ਨਵੀਂ ਦਿੱਲੀ – ਉਤਰਾਖੰਡ ਵਿੱਚ ਹਾਲ ਹੀ ਵਿੱਚ ਵਿਧਾਨਸਭਾ ਦੀਆਂ ਤਿੰਨ ਸੀਟਾਂ ਤੇ ਹੋਈ ਉਪ ਚੋਣ ਵਿੱਚ ਬੀਜੇਪੀ ਨੂੰ ਬੁਰੀ ਤਰ੍ਹਾਂ ਨਾਲ ਹਾਰ ਹੋਈ ਹੈ। ਇਨ੍ਹਾਂ ਸਾਰੀਆਂ ਸੀਟਾਂ ਤੇ ਕਾਂਗਰਸ ਨੇ ਜਿੱਤ ਪ੍ਰਾਪਤ ਕੀਤੀ ਹੈ। ਅੱਜ ਤੋਂ ਦੋ ਮਹੀਨੇ ਪਹਿਲਾਂ ਹੋਈਆਂ ਲੋਕਸਭਾ ਚੋਣਾਂ ਦੌਰਾਨ ਉਤਰਾਖੰਡ ਦੀਆਂ ਪੰਜ ਦੀਆਂ ਪੰਜ ਲੋਕਸਭਾ ਸੀਟਾਂ ਬੀਜੇਪੀ ਦੇ ਪੱਖ ਵਿੱਚ ਭੁਗਤੀਆਂ ਸਨ। 60 ਦਿਨਾਂ ਦੇ ਵਿੱਚ ਆਏ ਇਸ ਬਦਲਾਅ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਰਾਜ ਵਿੱਚੋਂ ਮੋਦੀ ਦੀ ਲਹਿਰ ਸਮਾਪਤ ਹੋ ਗਈ ਹੈ।
ਧਾਰਚੂਲਾ ਤੋਂ ਉਤਰਾਖੰਡ ਦੇ ਮੁੱਖਮੰਤਰੀ ਹਰੀਸ਼ ਰਾਵਤ ਨੇ ਜਿੱਤ ਦਰਜ਼ ਕਰਵਾਈ, ਹੀਰਾ ਸਿੰਘ ਬਿਸ਼ਟ ਨੇ ਡੋਈਵਾਲਾ ਤੋਂ ਅਤੇ ਸੋਮਸ਼ਵਰ ਤੋਂ ਰੇਖਾ ਆਰਿਆ ਨੇ ਜਿੱਤ ਪ੍ਰਾਪਤ ਕਰਕੇ ਕੇਂਦਰ ਵਿੱਚ ਸੱਤਾ ਤੇ ਵਿਰਾਜਮਾਨ ਬੀਜੇਪੀ ਦਾ ਖਾਤਾ ਵੀ ਨਹੀਂ ਖੁਲ੍ਹਣ ਦਿੱਤਾ।ਉਤਰਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਸਾਰ ਵਿਭਾਗ ਦੇ ਪ੍ਰਧਾਨ ਸਤਿਆਦੇਵ ਤ੍ਰਿਪਾਠੀ ਨੇ ਕਿਹਾ ਕਿ ਮੋਦੀ ਦਾ ਫਾਰਮੂਲਾ ਹੁਣ ਫਲਾਪ ਹੋ ਰਿਹਾ ਹੈ ਅਤੇ ਉਸੇ ਚੰਗੇ ਦਿਨ ਲਿਆਉਣ ਦੇ ਝੂਠੇ ਵਾਅਦੇ ਦੀ ਜਨਤਾ ਸਾਹਮਣੇ ਪੋਲ ਖੁਲ੍ਹ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੇ ਵਾਅਦਿਆਂ ਨਾਲ ਜਨਤਾ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ। ਚਾਰਧਾਮ ਵਾਲੇ ਉਤਰਾਖੰਡ ਵਿੱਚ ਬੀਜੇਪੀ ਚਾਰੋਂ ਖਾਨੇ ਚਿੱਤ ਹੋ ਗਈ ਹੈ। ਦੇਵਭੂਮੀ ਦੀ ਜਨਤਾ ਨੇ ਇਹ ਸੰਕੇਤ ਦੇ ਦਿੱਤਾ ਹੈ ਕਿ ਹੁਣ ਭਾਜਪਾ ਦਾ ਸੰਪਰਦਾਇਕਤਾ ਦਾ ਕਾਰਡ ਚੱਲਣ ਵਾਲਾ ਨਹੀਂ ਹੈ।