀਤੇ ਖੋਜ ਕਾਰਜਾਂ ਨੂੰ ਹੁਲਾਰਾ ਦੇਣ ਲਈ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੌਜੀ ਮੰਤਰਾਲੇ ਵੱਲੋਂ ਬਾਇਓਤਕਨਾਲੌਜੀ ਵਿਭਾਗ ਅਤੇ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ 35 ਕਰੋੜ ਦਾ ਪ੍ਰਾਜੈਕਟ ਅਰੰਭ ਕੀਤਾ ਗਿਆ ਸੀ । ਇਹ ਵਕਾਰੀ ਖੋਜ ਪੱਤਰ ਉਨ੍ਹਾਂ ਖੋਜ ਕਾਰਜਾਂ ਦਾ ਹੀ ਇੱਕ ਹਿੱਸਾ ਹੈ । ਕੇਂਦਰੀ ਵਿਗਿਆਨ ਅਤੇ ਤਕਨਾਲੌਜੀ ਮੰਤਰੀ ਡਾ. ਜਤਿੰਦਰਾ ਸਿੰਘ ਨੇ ਇਸ ਮਾਨ ਅਤੇ ਸਨਮਾਨ ਲਈ ਵਿਗਿਆਨੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਖੋਜ ਨਾਲ ਭਾਰਤ ਵਿੱਚ ਕੀਤੇ ਜਾ ਰਹੇ ਖੋਜ ਕਾਰਜਾਂ ਨੂੰ ਪਹਿਚਾਣ ਮਿਲੀ ਹੈ ।
ਇਸ ਸਨਮਾਨ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਸਾਇੰਸਦਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੂਰੇ ਵਿਸ਼ਵ ਵਿੱਚ 215 ਮਿਲੀਅਨ ਹੈਕਟੇਅਰ ਵਿ¤ਚ ਕਣਕ ਦੀ ਕਾਸ਼ਤ ਕੀਤੀ ਜਾਂਦੀ ਹੈ ਜਿਸ ਤੋਂ 700 ਮਿਲੀਅਨ ਟਨ ਝਾੜ ਪ੍ਰਾਪਤ ਹੁੰਦਾ ਹੈ । ਕਣਕ ਦੀ ਖੋਜ ਵਿੱਚ ਇਹ ਖੋਜ ਪੱਤਰ ਆਉਣ ਵਾਲੀਆਂ ਪੀੜੀਆਂ ਲਈ ਲਾਭਦਾਇਕ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਨਾਲ ਸਾਇੰਸਦਾਨਾਂ ਨੂੰ ਕਣਕ ਦੇ ਵੱਖ ਵੱਖ ਗੁਣ ਜਿਵੇਂ ਝਾੜ, ਗੁਣਵੱਤਾ, ਹੋਣ ਵਾਲੀਆਂ ਬਿਮਾਰੀਆਂ ਅਤੇ ਕੀੜਿਆਂ ਤੋਂ ਟਾਕਰਾ ਕਰਨ ਦੀ ਸਮਰਥਾ, ਮੌਸਮੀ ਹਾਲਾਤਾਂ ਨੂੰ ਸਹਿਣ ਕਰਨ ਦੀ ਸਮਰਥਾ ਆਦਿ ਹੋਣ ਵਾਲੇ ਖੋਜ ਕਾਰਜਾਂ ਨੂੰ ਬਲ ਮਿਲੇਗਾ । ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਸਤਿਬੀਰ ਸਿੰਘ ਗੋਸਲ ਨੇ ਦੱਸਿਆ ਕਿ ਇਸ ਨਾਲ ਨਵੀਆਂ ਕਿਸਮਾਂ ਜਿਨ੍ਹਾਂ ਦਾ ਝਾੜ ਜ਼ਿਆਦਾ ਹੋਵੇਗਾ, ਦੇ ਲਈ ਰਾਹ ਵੀ ਪੱਧਰਾ ਹੋਵੇਗਾ ਅਤੇ ਵਿਸ਼ਵ ਦੀ ਭੋਜਨ ਸੁਰੱਖਿਆ ਲਈ ਇਹ ਖੋਜ ਅਤਿਅੰਤ ਲਾਭਕਾਰੀ ਸਿ¤ਧ ਹੋਵੇਗੀ । ਯੂਨੀਵਰਸਿਟੀ ਦੇ ਕਣਕ ਵਿਗਿਆਨੀ ਡਾ. ਨਵਤੇਜ ਸਿੰਘ ਬੈਂਸ ਨੇ ਦੱਸਿਆ ਕਿ ਇਸ ਨਾਲ ਅਸੀਂ ਕਣਕ ਦੇ ਪੈਦਾ ਹੋਣ ਦੇ ਇਤਿਹਾਸ ਤੇ ਵੀ ਝਾਤੀ ਮਾਰਨ ਦੇ ਸਮਰਥ ਹੋ ਸਕਾਂਗੇ ਅਤੇ ਇਸ ਦੀਆਂ ਵੱਖ ਵੱਖ ਕਿਸਮਾਂ ਵਿੱਚ ਬੀਮਾਰੀਆਂ ਨਾਲ ਲੜਨ ਦੀ ਸਮਰਥਾ ਪੈਦਾ ਹੋਣ ਬਾਰੇ ਵੀ ਜਾਣੂੰ ਹੋ ਸਕਾਂਗੇ ।