ਹਰਿਆਣਾ ਸਰਕਾਰ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਨ ਐਕਟ 2014 ਅਧੀਨ ਹਰਿਆਣਾ ਵਿਚ ਸਥਿਤ ਗੁਰਦੁਆਰਾ ਸਾਹਿਬਾਨ ਦੀ ਵੇਖ ਰੇਖ ਕਰਨ ਲਈ 41 ਮੈਂਬਰੀ ਕਮੇਟੀ ਬਣਾਉਣ ਤੋਂ ਬਾਅਦ ਟਕਰਾਓ ਦੀ ਸਥਿਤੀ ਬਣ ਗਈ ਹੈ। ਇਸ ਕਮੇਟੀ ਵਿਚ ਬਾਦਲ ਪੱਖੀ ਹਰਿਆਣਾ ਵਿਚੋਂ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ। ਪਰਕਾਸ ਸਿੰਘ ਬਾਦਲ ਵੱਲੋਂ ਆਰ-ਪਾਰ ਦੀ ਲੜਾਈ ਦਾ ਐਲਾਨ ਕਰਨ ਨਾਲ ਸਥਿਤੀ ਵਿਸਫੋਟਕ ਹੋ ਗਈ ਹੈ। ਸਿੰਘ ਸਭਾਵਾਂ ਅਤੇ ਦੇਸ ਵਿਦੇਸ ਦੀਆਂ ਹੋਰ ਸਿੱਖ ਸੰਸਥਾਵਾਂ ਨੇ ਵੀ ਪਰਕਾਸ ਸਿੰਘ ਬਾਦਲ ਨੂੰ ਸੰਜਮ ਤੋਂ ਕੰਮ ਲੈਣ ਦਾ ਸੁਝਾਆ ਦਿੰਦਿਆਂ ਕਿਹਾ ਹੈ ਕਿ ਹਰਿਆਣਾ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਕੋਈ ਅਜਿਹਾ ਕਦਮ ਚੁੱਕਿਆ ਨਹੀਂ ਜਾਣਾ ਚਾਹੀਦਾ ਜਿਸ ਨਾਲ ਖੂਨ ਖਰਾਬੇ ਦੇ ਹਾਲਾਤ ਪੈਦਾ ਹੋ ਸਕਣ। ਪੰਜਾਬ ਤੋਂ ਭੇਜੇ ਅਕਾਲੀ ਦਲ ਦੇ ਹਥਿਆਰਬੰਦ ਵਿਅਕਤੀਆਂ ਨੂੰ ਵਾਪਸ ਬੁਲਾਇਆ ਜਾਵੇ। 27 ਜੁਲਾਈ ਨੂੰ ਅੰਮ੍ਰਿਤਸਰ ਵਿਖੇ ਸੱਦਿਆ ਇਕੱਠ ਕੈਂਸਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਸਿੱਖ ਸੰਸਥਾਵਾਂ ਦੋਫਾੜ ਹੋਣ ਤੋਂ ਬਚ ਸਕਣ। ਇਸਨੂੰ ਪੰਥਕ ਕਾਨਫਰੰਸ ਦਾ ਨਾਂ ਨਹੀਂ ਦਿਤਾ ਜਾਣਾ ਚਾਹੀਦਾ। ਪੰਜਾਬ ਅਤੇ ਹਰਿਆਣਾ ਦੇ ਸਿਆਸਤਦਾਨੋ ਤੁਹਾਡੀਆਂ ਗੋਲਕ ਦੀ ਲੜਾਈ ਦੀਆਂ ਲੂਬੰੜਚਾਲਾਂ ਦੋਹਾਂ ਰਾਜਾਂ ਦੇ ਲੋਕਾਂ ਲਈ ਖਤਰਨਾਕ ਸਾਬਤ ਹੋ ਸਕਦੀਆਂ ਹਨ। ਹਰਿਆਣਾ ਸਰਕਾਰ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਨ ਐਕਟ 2014 ਬਣਾਉਣ ਦੇ ਨਤੀਜੇ ਵਜੋਂ ਸ਼ਰੋਮਣੀ ਅਕਾਲੀ ਦਲ ਦੇ ਸਰਪਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਪਰਕਾਸ ਸਿੰਘ ਬਾਦਲ ਦੀ ਬੁਖਲਾਹਟ ਦੇ ਨਤੀਜੇ ਪੰਜਾਬ ਅਤੇ ਹਰਿਆਣਾ ਦੀ ਸ਼ਾਂਤੀ ਲਈ ਭਾਂਬੜ ਬਣਕੇ ਖ਼ਤਰਾ ਪੈਦਾ ਕਰ ਸਕਦੇ ਹਨ। ਪੰਜਾਬ ਅਜੇ ਤੱਕ ਨੇਤਾਵਾਂ ਦੀਆਂ ਪਿਛਲੀਆਂ ਗਲਤੀਆਂ ਦਾ ਸੰਤਾਪ ਭੋਗ ਰਿਹਾ ਹੈ। ਪੰਜਾਬ ਦੇ ਕਾਲੇ ਦਿਨਾ-ਬਲਿਊ ਸਟਾਰ ਅਪ੍ਰੇਸ਼ਨ ਅਤੇ 1984 ਦੇ ਦੰਗਿਆਂ ਦੇ ਜ਼ਖਮ ਅਜੇ ਤੱਕ ਰਿਸਦੇ ਪਏ ਹਨ। ਲਗਪਗ ਸਾਰੇ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਨੂੰ ਉਨ੍ਹਾਂ ਸਮਿਆਂ ਵਿਚ ਜੋ ਸੇਕ ਲੱਗਿਆ ਸੀ ਜਿਸਦੀ ਅਜੇ ਤੱਕ ਵੀ ਤੀਹ ਸਾਲ ਬੀਤ ਜਾਣ ਤੋਂ ਬਾਅਦ ਚੀਸ ਰੜਕ ਰਹੀ ਹੈ। ਸਿਆਸਤਦਾਨ ਆਪੋ ਆਪਣੀਆਂ ਪਾਰਟੀਆਂ ਲਈ ਵੋਟਾਂ ਵਟੋਰਨ ਲਈ ਪੰਜਾਬ ਅਤੇ ਹਰਿਆਣਾ ਨੂੰ ਮੁੜ ਉਸੇ ਅੱਗ ਵਿਚ ਸੁਟਣ ਲਈ ਤਰਲੋਮੱਛੀ ਹੋ ਰਹੇ ਹਨ। ਸਾਰਾ ਪੰਜਾਬ ਉਸ ਸਮੇਂ ਸਿੱਧੇ ਜਾਂ ਅਸਿਧੇ ਤੌਰ ਤੇ ਪ੍ਰਭਾਵਤ ਹੋਇਆ ਸੀ । ਹਰਿਆਣਾ ਦੇ ਲੋਕਾਂ ਨੂੰ ਵੀ ਸੇਕ ਲੱਗਿਆ ਸੀ। ਸਿਆਸੀ ਨੇਤਾਵਾਂ ਨੇ ਆਪਣੇ ਬੱਚੇ ਉਸ ਸੇਕ ਤੋਂ ਬਚਣ ਲਈ ਵਿਦੇਸਾਂ ਵਿਚ ਭੇਜ ਦਿੱਤੇ ਸਨ ਅੱਜ ਫਿਰ ਉਹੀ ਸਿਆਸਤਦਾਨ ਪੰਜਾਬ ਦੀ ਸਾਂਤੀ ਨੂੰ ਲਾਂਬੜ ਲਾਉਣ ਲਈ ਪੰਜਾਬੀਆਂ ਨੂੰ ਉਕਸਾਕੇ ਹਰਿਆਣੇ ਦੇ ਸਿੱਖ ਭਰਾਵਾਂ ਨਾਲ ਲੜਾਉਣ ਦੀਆਂ ਚਾਲਾਂ ਚੱਲਣ ਵਿਚ ਰੁਝੇ ਹੋਏ ਹਨ। ਉਹ ਇਹ ਨਹੀਂ ਸੋਚਦੇ ਦੂਜੇ ਦੇ ਘਰ ਲੱਗੀ ਅੱਗ ਅੱਜ ਉਨ੍ਹਾਂ ਨੂੰ ਬਸੰਤਰ ਦਿਖ ਰਹੀ ਹੈ ਕਦੀਂ ਵੀ ਉਨ੍ਹਾਂ ਲਈ ਇਹ ਬਸੰਤਰ ਅੱਗ ਬਣ ਸਕਦੀ ਹੈ। ਗੋਲਕ ਦੀ ਲੜਾਈ ਪਿਛੇ ਪੰਜਾਬ ਦੀ ਸ਼ਾਂਤੀ ਨੂੰ ਦਾਅ ਤੇ ਲਗਾਉਣਾ ਠੀਕ ਨਹੀਂ। ਉਹ ਇਹ ਨਹੀਂ ਸੋਚਦੇ ਕਿ ਪੈਸਾ ਤਾਂ ਆਉਣੀ ਜਾਣੀ ਚੀਜ਼ ਹੈ ਪ੍ਰੰਤੂ ਜੋ ਮਨੁਖਤਾ ਦਾ ਘਾਣ ਹੋਵੇਗਾ ਉਹ ਵਾਪਸ ਨਹੀਂ ਮੁੜ ਸਕਦਾ। ਸਿਆਸੀ ਵਿਅਕਤੀਆਂ ਨੂੰ ਧਰਮ ਦੇ ਘਨੇੜੇ ਚੜ੍ਹਕੇ ਸਿਆਸਤ ਨਹੀਂ ਕਰਨੀ ਚਾਹੀਦੀ। ਮੋਰਚੇ ਲਗਾਉਣਾ ਅਕਾਲੀ ਦਲ ਭਾਵੇਂ ਆਪਣਾ ਜੱਦੀ ਪੁਸ਼ਤੀ ਹੱਕ ਸਮਝਦਾ ਹੈ ਪ੍ਰੰਤੂ ਇਹ ਮੋਰਚੇ ਮਨੁਖਤਾ ਦੇ ਜਾਂ ਪੰਜਾਬ ਦੇ ਭਲੇ ਲਈ ਹੋਣੇ ਚਾਹੀਦੇ ਹਨ। ਨਿੱਜੀ ਹਿੱਤਾਂ ਦੀ ਪ੍ਰਾਪਤੀ ਲਈ ਮੋਰਚੇ ਨਹੀਂ ਲਗਾਉਣੇ ਚਾਹੀਦੇ। ਪਰਕਾਸ ਸਿੰਘ ਬਾਦਲ ਜਿਸਨੂੰ ਸਿਆਸਤ ਦਾ ਬਾਬਾ ਬੋਹੜ ਕਿਹਾ ਜਾਂਦਾ ਹੈ ਤੇ ਪੰਜ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆਂ ਹੈ। ਜਿੰਦਗੀ ਦਾ ਅਥਾਹ ਤਜਰਬਾ ਹੈ ਪ੍ਰੰਤੂ ਆਤਮ ਹੱਤਿਆ ਵਰਗਾ ਬਿਆਨ ਦੇਣ ਲੱਗਿਆਂ ਭੁਲ ਹੀ ਗਿਆ ਕਿ ਇੱਕ ਮੁਖ ਮੰਤਰੀ ਲਈ ਇਹ ਬਿਆਨ ਦੇਣਾ ਵਾਜਬ ਹੈ ਜਾਂ ਨਹੀਂ। ਉਸਨੇ ਤਾਂ ਕਾਨੂੰਨ ਦੀ ਪਾਲਣਾ ਕਰਾਉਣੀ ਹੈ ਤੇ ਉਹ ਕਾਨੂੰਨ ਨੂੰ ਆਪਣੇ ਹੱਥ ਲੈਣ ਦੀ ਗੱਲ ਕਰ ਰਿਹਾ ਹੈ। ਉਹ ਵੀ ਗਵਾਂਢੀ ਰਾਜ ਵਿਚ ਜਾ ਕੇ ਜਿਸ ਰਾਜ ਨੇ ਉਸਨੂੰ ਆਪਣਾ ਹੋਟਲਾਂ ਦਾ ਵਿਓਪਾਰ ਕਰਨ ਲਈ ਜਮੀਨ ਨਾਮਾਤਰ ਕੀਮਤ ਤੇ ਦਿੱਤੀ ਹੋਵੇ। ਮੁੱਖ ਮੰਤਰੀ ਨੇ ਇਸ ਕਾਰਵਾਈ ਦੇ ਪ੍ਰਭਾਵਾਂ ਬਾਰੇ ਸੋਚਿਆ ਹੀ ਨਹੀਂ ਕਿ ਲੋਕਾਂ ਤੇ ਇਸਦਾ ਕੀ ਅਸਰ ਹੋਵੇਗਾ। ਇੱਕ ਮੁਖ ਮੰਤਰੀ ਮੋਰਚੇ ਲਗਾਉਂਦਾ ਸ਼ੋਭਾ ਨਹੀਂ ਦਿੰਦਾ। ਮੁੱਖ ਮੰਤਰੀ ਨੇ ਤਾਂ ਅਮਨ ਕਾਨੂੰਨ ਕਾਇਮ ਰੱਖਣਾ ਹੁੰਦਾ ਹੈ। ਦੂਜੇ ਪਾਸੇ ਮੁੱਖ ਮੰਤਰੀ ਅਕਾਲੀ ਵਿਧਾਇਕਾਂ ਦੀ ਮੀਟਿੰਗ ਵਿਚ ਰੋਣ ਲੱਗਦਾ ਹੈ ਪ੍ਰੰਤੂ ਉਹ ਇਹ ਨਹੀਂ ਸੋਚਦਾ ਕਿ ਬਗਾਨੇ ਰਾਜ ਵਿਚ ਮੋਰਚਾ ਲਗਾਉਣ ਨਾਲ ਜੇ ਖੂਨ ਖਰਾਬਾ ਹੋ ਗਿਆ ਤਾਂ ਉਨ੍ਹਾਂ ਨਿਰਦੋਸ ਲੋਕਾਂ ਦੇ ਵਾਰਸਾਂ ਦਾ ਕੀ ਬਣੇਗਾ। ਹੁਣ ਤੱਕ ਨਾ ਤਾਂ ਉਹ ਪੰਜਾਬ ਦੇ ਕਾਲੇ ਦਿਨਾਂ-ਬਲਿਊ ਸਟਾਰ ਅਪ੍ਰੇਸਨ 1984 ਦੇ ਦੰਗਿਆਂ ਤੇ ਕਦੀਂ ਰੋਇਆ ਹੈ। ਮਗਰ ਮੱਛ ਦੇ ਹੰਝੂ ਬਹਾਉਣ ਨਾਲ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਇਹਨਾਂ ਮੋਰਚਿਆਂ ਨੇ ਪੰਜਾਬ ਦੀ ਆਰਥਿਕਤਾ ਅਤੇ ਸਾਂਤੀ ਨੂੰ ਪਹਿਲਾਂ ਹੀ ਕਾਫੀ ਢਾਹ ਲਾਈ ਸੀ। ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਕੇਂਦਰ ਸਰਕਾਰ ਵਿਰੁਧ ਧਰਨਾ ਲਾਇਆ ਸੀ ਉਦੋਂ ਪਰਕਾਸ਼ ਸਿੰਘ ਬਾਦਲ ਉਸਨੂੰ ਬੁਰਾ ਭਲਾ ਕਹਿ ਰਹੇ ਸਨ ਹੁਣ ਮੋਰਚਾ ਲਗਾਉਣਾ ਠੀਕ ਕਿਵੇਂ ਹੋ ਗਿਆ ਇਸ ਬਾਰੇ ਸੋਚਣਾ ਬਣਦਾ ਹੈ। ਹਰਿਆਣਾ ਬੀ ਜੇ ਪੀ ਨੇ ਆਪਣੇ ਚੋਣ ਮਨੋਰਥ ਪੱਤਰ ਵਿਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਵਾਅਦਾ ਕੀਤਾ ਸੀ। ਇਸ ਲਈ ਉਹ ਵੀ ਹਰਿਆਣਾ ਵਿਚ ਅਕਾਲੀ ਦਲ ਦਾ ਸਾਥ ਨਹੀਂ ਦੇਣਗੇ ਕਿਉਂਕਿ ਉਹ ਨਹੀਂ ਚਾਹੁਣਗੇ ਕਿ ਹਰਿਆਣਾ ਦੀ ਅਮਨ ਤੇ ਸਾਂਤੀ ਭੰਗ ਹੋਵੇ। ਅਕਾਲੀਆਂ ਨੇ ਤਾਂ ਹਰਿਆਣਾ ਵਿਚ ਟਕਰਾਓ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਹੈਰਾਨੀ ਦੀ ਗੱਲ ਹੈ ਕਿ ਅਵਤਾਰ ਸਿੰਘ ਮੱਕੜ ਨੇ ਬਿਆਨ ਦਿੱਤਾ ਹੈ ਕਿ ਉਹ ਹਰਿਆਣਾ ਦੇ ਗੁਰਦੁਆਰਿਆਂ ਵਿਚ ਗੋਲਕਾਂ ਨੂੰ ਕਿਸੇ ਨੂੰ ਹੱਥ ਨਹੀਂ ਲਗਾਉਣ ਦੇਣਗੇ ਇਸਦਾ ਭਾਵ ਹੋਇਆ ਕਿ ਮੋਰਚਾ ਸਿਰਫ ਪੈਸੇ ਕਰਕੇ ਹੀ ਲਗਾਇਆ ਜਾਵੇਗਾ। ਇਸ ਬਿਆਨ ਨਾਲ ਅਕਾਲੀ ਦਲ ਦੀ ਮਨਸ਼ਾ ਨੰਗੀ ਹੋ ਗਈ ਹੈ। ਅਖਬਾਰਾਂ ਦੀਆਂ ਖਬਰਾਂ ਅਨੁਸਾਰ ਅਕਾਲੀ ਦਲ ਨੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਵਿਚ ਪੰਜਾਬ ਦੇ ਘਾਗ ਲੜਾਕੂ ਅਕਾਲੀ ਨੇਤਾ ਅਤੇ ਨਿਹੰਗ ਸਿੰਘ ਹਥਿਆਰਾਂ ਸਮੇਤ ਬਿਠਾ ਦਿੱਤੇ ਹਨ ਤਾਂ ਜੋ ਹਰਿਆਣਾ ਸਰਕਾਰ ਨਵੇਂ ਕਾਨੂੰਨ ਦੀ ਪਾਲਣਾ ਨਾ ਕਰਵਾ ਸਕੇ। ਅਸਲ ਵਿਚ ਦੁਧ ਦੀ ਰਾਖੀ ਬਿਲੇ ਬਿਠਾ ਦਿੱਤੇ ਗਏ ਹਨ। ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਦੁੱਧ ਕਿਸਨੂੰ ਪੀਣ ਲਈ ਮਿਲੇਗਾ ਅਕਾਲੀ ਦਲ ਨੂੰ ਯਾ ਇਹ ਬਿਲੇ ਹੀ ਪੀ ਜਾਣਗੇ। ਅਕਾਲੀ ਦਲ ਨੇ ਬੀ ਜੇ ਪੀ ਵਰਗੀ ਉਸ ਪਾਰਟੀ ਨਾਲ ਹੱਥ ਮਿਲਾਇਆ ਹੈ ਜਿਸਦੇ ਲੀਡਰਾਂ ਐਲ ਕੇ ਅਡਵਾਨੀ ਵਰਗਿਆਂ ਨੇ ਮਾਂਣ ਨਾਲ ਆਪਦੀ ਸਵੈ-ਜੀਵਨੀ-ਮਾਈ ਕੰਟਰੀ ਮਾਈ ਇੰਡੀਆ-ਵਿਚ ਲਿਖਿਆ ਹੈ ਕਿ ਇੰਦਰਾ ਗਾਂਧੀ ਨੇ ਉਨ੍ਹਾਂ ਦੇ ਕਹਿਣ ਤੇ ਹਰਿਮੰਦਰ ਸਾਹਿਬ ਤੇ ਹਮਲਾ ਕੀਤਾ ਸੀ। ਕਿੰਨੀ ਸ਼ਰਮ ਦੀ ਗੱਲ ਹੈ ਕਿ ਅਕਾਲੀ ਦਲ ਅਜਿਹੀ ਫਿਰਕੂ ਪਾਰਟੀ ਨਾਲ ਭਾਈਵਾਲੀ ਕਰਕੇ ਮਾਣ ਮਹਿਸੂਸ ਕਰ ਰਿਹਾ ਹੈ। ਆਨੰਦਪੁਰ ਸਾਹਿਬ ਦਾ ਮਤਾ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਮੰਗ ਕਰਦਾ ਹੈ ਪ੍ਰੰਤੂ ਅਕਾਲੀ ਦਲ ਉਸਦੇ ਹੀ ਉਲਟ ਹਰਿਆਣਾ ਦੇ ਸਿੱਖਾਂ ਦੀ ਖੁਦਮੁਤਿਆਰੀ ਦਾ ਵਿਰੋਧ ਕਰ ਰਿਹਾ ਹੈ। ਅਕਾਲੀ ਦਲ ਹਮੇਸ਼ਾ ਹੀ ਦੋਗਲੀ ਨੀਤੀ ਅਪਣਾਉਂਦਾ ਹੈ। ਪੰਜਾਬੀਆਂ ਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਬੰਸੀ ਲਾਲ ਅਤੇ ਭਜਨ ਲਾਲ ਦੇ ਰਾਜ ਸਮੇਂ ਦਿੱਲੀ ਨੂੰ ਜਾਣ ਸਮੇਂ ਸਿੱਖਾਂ ਨੇ ਕਿੰਨੀ ਜਲਾਲਤ ਝੱਲੀ ਸੀ । ਉਦੋਂ ਵੀ ਅਕਾਲੀ ਦਲ ਨੇ ਮੋਰਚਾ ਲਗਾਇਆ ਸੀ। ਕਪੂਰੀ ਦਾ ਮੋਰਚਾ ਜਿਸਦਾ ਹੈਡਕਵਾਟਰ ਪਹਿਲੀ ਵਾਰ ਅੰਮ੍ਰਿਤਸਰ ਬਣਾਇਆ ਸੀ ਅਤੇ ਉਸਤੋਂ ਬਾਅਦ ਪੰਜਾਬ ਦੇ ਸਿੱਖਾਂ ਤੇ ਜੋ ਕਹਿਰ ਵਰਤਾਏ ਗਏ ਉਨ੍ਹਾਂ ਨੂੰ ਵੀ ਭੁਲਾਉਣਾ ਔਖਾ ਹੈ। ਪੰਜਾਬੀਓ ਇਨ੍ਹਾਂ ਧਰਮ ਦੇ ਨਾਂ ਤੇ ਅਖੌਤੀ ਮੋਰਚੇ ਲਗਵਾਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲਿਆਂ ਤੋਂ ਗੁੰਮਰਾਹ ਹੋਣ ਤੋਂ ਗੁਰੇਜ ਕਰੋ। ਪਰਕਾਸ ਸਿੰਘ ਬਾਦਲ ਤਾਂ ਘਾਗ ਸਿਆਸਤਦਾਨ ਹੈ ਉਸਨੇ ਤਾਂ ਆਪਣੇ ਪੁਤਰ ਮੋਹ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬਿਠਾਉਣ ਦਾ ਬਹਾਨਾ ਲੱਭ ਲਿਆ ਹੈ। ਅਕਾਲੀਆਂ ਦੇ ਮੁਕਾਬਲੇ ਹਰਿਆਣਾ ਸਰਕਾਰ ਨੇ ਸਪੱਸਟ ਕੀਤਾ ਹੈ ਕਿ ਉਨ੍ਹਾਂ ਦੀ ਪੁਲਿਸ ਗੁਰਦੁਆਰਾ ਸਾਹਿਬਾਨ ਵਿਚ ਨਹੀਂ ਜਾਵੇਗੀ। ਜਲਦਬਾਜੀ ਵਿਚ ਕੋਈ ਕਦਮ ਨਹੀਂ ਚੁੱਕਿਆ ਜਾਵੇਗਾ। ਹਰਿਆਣਾ ਦੇ ਸਿੱਖ ਵੀ ਸਾਂਤੀ ਤੋਂ ਹੀ ਕੰਮ ਲੈਣਗੇ। ਅਕਾਲੀ ਦਲ ਨੂੰ ਸਹਿਜਤਾ ਤੋਂ ਕੰਮ ਲੈਣਾ ਚਾਹੀਦਾ ਹੈ ਕਿਉਂਕਿ ¦ਘਿਆ ਵਕਤ ਮੁੜ ਹੱਥ ਨਹੀਂ ਆਉਂਦਾ। ਪੰਜਾਬ ਵਿਚ ਜਿਹੜੇ ਵਿਕਾਸ ਦੇ ਕੰਮ ਕਰਨੇ ਹਨ ਉਹ ਤਾਂ ਅਕਾਲੀ ਦਲ ਕਰ ਨਹੀਂ ਰਿਹਾ । ਅਕਾਲੀ ਨੇਤਾਵਾ ਤੇ ਕਾਰਕੁਨਾ ਵਲੋਂ ਭਰਿਸਟਾਚਾਰ-ਬੇਰੋਜਗਾਰੀ-ਨਸਿਆਂ ਦਾ ਵਿਉਪਾਰ ਅਤੇ ਲੜਕੀਆਂ ਉਪਰ ਅਤਿਆਚਾਰਾਂ ਵਿਚ ਪਿਛਲੇ ਸੱਤ ਸਾਲਾਂ ਵਿਚ ਅਥਾਹ ਵਾਧਾ ਹੋਇਆ ਹੈ ਅਤੇ ਲੋਕ ਸਭਾ ਚੋਣਾਂ ਵਿਚ ਵੀ ਲੋਕਾਂ ਨੇ ਅਕਾਲੀ ਦਲ ਨੂੰ ਠੁਕਰਾ ਦਿੱਤਾ ਸੀ। ਲੋਕਾਂ ਦਾ ਧਿਆਨ ਇਨ੍ਹਾ ਅਸਫਲਤਾਵਾਂ ਤੋਂ ਹਟਾਉਣ ਲਈ ਮੋਰਚੇ ਲਗਾਏ ਜਾ ਰਹੇ ਹਨ। ਪੰਜਾਬ ਅਤੇ ਹਰਿਆਣੇ ਦੇ ਲੋਕ ਅਕਾਲੀ ਦਲ ਦੀਆਂ ਲੋਕ ਵਿਰੋਧੀ ਸਰਗਮੀਆਂ ਕਰਕੇ ਉਨ੍ਹਾਂ ਨੂੰ ਕਦੀਂ ਵੀ ਮੁਆਫ ਨਹੀਂ ਕਰਨਗੇ।