ਚੰਡੀਗੜ੍ਹ,(ਪ੍ਰੀਤੀ ਸ਼ਰਮਾ) – ਸੂਬੇ ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਅਤੇ ਸਕੂਲੀ ਪੱਧਰ ’ਤੇ ਪੇਸ਼ੇਵਾਰ ਸਿੱਖਿਆ ਦੇ ਖੇਤਰ ਵਿੱਚ ਵੱਡੀ ਪੁਲਾਂਘ ਪੁੱਟਦਿਆਂ ਪੰਜਾਬ ਸਰਕਾਰ ਨੇ 100 ਸਕੂਲਾਂ ਵਿੱਚ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਨੂੰ ਵੋਕੇਸ਼ਨਲ ਸਿੱਖਿਆ ਦੇਣ ਦੀ ਸ਼ੁਰੂਆਤ ਕੀਤੀ ਹੈ। ਇਸ ਸਬੰਧੀ ਅੱਜ ਇਥੇ ਸਥਿਤ ਮਹਾਤਮਾ ਗਾਂਧੀ ਸੂਬਾਈ ਲੋਕ ਪ੍ਰਸ਼ਾਸਨ ਸੰਸਥਾ (ਮੈਗਸੀਪਾ) ਵਿਖੇ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ, ਸਿੱਖਿਆ ਵਿਭਾਗ ਦੀ ਪ੍ਰਮੁੱਖ ਸਕੱਤਰ ਸ੍ਰੀਮਤੀ ਅੰਜਲੀ ਭਾਵੜਾ ਅਤੇ ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਰਾਕੇਸ਼ ਵਰਮਾ ਦੀ ਹਾਜ਼ਰੀ ਵਿੱਚ ਪੰਜਾਬ ਦੇ ਸਿੱਖਿਆ ਵਿਭਾਗ ਨੇ ਕੌਮੀ ਹੁਨਰਮੰਦ ਵਿਕਾਸ ਕਾਰਪੋਰੇਸ਼ਨ (ਐਨ.ਐਸ.ਡੀ.ਸੀ.) ਨਾਲ ਆਪਸੀ ਸਹਿਮਤੀ ਦਾ ਸਮਝੌਤਾ (ਐਮ.ਓ.ਯੂ.) ਸਹੀਬੰਦ ਕੀਤਾ। ਐਨ.ਐਸ.ਡੀ.ਸੀ. ਤਰਫੋਂ ਸੀ.ਈ.ਓ. ਸ੍ਰੀ ਅਤੁਲ ਭਟਨਾਗਰ ਅਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਡਾਇਰੈਕਟਰ ਜਨਰਲ ਸ੍ਰੀ ਜੀ.ਕੇ. ਸਿੰਘ ਨੇ ਐਮ.ਓ.ਯੂ. ਸਹੀਬੰਦ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਹੁਨਰਮੰਦ ਬਣਾਉਣ ਲਈ ਕੇਂਦਰੀ ਮਨੁੱਖੀ ਸ੍ਰੋਤ ਵਿਕਾਸ ਮੰਤਰਾਲਾ ਵਲੋਂ ਉਲੀਕੀ ਗਈ ਵੋਕੇਸ਼ਨਲ ਸਿੱਖਿਆ ਦੀ ਸਕੀਮ ਦਾ ਪਹਿਲਾ ਗੇੜ ਪੰਜਾਬ ਦੇ 100 ਸਕੂਲਾਂ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤੇ ਕੌਮੀ ਹੁਨਰਮੰਦ ਯੋਗਤਾ ਫਰੇਮਵਰਕ ਅਨੁਸਾਰ ਅੱਜ ਭਾਰਤ ਸਰਕਾਰ ਵਲੋਂ ਪ੍ਰਵਾਨਤ ਕੇਂਦਰੀ ਏਜੰਸੀਆਂ ਐਨ.ਐਸ.ਡੀ.ਸੀ. ਨਾਲ ਇੱਕ ਸਮਝੋਤੇ ’ਤੇ ਹਸਤਾਖਰ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਸਕੀਮ ਦੇਸ਼ ਦੇ ਮੰਨੇ-ਪ੍ਰਮੰਨੇ ਵਿਦਿਅਕ ਅਦਾਰਿਆਂ ਆਈ.ਆਈ.ਟੀਜ਼ ਅਤੇ ਆਈ.ਆਈ.ਐਮਜ਼ ਦੇ ਮਾਹਰ ਵਿਅਕਤੀਆਂ ਵਲੋਂ ਭਾਰਤ ਦੇ ਉਦਯੋਗਾਂ ਦੀ ਲੋੜ ਨੂੰ ਮੁੱਖ ਰੱਖ ਕੇ ਤਿਆਰ ਕੀਤੀ ਗਈ ਹੈ। ਇਸ ਸਕੀਮ ਦਾ ਸਿਲੇਬਸ ਵੀ ਉੁਦਯੋਗਿਕ ਘਰਾਣਿਆਂ ਦੀ ਰਾਇ ਨਾਲ ਕੌਮੀ ਅਤੇ ਕੌਮਾਂਤਰੀ ਮਿਆਰ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ। ਡਾ. ਚੀਮਾ ਨੇ ਕਿਹਾ ਕਿ ਇਹ ਸਕੀਮ ਸਕੂਲਾਂ ਅੰਦਰ 9ਵੀਂ ਜਮਾਤ ਤੋਂ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਹਰ ਇੱਕ ਸਕੂਲ ਨੂੰ 2-2 ਟਰੇਡਾਂ ਅਲਾਟ ਕੀਤੀਆਂ ਗਈਆਂ ਹਨ ਅਤੇ ਪਹਿਲੇ ਗੇੜ ਅੰਦਰ 6 ਟਰੇਡਾਂ ਹੈਲਥ ਕੇਅਰ, ਆਈ.ਟੀ., ਰਿਟੇਲ, ਆਟੋਮੋਬਾਈਲ, ਸਕਿਊਰਟੀ ਅਤੇ ਬਿਊਟੀ ਅਤੇ ਵੈਲਨੈਸ ਦੀ ਸਿਖਲਾਈ ਦਿੱਤੀ ਜਾਵੇਗੀ। ਸੂਬੇ ਦੇ ਹਰ ਜ਼ਿਲੇ ਵਿੱਚ 4 ਜਾਂ 5 ਸਕੂਲਾਂ ਵਿੱਚ ਇਹ ਸਕੀਮ ਅਗਸਤ ਮਹੀਨੇ ਤੋਂ ਸ਼ੁਰੂ ਹੋਵੇਗੀ ਅਤੇ 100 ਸਕੂਲਾਂ ਵਿੱਚ ਕੁੱਲ 5000 ਵਿਦਿਆਰਥੀ ਪਹਿਲੇ ਸਾਲ ਇਸ ਦਾ ਲਾਹਾ ਲੈਣਗੇ। ਉਨ੍ਹਾਂ ਦੱਸਿਆ ਕਿ ਲਗਾਤਾਰ 4 ਸਾਲ ਦੀ ਪੜ੍ਹਾਈ ਭਾਵ 12ਵੀਂ ਜਮਾਤ ਪਾਸ ਕਰਨ ’ਤੇ ਵਿਦਿਆਰਥੀਆਂ ਮਨੁੱਖੀ ਸ੍ਰੋਤ ਵਿਕਾਸ ਮੰਤਰਾਲੇ ਵੱਲੋਂ ਮਾਨਤਾ ਪ੍ਰਾਪਤ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਸ ਸਰਟੀਫਿਕੇਟ ਦੇ ਆਧਾਰ ’ਤੇ ਵਿਦਿਆਰਥੀ ਨੌਕਰੀ ਦੇ ਯੋਗ ਹੋਵੇਗਾ ਅਤੇ ਭਾਰਤ ਦੇ ਉਦਯੋਗ ਉਸ ਨੂੰ ਨੌਕਰੀ ’ਤੇ ਰੱਖਣ ਦੇ ਪਾਬੰਦ ਹੋਣਗੇ। ਉਨ੍ਹਾਂ ਕਿਹਾ ਕਿ ਅਗਲੇ ਪੜਾਅ ਵਿੱਚ ਘੱਟੋ-ਘੱਟ 100 ਹੋਰ ਸਕੂਲਾਂ ਵਿੱਚ ਇਸ ਦੀ ਸ਼ੁਰੂਆਤ ਕੀਤੀ ਜਾਵੇਗੀ।
ਇਸ ਮੌਕੇ ਵੋਕੇਸ਼ਨਲ ਸਿੱਖਿਆ ਲਈ ਚੁਣੇ ਗਏ 100 ਪ੍ਰਿੰਸੀਪਲਾਂ ਅਤੇ ਸੂਬੇ ਦੇ ਸਮੂਹ ਜ਼ਿਲਾ ਸਿੱਖਿਆ ਅਧਿਕਾਰੀਆਂ (ਸੈਕੰਡਰੀ ਸਿੱਖਿਆ) ਨੂੰ ਇਸ ਸਕੀਮ ਨੂੰ ਸਫਲਤਾ ਨਾਲ ਸ਼ੁਰੂ ਕਰਨ ਲਈ ਐਨ.ਐਸ.ਡੀ.ਸੀ. ਦੇ ਕੰਸਲਟੈਂਟ ਸ੍ਰੀ ਸ਼ਾਹਬਾਜ਼ ਮੁਹੰਮਦ ਖਾਨ ਅਤੇ ਪੰਜਾਬ ਦੇ ਡਿਪਟੀ ਡਾਇਰੈਕਟਰ (ਵੋਕੇਸ਼ਨਲ) ਸ੍ਰੀ ਤੋਤਾ ਸਿੰਘ ਨੇ ਸਿਖਲਾਈ ਦਿੱਤੀ। ਇਸ ਮੌਕੇ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਭੰਡਾਰੀ, ਵਿਸ਼ੇਸ਼ ਸਕੱਤਰ ਸ੍ਰੀ ਗੁਰਦੀਪ ਸਿੰਘ, ਡੀ.ਪੀ.ਈ. (ਸੈਕੰਡਰੀ ਸਿੱਖਿਆ) ਸ੍ਰੀ ਕਮਲ ਗਰਗ, ਏ.ਐਸ.ਪੀ.ਡੀ. ਵੋਕੇਸ਼ਨਲ ਸ੍ਰੀ ਹਰਪ੍ਰੀਤ ਸਿੰਘ, ਏ.ਐਸ.ਪੀ.ਡੀ. ਸ੍ਰੀ ਸ੍ਰੀਮਤੀ ਸੁਰੇਖਾ ਠਾਕੁਰ ਅਤੇ ਸਲਾਹਕਾਰ (ਤਕਨੀਕੀ ਸਿੱਖਿਆ) ਸ੍ਰੀ ਬਲਜਿੰਦਰ ਸਿੰਘ ਵੀ ਹਾਜ਼ਰ ਸਨ।
ਪੰਜਾਬ ਸਰਕਾਰ ਵੱਲੋਂ 100 ਸਕੂਲਾਂ ਵਿੱਚ ਕਿੱਤਾਮੁਖੀ ਕੋਰਸਾਂ ਦੀ ਸ਼ੁਰੂਆਤ
This entry was posted in ਪੰਜਾਬ.