ਚੰਡੀਗੜ੍ਹ – ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪਾਏ ਜਾ ਰਹੇ ਦਬਾਅ ਅਤੇ ਧਮਕੀਆਂ ਦੀ ਪ੍ਰਵਾਹ ਨਾਂ ਕਰਦੇ ਹੋਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਹਾਕ ਦਾ ਗਠਨ ਕਰਕੇ ਉਸ ਦੇ 41 ਮੈਂਬਰਾਂ ਦੇ ਨਾਵਾਂ ਦਾ ਵੀ ਐਲਾਨ ਕਰ ਦਿੱਤਾ। ਐਨਡੀਏ ਸਰਕਾਰ ਦੇ ਵੱਧ ਰਹੇ ਪਰੈਸ਼ਰ ਨੂੰ ਵੇਖਦੇ ਹੋਏ ਹੁੱਡਾ ਸਰਕਾਰ ਨੇ ਝੱਟਪੱਟ ਬੁੱਧਵਾਰ ਦੇਰ ਸ਼ਾਮ ਨੂੰ ਇਹ ਨਿਰਣਾ ਲੈ ਕੇ ਕਮੇਟੀ ਦੇ ਮੈਨਬਰ ਨਾਮਜ਼ਦ ਕਰ ਦਿੱਤੇ।
ਹਰਿਆਣਾ ਦੇ ਰਾਜਪਾਲ ਜਗਨਨਾਥ ਪਹਾੜੀਆ ਦਾ ਕਾਰਜਕਾਲ 26 ਜੁਲਾਈ ਨੂੰ ਸਮਾਪਤ ਹੋ ਰਿਹਾ ਹੈ।ਇਹ ਵੀ ਕਿਆਸ ਲਗਾਏ ਜਾ ਰਹੇ ਸਨ ਕਿ ਬੀਜੇਪੀ ਸਰਕਾਰ ਵੱਲੋਂ ਜੋ ਨਵਾਂ ਰਾਜਪਾਲ ਬਣਾਇਆ ਜਾਵੇਗਾ ਕਿਤੇ ਉਹ ਬਿੱਲ ਨੂੰ ਰਾਸ਼ਟਰਪਤੀ ਕੋਲ ਨਾਂ ਭੇਜ ਦੇਵੇ, ਪਰ ਮੰਤਰੀ ਰਣਦੀਪ ਸੂਰਜੇਵਾਲਾ ਨੇ ਸਾਰੀਆਂ ਸੰਭਾਵਨਾਵਾਂ ਨੂੰ ਨਕਾਰਦੇ ਹੋਏ ਕਿਹਾ ਹੈ ਕਿ ਮੌਜੂਦਾ ਰਾਜਪਾਲ ਨੇ ਬਿੱਲ ਤੇ ਦਸਤਖਤ ਕਰਕੇ ਕਾਨੂੰਨ ਦਾ ਰੂਪ ਦੇ ਦਿੱਤਾ ਹੈ।ਸਰਕਾਰ ਨੇ ਕਮੇਟੀ ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰਨਾ ਸੀ ਜੋ ਉਸ ਨੇ ਪੂਰਾ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਹਰਿਆਣਾ ਦੇ ਸਿੱਖ ਰਾਜ ਵਿੱਚਲੇ ਗੁਰਦੁਆਰਿਆਂ ਦੀ ਦੇਖਭਾਲ ਅਤੇ ਸੇਵਾ ਦਾ ਕੰਮ ਕਰ ਸਕਣਗੇ।
ਰਾਜ ਸਰਕਾਰ ਅਨੁਸਾਰ ਜਦੋਂ ਤੱਕ ਨਵੀਂ ਕਮੇਟੀ ਦੀ ਚੋਣ ਨਹੀਂ ਹੋ ਜਾਂਦੀ ਤਦ ਤੱਕ ਸਰਕਾਰ ਵੱਲੋਂ ਬਣਾਈ ਗਈ ਇਹ ਐਡਹਾਕ ਕਮੇਟੀ ਗੁਰਦੁਆਰਿਆਂ ਦਾ ਸਾਰਾ ਪ੍ਰਬੰਧ ਵੇਖੇਗੀ। ਡੀਸੀ ਮੈਂਬਰਾਂ ਨਾਲ ਮੀਟਿੰਗ ਕਰਕੇ ਕਾਰਜਕਾਰੀ ਕਮੇਟੀ ਦਾ ਐਲਾਨ ਕਰਨਗੇ। ਕਮੇਟੀ ਵਿੱਚ 6 ਕਾਰਜਕਾਰੀ ਮੈਂਬਰ ਹੋਣਗੇ। ਪੰਜ ਅਹੁਦੇਦਾਰ ਪ੍ਰਧਾਨ,ਮੁੱਖ ਉਪ ਪ੍ਰਧਾਨ, ਉਪ ਪ੍ਰਧਾਨ, ਮੁੱਖ ਸਕੱਤਰ ਅਤੇ ਸੰਯੁਕਤ ਸਕੱਤਰ ਹੋਣਗੇ। ਬਾਕੀ 30 ਕਮੇਟੀ ਦੇ ਮੈਂਬਰ ਹੋਣਗੇ। ਕਮੇਟੀ ਮੈਂਬਰ ਚਾਹੁੰਦੇ ਹਨ ਕਿ 28 ਜੁਲਾਈ ਤੋਂ ਪਹਿਲਾਂ ਗੁਰਦੁਆਰਿਆਂ ਦਾ ਪ੍ਰਬੰਧ ਨਵੀਂ ਕਮੇਟੀ ਨੂੰ ਸੌਂਪ ਦਿੱਤਾ ਜਾਵੇ।
ਹੁੱਡਾ ਨੇ ਬਣਾਈ 41 ਮੈਂਬਰੀ ਐਚਐਸਜੀਐਮਸੀ
This entry was posted in ਭਾਰਤ.