ਚੰਡੀਗੜ੍ਹ,(ਪ੍ਰੀਤੀ ਸ਼ਰਮਾ) – ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਗਲਾਸਗੋ ਵਿਖੇ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਵਿਖੇ ਭਾਰਤ ਦੇ ਹੋਣਹਾਰ ਖਿਡਾਰੀਆਂ ਨੂੰ ਜਿੱਤਾਂ ਦਰਜ ਕਰਨ ਤੇ ਵਧਾਈ ਦਿੰਦਿਆਂ ਭਾਰਤੀ ਖਿਡਾਰੀਆਂ ਦੀ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਦੀ ਕਾਮਨਾ ਕੀਤੀ। ਇਥੇ ਜਾਰੀ ਇਕ ਬਿਆਨ ਵਿੱਚ ਸ. ਬਾਦਲ ਨੇ ਕਿਹਾ ਕਿ ਇਨ੍ਹਾਂ ਖੇਡਾਂ ਵਿੱਚ 22 ਭਾਰਤੀ ਖਿਡਾਰੀਆਂ ਨੇ ਮੈਡਲ ਹਾਸਲ ਕੀਤੇ ਹਨ ਜਿਨ੍ਹਾਂ ਵਿੱਚ 4 ਪੰਜਾਬੀ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਦੀ ਪ੍ਰਫੁੱਲਤਾ ਲਈ ਉਠਾਏ ਗਏ ਕਦਮਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਪੰਜਾਬ ਦੇ ਖਿਡਾਰੀ ਵਿਸ਼ਵ ਪੱਧਰ ਤੇ ਪ੍ਰਾਪਤੀਆਂ ਦਰਜ ਕਰ ਰਹੇ ਹਨ। ਉਨ੍ਹਾਂ ਨੇ ਮਰਦਾਂ ਦੇ ਸ਼ੂਟਿੰਗ ਮੁਕਾਬਲੇ ਵਿੱਚ ਅਭਿਨਵ ਬਿੰਦਰਾ ਨੂੰ ਗੋਲਡ ਮੈਡਲ, ਏ.ਐਸ.ਆਈ. ਨਵਜੋਤ ਚਾਨਾ ਨੂੰ ਜੂਡੋ ਵਿੱਚ ਸਿਲਵਰ ਮੈਡਲ, ਔਰਤਾਂ ਦੇ ਸ਼ੂਟਿੰਗ ਮੁਕਾਬਲੇ ਵਿੱਚ 16 ਸਾਲ ਦੀ ਮਲਾਇਕਾ ਗੋਇਲ ਨੂੰ ਸਿਲਵਰ ਮੈਡਲ ਅਤੇ ਹੈਡ ਕਾਂਸਟੇਬਲ ਰਾਜਵਿੰਦਰ ਕੌਰ ਨੂੰ ਔਰਤਾਂ ਦੇ ਜੂਡੋ ਮੁਕਾਬਲੇ ਵਿੱਚ ਕਾਂਸੀ ਦਾ ਮੈਡਲ ਜਿੱਤਣ ਤੇ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਨ੍ਹਾਂ ਖਿਡਾਰੀਆਂ ਨੇ ਅੰਤਰ ਰਾਸ਼ਟਰੀ ਪੱਧਰ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਅਭਿਨਵ ਬਿੰਦਰਾ ਨੂੰ ਬੀਜਿੰਗ ਓ¦ਪਿਕਸ 2008 ਵਿੱਚ ਵਿਲੱਖਣ ਪ੍ਰਾਪਤੀ ਤੇ ਪੰਜਾਬ ਸਰਕਾਰ ਪਹਿਲਾਂ ਹੀ ਸਨਮਾਨਤ ਕਰ ਚੁੱਕੀ ਹੈ। ਉਪ ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਦੇ ਸਾਰੇ ਜੇਤੂ ਖਿਡਾਰੀਆਂ ਦਾ ਵਾਪਸ ਆਉਣ ਤੇ ਰਾਜ ਸਰਕਾਰ ਵੱਲੋਂ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੰਜਾਬ ਸਰਕਾਰ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿੱਚ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਸਭ ਤੋਂ ਜ਼ਿਆਦਾ ਨਕਦ ਇਨਾਮ ਦੇ ਰਹੀ ਹੈ। ਰਾਜ ਸਰਕਾਰ ਵੱਲੋਂ ਬਣਾਈ ਨੀਤੀ ਮੁਤਾਬਕ ਗੋਡਲ ਮੈਡਲ ਜੇਤੂ ਖਿਡਾਰੀ ਨੂੰ 16 ਲੱਖ, ਸਿਲਵਰ ਮੈਡਲ ਜੇਤੂ ਨੂੰ 11 ਲੱਖ ਅਤੇ ਕਾਂਸੀ ਦਾ ਮੈਡਲ ਜੇਤੂ ਖਿਡਾਰੀ ਨੂੰ 6 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ।