ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਂਗਰਸ ਦੀ ਭ੍ਰਿਸ਼ਟ ਸਰਕਾਰ ਵੱਲੋਂ ਤਖਤ ਸ੍ਰੀ ਹਜੂਰ ਸਾਹਿਬ ਦੀ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਨਾਮਜਦ ਨਾ ਕਰਨ ਦੀ ਚਾਲ ਨੂੰ ਸਿਰੇ ਤੋਂ ਨਕਾਰਦਿਆਂ ਨਿਖੇਧੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਬਿੱਲੀ ਇਕ ਵਾਰ ਫੇਰ ਥੈਲਿਓ ਬਾਹਰ ਆ ਗਈ ਹੈ। ਜਿਵੇ ਹਰਿਆਣਾ ਦੀ ਹੁੱਡਾ ਸਰਕਾਰ ਨੇ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸਿੱਖਾਂ ਨਾਲ ਧਰੋਹ ਕਮਾਇਆ ਹੈ। ਉਸੇ ਤਰ੍ਹਾਂ ਹੀ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਐਕਟ ‘ਚ ਸੋਧ ਕਰਕੇ ਮਹਾਰਾਸ਼ਟਰ ਦੀ ਕਾਂਗਰਸ ਸਰਕਾਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਮਜਦ ਕੀਤੇ ਜਾਂਦੇ ਮੈਂਬਰਾਂ ਦੇ ਕੋਟੇ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੇ ਪੰਜਾਂ ਮਹਾਨ ਤਖਤਾਂ ਵਿਚੋਂ ਤਖਤ ਸ੍ਰੀ ਹਜੂਰ ਸਾਹਿਬ ਕਲਗੀਧਰ ਦਸਮੇਸ਼ ਪਿਤਾ ਦਾ ਪਾਵਨ ਪਵਿੱਤਰ ਅਸਥਾਨ ਹੈ, ਇਸ ਦੀ ਸੇਵਾ ਸੰਭਾਲ ਵਿੱਚ ਸ਼੍ਰੋਮਣੀ ਕਮੇਟੀ ਦਾ ਅਹਿਮ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਆਪਣੀਆਂ ਇਨ੍ਹਾਂ ਫਿਰਕਾ ਪ੍ਰਸਤ ਚਾਲਾਂ ਚੱਲਣ ਤੋਂ ਬਾਜ ਆਵੇ ਅਤੇ ਸਿੱਖ ਕੌਮ ਨਾਲ ਕਦਮ-ਕਦਮ ਤੇ ਧ੍ਰੋਹ ਕਮਾਉਣਾ ਬੰਦ ਕਰੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਸਿੱਖ ਕੌਮ ਦੇ ਸਰਵਉੱਚ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਫੌਜੀ ਹਮਲਾ ਕਰਵਾ ਕੇ ਅਤੇ ਦਿੱਲੀ ਤੇ ਹੋਰ ਸ਼ਹਿਰਾਂ ਵਿੱਚ ਸਿੱਖ ਕਤਲੇਆਮ ਕਰਨ ਜਿਹਾ ਕਹਿਰ ਕਮਾ ਸਿੱਖਾਂ ਦੀ ਦੁਸ਼ਮਣ ਜਮਾਤ ਹੋਣ ਦਾ ਸਬੂਤ ਦਿੱਤਾ ਹੈ। ਕਾਂਗਰਸ ਵੱਲੋਂ ਸਿੱਖ ਕੌਮ ਤੇ ਜੋ ਜ਼ੁਲਮ ਢਾਏ ਗਏ ਉਨ੍ਹਾਂ ਦੇ ਜਖਮ ਅਜੇ ਤੱਕ ਹਰੇ ਹਨ। ਉਨ੍ਹਾਂ ਕਿਹਾ ਕਿ ਜੇ ਕਾਂਗਰਸ ਨੇ ਆਪਣੇ ਕੋਝੇ ਹੱਥਕੰਡੇ ਵਰਤਣੇ ਬੰਦ ਨਾ ਕੀਤੇ ਤਾਂ ਇਸ ਤੋਂ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਕਾਂਗਰਸ ਖੁਦ ਜਿੰਮੇਵਾਰ ਹੋਵੇਗੀ ਤੇ ਪੂਰੀ ਸਿੱਖ ਕੌਮ ਨਾਲ ਗਦਾਰੀ ਕਰਨ ਵਾਲੀ ਕਾਂਗਰਸ ਕਦੇ ਵੀ ਸੁੱਖ ਦੀ ਨੀਂਦ ਨਹੀਂ ਸੌ ਸਕੇਗੀ।
ਕਾਂਗਰਸ ਦੀ ਬਿੱਲੀ ਫੇਰ ਆਈ ਥੈਲਿਓਂ ਬਾਹਰ ਤਖਤ ਸ੍ਰੀ ਹਜੂਰ ਸਾਹਿਬ ਦੇ ਬੋਰਡ ਐਕਟ ਵਿੱਚੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਕੋਟਾ ਖਤਮ ਕਰਨ ਦੀ ਸਾਜਿਸ਼
This entry was posted in ਪੰਜਾਬ.