ਪ੍ਰਮਿੰਦਰ ਸਿੰਘ ਸੋਚ ਰਾਹੀਂ ਪ੍ਰਾਪਤ ਖ਼ਬਰ ਰਾਹੀਂ ਪਤਾ ਲਗਾ ਹੈ ਕਿ ਗੁਰੂ ਨਾਨਕ ਅੰਸ-ਬੰਸ ਬਾਬਾ ਸਰਬਜੋਤ ਸਿੰਘ ਬੇਦੀ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਹੈ ਕਿ ਉਹ ਹਰਿਆਣੇ ਦੀ ‘‘ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ’’ ਦੇ ਮਸਲੇ ਨੂੰ ਲੈ ਕੇ ਆਪਣੇ ਸੌੜੇ ਰਾਜਸੀ ਹਿਤਾਂ ਲਈ ਸਿੱਖ ਪੰਥ ਨੂੰ ਖਾਨਾਜੰਗੀ ਵੱਲ ਧੱਕਣ ਤੋਂ ਗੁਰੇਜ ਕਰੇ। ਬਾਬਾ ਜੀ ਨੇ ਸਮੁਚੇ ਸਿੱਖ ਜਗਤ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਕਜੁਟ ਹੋ ਕੇ ਸਿਖ ਪੰਥ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਪੰਥਕ ਕਦਰਾਂ-ਕੀਮਤਾਂ ਤੋਂ ਕਿਨਾਰਾ ਕਰ ਚੁੱਕੇ ਬਾਦਲ ਦਲ ਦੇ ਸ਼ਿਕੰਜੇ ਵਿਚੋਂ ਮੁਕਤ ਕਰਵਾਉਣ ਲਈ ਅੱਗੇ ਆਉਣ।
ਬਾਬਾ ਜੀ ਵਲੋਂ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪਿਛਲੇ ਪੰਦਰਾਂ ਸਾਲ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦਾ ਸਿਰਮੌਰ ਰੁਤਬਾ ਬਹਾਲ ਕਰਨ ਲਈ ਸਿੱਖ ਜਗਤ ਨੂੰ ਲਗਾਤਾਰ ਜਾਗ੍ਰਿਤ ਕਰਨ ਦੇ ਯਤਨ ਕਰਦੇ ਆ ਰਹੇ ਹਾਂ। ਖਾਲਸਾ ਪੰਥ ਦੀ ਸਿਰਜਣਾ ਦੇ 300 ਸਾਲਾ ਸਮਾਗਮਾਂ ਸਮੇਂ ਵੀ ਅਸੀਂ ਬਾਦਲ ਦਲ ਦੀਆਂ ਪੰਥ ਵਿਰੋਧੀ ਨੀਤੀਆਂ ਖਿਲਾਫ ਜਿਹੜੇ ਵੱਡੇ ਮਾਰਚ ਕੀਤੇ ਸਨ, ਉਨ੍ਹਾਂ ਵਿਚ ਇਹ ਪ੍ਰਚਾਰ ਕੀਤਾ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਸਮੂਹ ਸਿੱਖ ਪੰਥ ਨੂੰ ਜੋੜਨ, ਹਰ ਕਿਸਮ ਦੀ ਬੇਇਨਸਾਫੀ ਵਿਰੁੱਧ ਡਟਣ ਅਤੇ ਸਰਬਤ ਦੇ ਭਲੇ ਦਾ ਪੈਗ਼ਾਮ ਦੇਣ ਵਾਲਾ ਸੋਮਾ ਹੈ, ਪਰ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਇਸ ਦੇ ਜਥੇਦਾਰਾਂ ਨੂੰ ਆਪਣੀਆਂ ਸੌੜੀਆਂ ਰਾਜਸੀ ਨੀਤੀਆਂ ਦਾ ਹੱਥਠੋਕਾ ਬਣਾ ਕੇ, ਇਸ ਦੇ ਸਿਖ ਮਨਾਂ ਵਿਚ ਬਣੇ ਰੁਤਬੇ ਨੂੰ ਲਗਾਤਾਰ ਖੋਰਾ ਲਾਇਆ ਹੈ। ਬਾਬਾ ਜੀ ਨੇ ਕਿਹਾ ਹੈ ਕਿ ਵਿਸ਼ਵ ਸਿਖ ਕੌਂਸਲ ਦੇ ਪ੍ਰਧਾਨ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਿਚ ਬੜੀ ਮਿਹਨਤ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੀ ਸਿਰਮੌਰਤਾ ਬਹਾਲ ਕਰਨ ਤੇ ਇਸ ਦੇ ਜਥੇਦਾਰ ਦੀ ਜਮਹੂਰੀ ਢੰਗ ਨਾਲ ਚੋਣ ਕਰਨ ਵਾਸਤੇ ਇਕ ਖਰੜਾ ਤਿਆਰ ਕੀਤਾ ਸੀ ਅਤੇ ਉਹ ਖਰੜਾ ਅਜੇ ਵੀ ਵਿਸ਼ਵ ਸਿਖ ਕੌਂਸਲ ਦੇ ਰਿਕਾਰਡ ਵਿਚ ਪਿਆ ਹੈ। ਬਾਬਾ ਜੀ ਨੇ ਕਿਹਾ ਹੈ ਕਿ ਸ੍ਰ. ਪ੍ਰਕਾਸ਼ ਸਿੰਘ ਬਾਦਲ ਨੇ ਜਿਸ ਆਪਹੁਦਰੇ ਢੰਗ ਨਾਲ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਲਾਹਿਆ ਸੀ, ਅਸੀਂ ਉਸ ਦਾ ਵੀ ਡਟ ਕੇ ਵਿਰੋਧ ਕੀਤਾ ਸੀ। ਪਰ ਉਸ ਤੋਂ ਬਾਅਦ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਅਸਲੋਂ ਹੀ ਮਨਮਾਨੇ ਢੰਗ ਨਾਲ ਵਰਤਿਆ ਹੈ। ਬਾਬਾ ਜੀ ਨੇ ਕਿਹਾ ਹੈ ਕਿ ਇਸੇ ਕਾਰਨ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਪ੍ਰਤੀ ਸਮੁਚੇ ਸਿੱਖ ਪੰਥ ਦੇ ਮਨਾਂ ਵਿਚ ਬਣੇ ਸਤਿਕਾਰਯੋਗ ਰੁਤਬੇ ਨੂੰ ਠੇਸ ਲੱਗੀ ਹੈ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਜੁਰਅਤ ਪਈ ਹੈ, ਕਿ ਉਹ ਸਿੱਖ ਪੰਥ ਨੂੰ ਖਾਨਾਜੰਗੀ ਵੱਲ ਧੱਕ ਦੇਵੇ। ਬਾਬਾ ਜੀ ਨੇ ਕਿਹਾ ਹੈ ਕਿ ਹਰਿਆਣੇ ਦੇ ਗੁਰਦੁਆਰਿਆਂ ਦੀ ਵੱਖਰੀ ਪ੍ਰਬੰਧਕ ਕਮੇਟੀ ਬਣਾਉਣ ਦਾ ਮੰਦਭਾਗਾ ਫੈਸਲਾ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀਆਂ ਖੁਦਗਰਜ਼ ਰਾਜਸੀ ਨੀਤੀਆਂ ਦੀ ਦੇਣ ਹੈ, ਪਰ ਜਿੰਨਾ ਚਿਰ ਸ੍ਰੀ ਅਕਾਲ ਤਖਤ ਤੇ ਇਸ ਦੇ ਜਥੇਦਾਰ ਸਾਹਿਬ ਦਾ ਉੱਚਤਮ ਰੁਤਬਾ ਬਹਾਲ ਨਹੀਂ ਹੁੰਦਾ, ਓਨਾ ਚਿਰ ਬਾਦਲ ਦਲ ਆਪਣੀ ਮਨਮਾਨੀ ਕਰਦਾ ਰਹੇਗਾ।