ਚੰਡੀਗੜ੍ਹ,(ਪ੍ਰੀਤੀ ਸ਼ਰਮਾ) - ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਇਕ ਹੋਰ ਫੈਸਲਾ ਲੈਂਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 2 ਅਗਸਤ ਨੂੰ ਨਵੀਂ ਦਿੱਲੀ ਵਿਖੇ ਮਨੋਵਿਗਿਆਨਕ ਡਾਕਟਰਾਂ ਦੀਆਂ ਅਸਾਮੀਆਂ ਲਈ ਇੰਟਰਵਿਊ ਲਈ ਜਾਵੇ ਤਾਂ ਕਿ ਇਨ੍ਹਾਂ ਡਾਕਟਰਾਂ ਨੂੰ ਸੂਬੇ ਵਿੱਚ ਨਸ਼ੂ ਛੁਡਾਊ ਕਾਰਜਾਂ ਲਈ ਤਾਇਨਾਤ ਕੀਤਾ ਜਾ ਸਕੇ। ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਨਸ਼ੇ ਦੇ ਆਦੀਆਂ ਦੇ ਇਲਾਜ ਲਈ ਨਸ਼ਾ-ਛੁਡਾਊ ਕੇਂਦਰਾਂ ਦਾ ਨੈ¤ਟਵਰਕ ਸਥਾਪਤ ਕੀਤਾ ਗਿਆ ਹੈ। ਇਸ ਵੇਲੇ ਸੂਬੇ ਵਿੱਚ ਚੱਲ ਰਹੇ 21 ਕੇਂਦਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਮਨੋਵਿਗਿਆਨਕ ਮਾਹਿਰਾਂ ਦੀ ਚੋਣ ਨਾਲ ਡਾਕਟਰਾਂ ਦੀ ਘਾਟ ਵੀ ਪੂਰੀ ਹੋ ਜਾਵੇਗੀ ਜਿਸ ਨਾਲ ਇਨ੍ਹਾਂ ਕੇਂਦਰਾਂ ਵਿੱਚ ਬਿਹਤਰ ਮੈਡੀਕਲ ਸਹੂਲਤਾਂ ਮੁਹੱਈਆ ਹੋਣਗੀਆਂ। ਬੁਲਾਰੇ ਨੇ ਅੱਗੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹਾਲ ਹੀ ਵਿੱਚ 28 ਜੂਨ ਨੂੰ ਵਾਕ-ਇਨ-ਇੰਟਰਵਿਊ ਰੱਖੀ ਗਈ ਸੀ ਜਿਸ ਵਿੱਚ ਸਿਹਤ ਵਿਭਾਗ ਵੱਲੋਂ ਚਾਰ ਮਨੋਵਿਗਿਆਨਕ ਡਾਕਟਰਾਂ ਦੀ ਚੋਣ ਕੀਤੀ ਗਈ। ਸਿਹਤ ਵਿਭਾਗ ਕੋਲ ਪਹਿਲਾਂ ਹੀ 32 ਮਨੋਵਿਗਿਆਨਕ ਡਾਕਟਰ ਹਨ ਅਤੇ ਇਨ੍ਹਾਂ ਚਾਰ ਡਾਕਟਰਾਂ ਦੀ ਚੋਣ ਨਾਲ ਇਹ ਗਿਣਤੀ ਵਧ ਕੇ 36 ਹੋ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ 16 ਹੋਰ ਮਨੋਵਿਗਿਆਨਕ ਮਾਹਿਰਾਂ ਦੀ ਭਰਤੀ ਸਥਾਈ ਤੌਰ ’ਤੇ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਸ਼ਿਆਂ ਦੀ ਰੋਕਥਾਮ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਇਸ ਅਲਾਮਤ ਖਿਲਾਫ਼ ਸੂਬਾ ਭਰ ਵਿੱਚ ਜੰਗੀ ਪੱਧਰ ’ਤੇ ਵਿੱਢੀ ਮੁਹਿੰਮ ਦੀ ਨਿਗਰਾਨੀ ਖੁਦ ਕਰ ਰਹੇ ਹਨ। ਬੁਲਾਰੇ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਮੌਜੂਦਾ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਵਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ 22 ਮੁੜ ਵਸੇਬਾ ਕੇਂਦਰ ਸਥਾਪਤ ਕਰਨ ਦੀ ਯੋਜਨਾ ਬਣਾਈ ਜਾ ਚੁੱਕੀ ਹੈ ਤਾਂ ਕਿ ਇਹ ਵਿਅਕਤੀ ਆਪਣੀ ਜ਼ਿੰਦਗੀ ਨਵੇਂ ਸਿਰਿਓਂ ਸ਼ੁਰੂ ਕਰ ਸਕਣ। ਇਨ੍ਹਾਂ ਕੇਂਦਰਾਂ ਵਿੱਚ ਨਸ਼ੇ ਦੀ ਆਦਤ ਤੋਂ ਮੁਕਤ ਹੋਏ ਵਿਅਕਤੀਆਂ ਨੂੰ ਮੁੜ ਵਸੇਬੇ ਲਈ ਵੱਖ ਵੱਖ ਕਿੱਤਿਆਂ ਵਿੱਚ ਹੁਨਰ ਸਿਖਲਾਈ ਦਿੱਤੀ ਜਾਵੇਗੀ ਤਾਂ ਕਿ ਉਹ ਆਪਣੇ ਪੈਰਾਂ ‘ਤੇ ਖੜ੍ਹੇ ਹੋ ਸਕਣ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਮਨੋਵਿਗਿਆਨਕ ਡਾਕਟਰਾਂ ਦੀ ਇੰਟਰਵਿਊ ਲੈਣ ਲਈ ਆਖਿਆ
This entry was posted in ਪੰਜਾਬ.