ਨਵੀਂ ਦਿੱਲੀ : ਯੂ.ਪੀ. ਦੇ ਸਹਾਰਨਪੁਰ ਵਿੱਖੇ ਸਿੱਖਾਂ ਦੇ ਖਿਲਾਫ਼ ਹੋਏ ਦੰਗਿਆਂ ਦੀ ਸਖਤ ਨਿਖੇਦੀ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਨਾ ਹੋਣ ਦੀ ਸੁੂਰਤ ‘ਚ ਯੂ.ਪੀ. ਸਰਕਾਰ ਦਾ ਵਿਰੋਧ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ। ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਹਾਰਨਪੁਰ ਦੇ ਪ੍ਰਧਾਨ ਬਲਬੀਰ ਸਿੰਘ ਬੀਰ ਅਤੇ ਖਜਾਨਚੀ ਨਰਿੰਦਰਪਾਲ ਸਿੰਘ ਨਾਲ ਟੈਲੀਫੋਨ ਤੇ ਹੋਈ ਗੱਲਬਾਤ ਦਾ ਜ਼ਿਕਰ ਮੀਡੀਆ ਨੂੰ ਜਾਰੀ ਆਪਣੇ ਬਿਆਨ ‘ਚ ਕੀਤਾ ਹੈ।
ਸਿੱਖ ਭਾਈਚਾਰੇ ਦੇ ਲੋਕਾਂ ਦਾ ਕਰੋੜਾਂ ਰੁਪਏ ਦਾ ਮਾਲੀ ਨੁਕਸਾਨ ਹੋਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਚੇਤਾਵਨੀ ਦਿੱਤੀ ਹੈ ਕਿ ਅਗਰ ਗੁਰਦੁਆਰਾ ਸਾਹਿਬ ਤੇ ਸਾਜਿਸ਼ ਤਹਿਤ ਹਮਲਾ ਕਰਨ ਵਾਲੇ ਸ਼ਰਾਰਤੀ ਅੰਸਰਾਂ ਖਿਲਾਫ ਕਾਰਵਾਈ ਨਾ ਹੋਣ ਦੀ ਬਜਾਏ ਸਿੱਖਾਂ ਖਿਲਾਫ ਪਰਚੇ ਦਰਜ ਹੋਏ ਤੇ ਯੂ.ਪੀ. ਸਰਕਾਰ ਦੇ ਖਿਲਾਫ ਦਿੱਲੀ ਕਮੇਟੀ ਵੱਲੋਂ ਸਿਆਸੀ ਅਤੇ ਕਾਨੂੰਨੀ ਲੜਾਈ ਲੜੀ ਜਾਵੇਗੀ। ਆਪਣੀ ਗੱਲ ਨੂੰ ਹੋਰ ਸਾਫ ਕਰਦੇ ਹੋਏ ਸੁੂਬਾ ਸਰਕਾਰ ਤੇ ਇਸ ਮਸਲੇ ਵਿਚ ਢਿਲਾਈ ਵਰਤਨ ਦਾ ਵੀ ਉਨ੍ਹਾਂ ਨੇ ਦੋਸ਼ ਲਗਾਇਆ।
ਸਥਾਨਿਕ ਸਿੱਖਾਂ ਨੂੰ ਸ਼ਾਂਤੀ ਬਨਾਏ ਰੱਖਣ ਦੀ ਅਪੀਲ ਕਰਦੇ ਹੋਏ ਜੀ.ਕੇ. ਨੇ ਦਿੱਲੀ ਦੀ ਸਮੂਹ ਸੰਗਤਾਂ ਵੱਲੋਂ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਵੀ ਪੇਸ਼ਕਸ਼ ਕੀਤੀ। ਬੀਤੇ ਦਿਨੀ ਸਹਾਰਨਪੁਰ ਦੰਗੇ ਤੇ ਬਾਅਦ ਪਰਤ ਕੇ ਆਏ ਜੀ.ਕੇ. ਨੇ ਉਥੇ ਦੇ ਹਾਲਾਤਾਂ ਨੂੰ ਤਨਾਵਪੁਰਣ ਮਗਰ ਕਾਬੂ ਹੇਠ ਦੱਸਿਆ। ਪੁਲਿਸ ਵੱਲੋਂ ਅਜੇ ਤਕ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਦੇ ਹੋਏ ਹਮਲੇ ਦਾ ਸ਼ਿਕਾਰ ਹੋਏ ਸਿੱਖਾਂ ਦੇ ਘਰਾਂ ਵਿਚ ਪੁਲਿਸ ਵੱਲੋਂ ਦਿੱਤੀ ਜਾ ਰਹੀ ਦਬਿਸ਼ ਨੂੰ ਵੀ ਉਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਕਰਾਰ ਦਿੱਤਾ। ਲੋੜ ਪੈਣ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਰਾਹੀਂ ਕੇਂਦਰ ਸਰਕਾਰ ਨਾਲ ਰਾਫਤਾ ਕਾਇਮ ਕਰਦੇ ਹੋਏ ਸਹਾਰਨਪੁਰ ਦੇ ਸਿੱਖਾਂ ਨੂੰ ਇਨਸਾਫ ਦਿਵਾਉਣ ਦਾ ਵੀ ਜੀ.ਕੇ. ਨੇ ਭਰੋਸਾ ਦਿੱਤਾ।