ਫ਼ਤਿਹਗੜ੍ਹ ਸਾਹਿਬ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਮੇਸ਼ਾਂ ਹੀ ਮੀਰੀ-ਪੀਰੀ ਦੇ ਮਹਾਨ ਅਸਥਾਂਨ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਿਹਾ ਹੈ ਅਤੇ ਉਸ ਮਹਾਨ ਸੰਸਥਾਂ ਦੀ ਆਨ-ਸ਼ਾਨ ਅਤੇ ਮਰਿਯਾਦਾਵਾਂ ਨੂੰ ਕਾਇਮ ਰੱਖਣ ਹਿੱਤ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੋਂ ਕਤਈ ਪਿਛਾਂਹ ਨਹੀਂ ਹੱਟਿਆ । ਜੋ ਸ. ਪ੍ਰਕਾਸ਼ ਸਿੰਘ ਬਾਦਲ ਤੇ ਬਾਦਲ ਦਲੀਆਂ ਨੇ ਆਪਣੇ ਸਿਆਸੀ ਤੇ ਪਰਿਵਾਰਿਕ ਹਿੱਤਾ ਦੀ ਪੂਰਤੀ ਲਈ ਹਰਿਆਣਾ ਗੁਰਦੁਆਰਾ ਕਮੇਟੀ ਦੇ ਮੁੱਦੇ ‘ਤੇ ਆਪਣੇ ਅਹੁਦੇਦਾਰਾਂ, ਚੇਅਰਮੈਨਾਂ, ਜਥੇਦਾਰਾਂ ਅਤੇ ਹੋਰ ਆਗੂਆਂ ਦੀ ਅਗਵਾਈ ਵਿਚ ਟਾਸਕ ਫੋਰਸ ਦੇ ਬਦਮਾਸ਼ਾਂ ਅਤੇ ਗੁੰਡਿਆਂ ਨੂੰ ਹਰਿਆਣੇ ਦੇ ਗੁਰੂਘਰਾਂ ਵਿਚ ਭੇਜ ਕੇ ਭਰਾਮਾਰੂ ਜੰਗ ਨੂੰ ਬੁੜਾਵਾ ਦੇਣ ਅਤੇ ਸਿੱਖਾਂ ਨੂੰ ਗੁੰਮਰਾਹ ਕਰਨ ਹਿੱਤ 27 ਜੁਲਾਈ ਨੂੰ ਮੰਜ਼ੀ ਸਾਹਿਬ, ਅੰਮ੍ਰਿਤਸਰ ਵਿਖੇ ਹਰਿਆਣੇ ਦੇ ਸਿੱਖਾਂ ਵਿਰੁੱਧ ਮੋਰਚਾ ਲਗਾਉਣ ਦੀ ਗੱਲ ਕਰਕੇ ਉਸ ਨੂੰ ਪੰਥਕ ਕੰਨਵੈਨਸ਼ਨ ਦੇ ਨਾਮ ਤੇ ਗੁੰਮਰਾਹ ਕਰਨ ਦੀ ਕੋਸਿ਼ਸ਼ ਕਰ ਰਹੇ ਸੀ । ਜਿਸ ਲਈ ਅਸੀਂ ਆਪਣੀ ਕੌਮੀ ਜਿੰਮੇਵਾਰੀ ਸਮਝਦੇ ਹੋਏ ਅੰਮ੍ਰਿਤਸਰ ਵਿਖੇ ਹੀ ਸਮੁੱਚੀਆਂ ਪੰਥਕ ਧਿਰਾਂ, ਸੰਗਠਨਾਂ, ਸਖਸ਼ੀਅਤਾਂ ਅਤੇ ਆਗੂਆਂ ਨੂੰ ਸਤਿਕਾਰ ਸਹਿਤ ਸੱਦਾ ਦੇ ਕੇ ਭਰਾਮਾਰੂ ਜੰਗ ਨੂੰ ਰੋਕਣ ਅਤੇ ਇਸ ਸਰਬੱਤ ਖ਼ਾਲਸੇ ਰਾਹੀ ਅਗਲੇ ਐਕਸ਼ਨ ਰਾਹੀ ਪ੍ਰੋਗਰਾਮ ਉਲੀਕਣ ਦਾ ਬੀੜਾ ਚੁੱਕਿਆ ਸੀ । ਪਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਨੂੰ ਲਿਖਤੀ ਰੂਪ ਵਿਚ ਇਸ ਸਰਬੱਤ ਖ਼ਾਲਸੇ ਨੂੰ ਰੱਦ ਕਰਨ ਦੇ ਆਏ ਹੁਕਮ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਹੋਣ ਦੇ ਨਾਤੇ ਅਤੇ ਮੀਰੀ-ਪੀਰੀ ਦੀ ਮਹਾਨ ਸੋਚ ਅੱਗੇ ਸਤਿਕਾਰ ਸਹਿਤ ਸੀਸ ਝੁਕਾਉਦੇ ਹੋਏ ਇਸ ਸਰਬੱਤ ਖ਼ਾਲਸੇ ਦੇ ਕੌਮੀ ਸਿਧਾਤਿਕ ਪ੍ਰੋਗਰਾਮ ਨੂੰ ਮੁਲਤਵੀ ਕਰਦੇ ਹਾਂ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਈਮੇਲ ਰਾਹੀ ਭੇਜੇ ਪੱਤਰ ਅਤੇ ਬਾਦਲ ਪਰਿਵਾਰ ਦੀ ਸਵਾਰਥੀ ਸੋਚ ਅਧੀਨ ਸੁਰੂ ਕੀਤੀ ਗਈ ਭਰਾਮਾਰੂ ਜੰਗ ਦਾ ਅੰਤ ਕਰਨ ਅਤੇ ਅੱਗੋ ਲਈ ਸਮੁੱਚੇ ਖ਼ਾਲਸਾ ਪੰਥ ਦੀ ਪ੍ਰਵਾਨਗੀ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਫੈਸਲੇ ਕਰਨ ਦੀ ਸੋਚ ਉਤੇ ਮੋਹਰ ਲਗਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਅਸੀਂ ਤਾਂ ਪੰਥ ਦੇ ਵਡੇਰੇ ਹਿੱਤਾ ਅਤੇ ਕੌਮੀ ਸੋਚ ਨੂੰ ਮੁੱਖ ਰੱਖਕੇ ਬਾਦਲਾਂ ਦੀ ਸਿਆਸਤ ਵਿਚ ਘਿਰੇ ਜਥੇਦਾਰ ਸਾਹਿਬਾਨ ਦੇ ਹੁਕਮ ਨੂੰ ਪ੍ਰਵਾਨ ਕਰ ਲਿਆ ਹੈ । ਪਰ ਇਸ ਦੇ ਨਾਲ ਹੀ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਨੀ ਚਾਹਵਾਂਗੇ ਕਿ ਜਿਥੇ ਉਹਨਾਂ ਨੇ “ਦੇਰ ਆਏ, ਦਰੁਸਤ ਆਏ” ਦੀ ਸੋਚ ਅਨੁਸਾਰ ਭਰਾਮਾਰੂ ਜੰਗ ਨੂੰ ਰੋਕਣ ਲਈ ਸ. ਬਾਦਲ, ਹਰਿਆਣੇ ਦੇ ਸਿੱਖਾਂ ਅਤੇ ਸਾਨੂੰ ਇਹ ਹੁਕਮ ਕੀਤੇ ਹਨ, ਉਥੇ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਵਾਂਗੇ ਕਿ ਇਹ ਕਦਮ ਉਹਨਾਂ ਨੂੰ ਉਸ ਸਮੇਂ ਹੀ ਉਠਾਉਣਾ ਚਾਹੀਦਾ ਸੀ, ਜਦੋ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਆਪਹੁਦਰੇ ਅਮਲ ਕਰਕੇ ਐਸ.ਜੀ.ਪੀ.ਸੀ. ਦੀ ਸੰਸਥਾਂ ਅਤੇ ਪੰਜਾਬ ਦੇ ਖਜ਼ਾਨੇ ਅਤੇ ਅਮਲੇ-ਫੈਲੇ ਦੀ ਦੁਰਵਰਤੋ ਕਰਕੇ ਮੰਜ਼ੀ ਸਾਹਿਬ ਅੰਮ੍ਰਿਤਸਰ ਵਿਖੇ ਬਾਦਲ-ਬੀਜੇਪੀ ਦਾ ਪੰਥਕ ਕੰਨਵੈਨਸ਼ਨ ਦੇ ਨਾਮ ਤੇ ਇਕੱਠ ਕਰਨ ਦਾ ਗੈਰ ਸਿਧਾਤਿਕ ਗਲਤ ਫੈਸਲਾ ਕੀਤਾ ਸੀ । ਉਹਨਾਂ ਕਿਹਾ ਕਿ ਇਕ ਹਿੰਦੂਤਵ ਜਮਾਤਾਂ ਦੀ ਭਾਈਵਾਲ ਸਰਕਾਰ ਦੇ ਮੁੱਖੀ ਮੁੱਖ ਮੰਤਰੀ ਨੂੰ ਕੀ ਹੱਕ ਹੈ ਕਿ ਉਹ ਗੁਰੂ ਘਰ ਦੇ ਸਥਾਨ ਅਤੇ ਸੰਸਥਾਵਾਂ ਦੀ ਦੁਰਵਰਤੋ ਕਰਕੇ ਸਿੱਖ ਕੌਮ ਵਿਚ ਵੰਡੀਆਂ ਪਾਵੇ ਅਤੇ ਉਥੋ ਹੀ ਗੈਰ ਦਲੀਲ ਅਤੇ ਗੈਰ ਸਿਧਾਤਿਕ ਅਮਲਾਂ ਰਾਹੀ ਸਿੱਖਾਂ ਵਿਰੁੱਧ ਮੋਰਚੇ ਲਗਾਵੇ ? ਸ. ਮਾਨ ਨੇ ਜਥੇਦਾਰ ਸਾਹਿਬਾਨ ਨੂੰ ਅਪੀਲ ਕੀਤੀ ਕਿ ਅਸੀਂ ਆਪ ਜੀ ਦਾ ਹੁਕਮ ਪ੍ਰਵਾਨ ਕਰ ਲਿਆ ਹੈ ਅਤੇ ਉਹ ਵੀ ਸਿੱਖ ਕੌਮ ਨੂੰ ਸਿੱਖੀ ਧੁਰੇ ਦੀ ਅਗਵਾਈ ਵਿਚ ਕੇਦਰਿਤ ਰੱਖਣ ਹਿੱਤ ਹਰਿਆਣੇ ਦੇ ਤਿੰਨੇ ਸਿੱਖਾਂ ਸ. ਜਗਦੀਸ ਸਿੰਘ ਝੀਡਾ, ਸ. ਦੀਦਾਰ ਸਿੰਘ ਨਲਵੀ, ਸ. ਹਰਮਹਿੰਦਰ ਸਿੰਘ ਚੱਠਾ ਅਤੇ ਰਾਜਸਥਾਨ ਦੇ ਗੁਰੂਘਰ ਬੁੱਢਾ ਜੌਹਰ ਦੇ ਪ੍ਰਧਾਨ ਸ. ਬਲਦੇਵ ਸਿੰਘ ਵਿਰੁੱਧ ਗੈਰ ਸਿਧਾਤਿਕ ਅਤੇ ਗੈਰ ਦਲੀਲ ਤਰੀਕੇ “ਪੰਥ ਵਿਚੋਂ ਛੇਕਣ” ਦੇ ਆਪਣੇ ਹੁਕਮਾਂ ਨੂੰ ਤੁਰੰਤ ਵਾਪਿਸ ਲੈਕੇ ਹਰਿਆਣੇ ਅਤੇ ਰਾਜਸਥਾਨ ਦੇ ਸਿੱਖਾਂ ਵਿਚ ਪੈਦਾ ਹੋਈ ਕੁੜੱਤਣ ਨੂੰ ਖ਼ਤਮ ਕਰਕੇ ਮਾਹੌਲ ਸ਼ਾਤ ਕਰਨ । ਇਸ ਦੇ ਨਾਲ ਹੀ ਜੋ ਸ. ਬਾਦਲ ਨੇ ਆਪਣੇ ਸਿਆਸੀ ਅਹੁਦੇਦਾਰਾਂ, ਚੇਅਰਮੈਨਾਂ, ਐਮ.ਐਲ.ਏ, ਵਜ਼ੀਰਾਂ, ਜਿ਼ਲ੍ਹਾ ਪ੍ਰਧਾਨਾਂ ਦੀ ਅਗਵਾਈ ਹੇਠ ਟਾਸਕ ਫੋਰਸ ਵਿਚ ਭਰਤੀ ਕੀਤੇ ਗਏ ਆਪਣੇ ਬਦਮਾਸ਼ਾਂ ਤੇ ਗੁੰਡਿਆਂ ਨੂੰ ਹਰਿਆਣੇ ਦੇ ਗੁਰੂਘਰਾਂ ਵਿਚ ਹਥਿਆਰਾਂ ਨਾਲ ਭੇਜਕੇ ਉਥੋ ਦੇ ਮਾਹੌਲ ਨੂੰ ਵਿਸਫੋਟਕ ਬਣਾਇਆ ਹੈ, ਉਹਨਾਂ ਗੁੰਡਿਆਂ ਤੇ ਬਦਮਾਸ਼ਾਂ ਨੂੰ ਤੁਰੰਤ ਪੰਜਾਬ ਵਾਪਿਸ ਆਉਣ ਦੇ ਹੁਕਮ ਵੀ ਕਰਨ ਤਾਂ ਕਿ ਸਮੁੱਚੇ ਸਿੱਖੀ ਮਾਹੌਲ ਅਤੇ ਵੱਖ-ਵੱਖ ਸੂਬਿਆਂ ਦੇ ਸਿੱਖਾਂ ਵਿਚ ਉਤਪੰਨ ਹੋਈ ਕੁੜੱਤਣ ਦਾ ਅੰਤ ਕੀਤਾ ਜਾ ਸਕੇ ।
ਸ. ਮਾਨ ਨੇ ਸਹਾਰਨਪੁਰ (ਯੂਪੀ) ਵਿਖੇ ਅੱਜ ਗੁਰੂਘਰ ਅਤੇ ਸਿੱਖਾਂ ਉਤੇ ਹੋਏ ਹਮਲਿਆ ਨੂੰ ਹਿੰਦੂਤਵ ਬੀਜੇਪੀ, ਆਰ.ਐਸ.ਐਸ. ਜਮਾਤਾਂ ਦੀ ਇਕ ਡੂੰਘੀ ਸਾਜਿ਼ਸ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਅਮਲ ਦਿੱਲੀ ਦੀ ਮੋਦੀ ਹਕੂਮਤ ਅਤੇ ਨਾਗਪੁਰ ਦੇ ਆਰ.ਐਸ.ਐਸ. ਦੇ ਹੈੱਡਕੁਆਰਟਰ ਦੀ ਸਾਂਝੀ ਸੋਚ ਅਧੀਨ ਬਿਲਕੁਲ ਉਸੇ ਤਰ੍ਹਾਂ ਕਰਵਾਏ ਗਏ ਹਨ, ਜਿਵੇ ਕੁਝ ਸਮਾਂ ਪਹਿਲੇ ਹੈਦਰਾਬਾਦ ਵਿਚ ਅਤੇ 2000 ਵਿਚ ਜੰਮੂ-ਕਸ਼ਮੀਰ ਦੇ ਚਿੱਠੀ ਸਿੰਘ ਪੁਰਾ ਵਿਚ 43 ਸਿੱਖਾਂ ਦਾ ਇਸ ਲਈ ਕਤਲੇਆਮ ਕਰਵਾਇਆ ਗਿਆ ਸੀ ਤਾਂ ਕਿ ਮੁਸਲਿਮ ਅਤੇ ਸਿੱਖ ਦੋਵੇ ਮਾਰਸ਼ਲ ਕੌਮਾਂ ਵਿਚ ਨਫ਼ਰਤ ਦੀ ਦੀਵਾਰ ਖੜ੍ਹੀ ਕਰਕੇ ਇਹਨਾਂ ਦੋਵਾ ਕੌਮਾਂ ਦੀ ਵੱਡੀ ਸ਼ਕਤੀ ਨੂੰ ਕੰਮਜੋਰ ਕੀਤਾ ਜਾ ਸਕੇ ਅਤੇ ਲੜਾਇਆ ਜਾ ਸਕੇ ਅਤੇ ਹਿੰਦੂਤਵ ਸੋਚ ਅਤੇ ਹਿੰਦੂ ਰਾਸ਼ਟਰ ਦੇ ਮਿਸਨ ਵੱਲ ਵੱਧਿਆ ਜਾ ਸਕੇ । ਉਹਨਾਂ ਕਿਹਾ ਕਿ ਕੋਈ ਵੀ ਮੁਸਲਮਾਨ ਸਿੱਖ ਗੁਰੂਘਰਾਂ ਜਾਂ ਸਿੱਖਾਂ ਉਤੇ ਕਤਈ ਹਮਲਾ ਨਹੀਂ ਕਰ ਸਕਦਾ । ਹੈਦਰਾਬਾਦ ਅਤੇ ਸਹਾਰਨਪੁਰ ਵਿਖੇ ਹੋਏ ਹਮਲੇ ਹਿੰਦੂਤਵ ਤਾਕਤਾਂ ਦੇ ਗੁਲਾਮਾਂ ਵੱਲੋਂ ਹੋਏ ਹਨ, ਮੁਸਲਿਮ ਕੌਮ ਵੱਲੋਂ ਨਹੀਂ, ਜਿਸ ਪਿੱਛੇ ਆਰ.ਐਸ.ਐਸ. ਦੀ ਮੁਤੱਸਵੀ ਸੋਚ ਕੰਮ ਕਰਦੀ ਹੈ । ਉਹਨਾਂ ਸੈਟਰ ਦੀ ਮੋਦੀ ਹਕੂਮਤ ਅਤੇ ਆਰ.ਐਸ.ਐਸ. ਦੇ ਕਰਤਾ-ਧਰਤਿਆ ਨੂੰ ਅਤੇ ਉਹਨਾਂ ਨਾਲ ਨੌਹ-ਮਾਸ ਅਤੇ ਪਤੀ-ਪਤਨੀ ਦਾ ਰਿਸਤਾ ਰੱਖਣ ਵਾਲੇ ਬਾਦਲ ਦਲੀਆਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਸਿੱਖ ਕੌਮ ਉਤੇ ਜਾਂ ਸਿੱਖ ਗੁਰੂਘਰਾਂ ਉਤੇ ਹੋਣ ਵਾਲੇ ਸਾਜ਼ਸੀ ਹਮਲਿਆ ਨੂੰ ਸਿੱਖ ਕੌਮ ਕਤਈ ਬਰਦਾਸਤ ਨਹੀਂ ਕਰੇਗੀ ਅਤੇ ਆਪਣੀਆਂ ਸਿੱਖੀ ਮਰਿਯਾਦਾਵਾਂ ਅਤੇ ਸੋਚ ਉਤੇ ਪਹਿਰਾ ਦਿੰਦਿਆ ਇਹਨਾਂ ਤਾਕਤਾਂ ਨਾਲ ਕੌਮਾਂਤਰੀ ਪੱਧਰ ‘ਤੇ ਅਤੇ ਹਿੰਦ ਵਿਚ ਸੋਸਲ ਮੀਡੀਆ ਦੇ ਸਾਧਨਾਂ ਰਾਹੀ ਇਹਨਾਂ ਭੇੜੀਆਂ ਦੇ ਖੂਖਾਰ ਅਤੇ ਇਨਸਾਨੀਅਤ ਵਿਰੋਧੀ ਰੂਪ ਨੂੰ ਜ਼ਾਹਰ ਕਰਨ ਦੀ ਜਿੰਮੇਵਾਰੀ ਨਿਭਾਏਗੀ ਅਤੇ ਇਹਨਾਂ ਦੀ ਕਦੀ ਵੀ ਗੁਲਾਮੀਅਤ ਨੂੰ ਪ੍ਰਵਾਨ ਨਹੀਂ ਕਰੇਗੀ । ਸ. ਮਾਨ ਨੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਸਮੁੱਚੀ ਜਥੇਬੰਦੀ ਦੇ ਬਿਨ੍ਹਾਂ ਤੇ ਬਾਹਰਲੇ ਮੁਲਕਾਂ ਹਿੰਦ ਦੇ ਵੱਖ-ਵੱਖ ਸੂਬਿਆ ਅਤੇ ਪੰਜਾਬ ਵਿਚ ਵਿਚਰ ਰਹੇ ਪੰਥ ਦਰਦੀਆਂ, ਉਹਨਾਂ ਸੰਗਠਨਾਂ, ਜਥੇਬੰਦੀਆਂ, ਲਿਆਕਤਮੰਦਾਂ, ਪ੍ਰਚਾਰਕਾਂ ਅਤੇ ਸਮੁੱਚੀ ਸਿੱਖ ਕੌਮ ਸਭਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਸਾਡੇ ਵੱਲੋ 27 ਜੁਲਾਈ ਨੂੰ ਬੁਲਾਏ ਗਏ “ਸਰਬੱਤ ਖ਼ਾਲਸਾ” ਦੇ ਕੌਮ ਪੱਖੀ ਉਦਮ ਨੂੰ ਹਰ ਪੱਖੋ ਸਹਿਯੋਗ ਕਰਦੇ ਹੋਏ ਸਾਨੂੰ ਇਖ਼ਲਾਕੀ ਅਤੇ ਧਰਮੀ ਤੌਰ ਤੇ ਮਜ਼ਬੂਤੀ ਬਖਸ਼ੀ ਹੈ ਅਤੇ ਅਗਲੀ ਫੈਸਲਾਕੁੰਨ ਕੌਮੀ ਲੜਾਈ ਲਈ ਦ੍ਰਿੜਤਾ ਬਖਸ਼ੀ ਹੈ । ਸੰਗਤਾਂ ਦੀ ਜਾਣਕਾਰੀ ਹਿੱਤ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਰਬੱਤ ਖ਼ਾਲਸੇ ਨੂੰ ਰੱਦ ਕਰਨ ਦੇ ਆਏ ਹੁਕਮਾਂ ਦੀ ਕਾਪੀ ਵੀ ਇਸ ਪ੍ਰੈਸ ਰੀਲੀਜ ਦੇ ਨਾਲ ਭੇਜੀ ਜਾਂਦੀ ਹੈ ।