ਦਿੱਲੀ: ਸ: ਪਰਮਜੀਤ ਸਿੰਘ ਸਰਨਾ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਦਿੱਲੀ) ਤੇ ਸਾਬਕਾ ਪ੍ਰਧਾਨ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੈਸ ਦੇ ਨਾਂ ਇਕ ਬਿਆਨ ਵਿਚ ਅੰਮ੍ਰਿਤਸਰ ਵਿਖੇ ਪ੍ਰਕਾਸ਼ ਸਿੰਘ ਬਾਦਲ ਵਲੋਂ ਬੁਲਾਏ ਗਏ ਸੰਮੇਲਨ ਨੂੰ ਪੰਥਕ ਕਹਿਣ ਤੋਂ ਇਤਰਾਜ਼ ਉਠਾਇਆ । ਸ: ਸਰਨਾ ਨੇ ਕਿਹਾ ਕਿ ਇਹ ਇਕਠ ਨਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੁਲਾਇਆ ਗਿਆ ਹੈ ਤੇ ਨਾ ਹੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਵਲੋਂ ਬੁਲਾਇਆ ਗਿਆ ਸਗੋਂ ਇਹ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵਲੋਂ ਬੁਲਾਇਆ ਗਿਆ ਪੰਜਾਬ ਸਰਕਾਰ ਦਾ ਸੰਮੇਲਨ ਹੈ ਜੋ ਕਿ ਹਰਮੰਦਰ ਸਾਹਿਬ ਸਮੂੰਹ ਵਿਚ ਹੋ ਰਿਹਾ ਹੈ । ਸ: ਸਰਨਾ ਨੇ ਪੁਛਿਆ ਕਿ ਕੀ ਇਹ ਪੰਜਾਬ ਸਰਕਾਰ ਦਾ ਸਿੱਖ ਧਰਮ ਦੇ ਮਾਮਲਿਆਂ ਵਿਚ ਸਿੱਧਾ ਦਖਲ ਨਹੀਂ? ਸਰਕਾਰ ਨੂੰ ਸਿੱਖ ਪ੍ਰੰਪਰਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਬਾਦਲਕਿਆਂ ਨੇ ਸਾਰੇ ਪੰਥਕ ਵਸੀਲਿਆਂ ਤੇ ਕਬਜ਼ਾ ਕੀਤਾ ਹੋਇਆ ਹੈ ਅਤੇ ਇਸ ਨਜ਼ਾਇਜ਼ ਦਖ਼ਲ ਸਬੰਧੀ ਕੋਈ ਵੀ ਅਵਾਜ਼ ਨਹੀਂ ਉਠਾ ਰਿਹਾ ।
ਸ: ਪਰਮਜੀਤ ਸਿੰਘ ਸਰਨਾ ਨੇ ਆਪਣਾ ਬਿਆਨ ਜਾਰੀ ਰੱਖਦੇ ਹੋਏ ਕਿਹਾ ਕਿ ਇਹ ਸਰਕਾਰੀ ਇਕੱਠ, ਸਰਕਾਰ ਦੇ ਵਸੀਲਿਆਂ ਦੇ ਪ੍ਰਭਾਵ ਵਿਚ ਕੀਤਾ ਜਾ ਰਿਹਾ ਹੈ । ਜਿਸ ਵਿਚੋਂ ਪੰਥਕ ਰੂਹ ਮਨਫ਼ੀ ਹੋਵੇਗੀ । ਇਹ ਇਕੱਠ ਕੇਵਲ ਸਰੀਰਾਂ ਦਾ ਹੋਵੇਗਾ ਜਿਸ ਵਿਚ ਪੰਜਾਬ ਸਰਕਾਰ ਦੇ ਕਰਮਚਾਰੀ ਤੇ ਮਜਬੂਰੀ ਵਿਚ ਲਿਆਂਦੇ ਹੋਏ ਲੋਕ ਹੀ ਹੋਣਗੇ ਕਿਉਂਕਿ ਬਾਦਲ ਅਕਾਲੀ ਦਲ ਵਿਚ ਤਾਂ ਸਿੱਖ ਵਰਕਰ ਰਹੇ ਹੀ ਨਹੀਂ । ਇਸ ਪਾਰਟੀ ਵਿਚ ਹੁਣ ਤਾਂ ਪਤਿਤ ਸਿੱਖ ਹੀ ਭਾਰੂ ਹਨ ਤੇ ਇਨ੍ਹਾਂ ਦਾ ਇੱਕਠ ਪੰਥਕ ਇੱਕਠ ਹੋ ਹੀ ਨਹੀਂ ਸਕਦਾ ।
ਸ: ਸਰਨਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੂੰ ਅਪੀਲ ਕੀਤੀ ਕਿ ਸਿੱਖ ਪ੍ਰੰਪਰਾਵਾਂ ਦੀ ਪਾਲਣਾ ਕਰਦੇ ਹੋਏ ਇਸ ਸਰਕਾਰੀ ਇਕੱਠ ਨੂੰ ਰੋਕਣ ਦਾ ਯਤਨ ਕਰੇ ਕਿਉਂਕਿ ਇਹ ਤਾਂ ਆਰ.ਐਸ.ਐਸ. ਦੇ ਇਸ਼ਾਰੇ ਤੇ ਪੰਥ ਵਿਚ ਭਰਾ ਮਾਰੂ ਜੰਗ ਸ਼ੁਰੂ ਕਰਨ ਲਈ ਹੀ ਕੀਤਾ ਜਾ ਰਿਹਾ ਹੈ ।