ਚੰਡੀਗੜ੍ਹ,(ਪ੍ਰੀਤੀ ਸ਼ਰਮਾ) – ਘਾਨਾ ਗਣਰਾਜ ਸਰਕਾਰ ਨੇ ਪੰਜਾਬ ਸਰਕਾਰ ਨਾਲ ਆਪਸੀ ਬਿਜਨਸ ਸਬੰਧਾਂ ਤੇ ਜ਼ੋਰ ਦਿੰਦਿਆਂ ਊਰਜਾ, ਬਿਜਲੀ, ਐਗਰੋ ਫੂਡ ਪ੍ਰੋਸੈਸਿੰਗ, ਇੰਡਸਟਰੀ, ਆਇਲ ਰਿਫਾਈਨਰੀ ਅਤੇ ਕੋਆਪਰੇਟਿੰਗ ਫਾਰਮਿੰਗ ਵਿੱਚ ਤਕਨੀਕੀ ਅਤੇ ਵਿੱਤੀ ਸਹਿਯੋਗ ਦੀ ਮੰਗ ਕੀਤੀ। ਘਾਨਾ ਗਣਰਾਜ ਦੇ ਊਰਜਾ ਅਤੇ ਪੈਟਰੋਲੀਅਮ ਮੰਤਰੀ ਸ੍ਰੀ ਬੈਂਜਾਮਿਨ ਦਗਾਦੂ ਨੇ ਇਸ ਸਬੰਧੀ ਆਪਣੇ ਵਫ਼ਦ ਸਮੇਤ ਅੱਜ ਇਥੇ ਪੰਜਾਬ ਦੇ ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਨ੍ਹਾਂ ਖੇਤਰਾਂ ਵਿੱਚ ਮੌਕਿਆਂ ਦੀ ਤਲਾਸ਼ ਕੀਤੀ। ਸ੍ਰੀ ਬੈਂਜਾਮਿਨ ਨੇ ਕਿਹਾ ਕਿ ਘਾਨਾ ਗਣਰਾਜ ਵਿੱਚ ਸੋਨਾ, ਕੋਕਾ, ਪਾਈਨਐਪਲ, ਕਾਜੂ, ਕਪਾਹ, ਪਾਮ ਨੱਟਸ, ਮੱਛੀ ਅਤੇ ਰਬੜ ਵਰਗੇ ਕੁਦਰਤੀ ਸੋਮਿਆਂ ਦੀ ਭਰਮਾਰ ਹੈ। ਇਨ੍ਹਾਂ ਖੇਤਰਾਂ ਵਿੱਚ ਪੰਜਾਬ ਵੱਲੋਂ ਘਾਨਾ ਗਣਰਾਜ ਵਿੱਚ ਮੈਨੂਫੈਕਚਰਿੰਗ ਯੂਨਿਟ ਸਥਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਵਸਤਾਂ ਅਤੇ ਖਾਦ ਪਦਾਰਥ ਵੱਡੀ ਪੱਧਰ ਤੇ ਦਰਾਮਦ ਕੀਤੇ ਜਾਂਦੇ ਹਨ ਜਿਨ੍ਹਾਂ ਵਿੱਚ ਚੀਨ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਤੋਂ ਇਨ੍ਹਾਂ ਦੀ ਮਾਤਰਾ ਨਾਂ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਅਤੇ ਪੰਜਾਬ ਤੋਂ ਘਾਨਾ ਗਣਰਾਜ ਵਿੱਚ ਬਰਾਮਦ ਵਧਾਈ ਜਾਵੇ ਤਾਂ ਇਸ ਨਾਲ ਉਨ੍ਹਾਂ ਦੇ ਦੇਸ਼ ਦਾ ਦਰਾਮਦ ਬਿੱਲ ਬਹੁਤ ਘੱਟ ਸਕਦਾ ਹੈ ਕਿਉਂਕਿ ਭਾਰਤ ਤੇ ਪੰਜਾਬ ਦੀਆਂ ਭੇਜੀਆਂ ਗਈਆਂ ਵਸਤਾਂ ਉਨ੍ਹਾਂ ਲਈ ਚੀਨ ਅਤੇ ਹੋਰ ਦੇਸ਼ਾਂ ਤੋਂ ਕਾਫੀ ਸਸਤੀਆਂ ਪੈਣੀਆਂ ਹਨ। ਪੰਜਾਬ ਵਿੱਚ ਤਕਨੀਕੀ ਸਿੱਖਿਆ ਦੇ ਉਚੇ ਮਿਆਰ ਨੂੰ ਦੇਖਦੇ ਹੋਏ ਉਨ੍ਹਾਂ ਨੇ ਪੰਜਾਬ ਨੂੰ ਘਾਨਾ ਵਿਖੇ ਇੰਜਨੀਅਰਿੰਗ ਕਾਲਜ ਖੋਲ੍ਹਣ ਦੀ ਪੇਸ਼ਕਸ਼ ਕੀਤੀ। ਪੰਜਾਬ ਦੇ ਸਕੱਤਰ ਪਾਵਰ ਅਤੇ ਸੀ.ਈ.ਓ. ਪੰਜਾਬ ਇਨਵੈਸਟਮੈਂਟ ਬਿਊਰੋ ਸ੍ਰੀ ਅਨਿਰੁੱਧ ਤਿਵਾੜੀ, ਮਾਰਕਫੈਡ ਦੇ ਮੈਨੇਜਿੰਗ ਡਾਇਰੈਕਟਰ ਸ੍ਰੀ ਗੁਰਕਿਰਤ ਕ੍ਰਿਪਾਲ ਸਿੰਘ, ਡਾਇਰੈਕਟਰ ਤਕਨੀਕੀ ਸਿੱਖਿਆ ਬੀ.ਪੁਰੂਸਾਰਥਾ, ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਮੰਗਲ ਸਿੰਘ ਆਦਿ ਨੇ ਪੰਜਾਬ ਸਰਕਾਰ ਦੀਆਂ ਇਨਵੈਸਟਮੈਂਟ ਨੀਤੀਆਂ ਤੇ ਚਾਨਣਾ ਪਾਇਆ।