ਫ਼ਤਹਿਗੜ੍ਹ ਸਾਹਿਬ – “ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਨੇ ਪਹਿਲੋ ਹੀ ਰੇਤ-ਬਜਰੀ, ਪੰਜਾਬ ਦੇ ਕੇਬਲ ਨੈੱਟਵਰਕ, ਹੋਟਲਾਂ, ਢਾਬਿਆਂ ਦੇ ਕਾਰੋਬਾਰ ਉਤੇ ਆਪਣੇ ਬਾਦਲ ਪਰਿਵਾਰ ਦਾ ਕਬਜਾ ਕਰਵਾਕੇ ਇਹਨਾਂ ਕਾਰੋਬਾਰਾਂ ਵਿਚ ਕੰਮ ਕਰ ਰਹੇ ਪੰਜਾਬੀਆਂ ਦੇ ਰੁਜ਼ਗਾਰ ਨੂੰ ਡੂੰਘੀ ਸੱਟ ਮਾਰਨ ਦੇ ਨਾਲ-ਨਾਲ ਰਿਸਵਤਖੋਰੀ ਰਾਹੀ ਆਪਣੀਆਂ ਤਿਜੋਰੀਆਂ ਨੂੰ ਭਰ ਲਿਆ ਹੈ । ਲੇਕਿਨ ਹੁਣ ਟ੍ਰਾਸਪੋਰਟ ਦੇ ਜਿੰਨੇ ਵੀ ਪੰਜਾਬ ਦੇ ਮੁਨਾਫ਼ੇ ਵਾਲੇ ਰੂਟ ਹਨ, ਉਹਨਾਂ ਸਾਰਿਆਂ ਨੂੰ ਪ੍ਰਾਈਵੇਟ ਟ੍ਰਾਸਪੋਟਰਾਂ ਤੋ ਖੋਹਕੇ ਅਤੇ ਸਰਕਾਰੀ ਪੰਜਾਬ ਰੋਡਵੇਜ ਅਤੇ ਪੈਪਸੂ ਰੋਡਵੇਜ ਨੂੰ ਵੱਡੇ ਘਾਟੇ ਵੱਲ ਜ਼ਬਰੀ ਧਕੇਲ ਦਿੱਤਾ ਹੈ । ਜਿਸ ਨਾਲ ਪ੍ਰਾਈਵੇਟ ਟ੍ਰਾਸਪੋਰਟ ਦਾ ਕਾਰੋਬਾਰ ਤਾਂ ਫੇਲ੍ਹ ਹੋ ਹੀ ਚੁੱਕਾ ਹੈ, ਉਸ ਦੇ ਨਾਲ ਸਰਕਾਰੀ ਟ੍ਰਾਸਪੋਰਟ ਅਧੀਨ ਚੱਲ ਰਹੀਆਂ ਬੱਸਾਂ ਨੂੰ ਵੀ ਅਸਹਿ ਘਾਟਾ ਪੈ ਰਿਹਾ ਹੈ । ਜਿਸ ਲਈ ਬਾਦਲ ਪਰਿਵਾਰ ਦੀ ਧਨ-ਦੌਲਤਾ ਇਕੱਤਰ ਕਰਨ ਦੀ ਲਾਲਸਾ ਸਿੱਧੇ ਤੌਰ ਤੇ ਜਿੰਮੇਵਾਰ ਹੈ । ਜੋ ਪ੍ਰਾਈਵੇਟ ਟ੍ਰਾਸਪੋਟਰਾਂ ਨੇ ਬਾਦਲ ਪਰਿਵਾਰ ਦੀ ਉਪਰੋਕਤ ਸੋਚ ਵਿਰੁੱਧ ਇਥੇ ਆਜ਼ਾਦੀ ਦੇ ਜਸ਼ਨਾਂ ਅਧੀਨ ਮਨਾਈ ਜਾਣ ਵਾਲੀ 15 ਅਗਸਤ ਦੇ ਦਿਨ ਅਤੇ ਸਮਾਗਮਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਹੈ, ਇਹ ਫੈਸਲਾ ਬਿਲਕੁਲ ਦਰੁਸਤ ਹੈ । ਅਸੀਂ ਇਸਦਾ ਭਰਪੂਰ ਸਵਾਗਤ ਕਰਦੇ ਹੋਏ ਹਰ ਤਰ੍ਹਾਂ ਸਮਰਥਨ ਕਰਾਂਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਾਦਲ ਪਰਿਵਾਰ ਵੱਲੋਂ ਟ੍ਰਾਸਪੋਰਟ ਦੇ ਕਿੱਤੇ ਉਤੇ ਜ਼ਬਰੀ ਕਰੇ ਕਬਜੇ ਅਤੇ ਟ੍ਰਾਸਪੋਟਰਾਂ ਵਿਚ ਪਾਈ ਜਾਣ ਵਾਲੀ ਬੇਚੈਨੀ ਉਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਬਾਦਲ ਪਰਿਵਾਰ ਦੇ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਸ ਹਿੰਦੂਤਵ ਹਕੂਮਤ ਨੇ ਬੀਤੇ 67 ਸਾਲਾਂ ਤੋਂ ਪੰਜਾਬ ਸੂਬੇ ਅਤੇ ਇਥੇ ਵੱਸ ਰਹੀ ਸਿੱਖ ਵਸੋਂ ਨੂੰ ਕਿਸੇ ਵੀ ਖੇਤਰ ਵਿਚ ਇਨਸਾਫ਼ ਨਹੀਂ ਦਿੱਤਾ, ਸਭ ਪਾਸੇ ਜ਼ਬਰ-ਜੁਲਮ ਅਤੇ ਬੇਇਨਸਾਫ਼ੀਆਂ ਦਾ ਸਿਲਸਿਲਾ ਅੱਜ ਵੀ ਜਾਰੀ ਹੈ । ਪੰਜਾਬੀਆਂ ਅਤੇ ਸਿੱਖ ਕੌਮ ਨਾਲ ਵੱਡੇ ਵਿਤਕਰੇ, ਧੋਖੇ, ਫਰੇਬ ਕੀਤੇ ਜਾ ਰਹੇ ਹਨ । ਪੰਜਾਬ ਦੀ ਉਪਜਾਊ ਜਮੀਨ ਨੂੰ ਬੰਜ਼ਰ ਬਣਾਉਣ ਵਿਚ ਹੁਕਮਰਾਨਾਂ ਵੱਲੋ ਕੋਈ ਕਸਰ ਨਹੀਂ ਛੱਡੀ ਜਾ ਰਹੀ । ਪੰਜਾਬ ਤੋ ਕੀਮਤੀ ਪਾਣੀ ਅਤੇ ਬਿਜਲੀ ਖੋਹਕੇ ਹਰਿਆਣਾ, ਹਿਮਾਚਲ, ਦਿੱਲੀ, ਯੂਪੀ ਆਦਿ ਸੂਬਿਆਂ ਨੂੰ ਦਿੱਤੀ ਜਾ ਰਹੀ ਹੈ । ਪੰਜਾਬ ਵਿਚ ਛੋਟੇ ਕਾਰੋਬਾਰ ਕਰਨ ਵਾਲੇ ਜਿੰਮੀਦਾਰ, ਮਜ਼ਦੂਰ, ਕਿਸਾਨ ਵੱਡੇ ਮਾਲੀ ਬੋਝ ਥੱਲ੍ਹੇ ਦੱਬੇ ਪਏ ਹਨ । ਮਹਿੰਗਾਈ ਅਤੇ ਰਿਸਵਤਖੋਰੀ ਨੇ ਇਥੋ ਦੇ ਨਿਵਾਸੀਆਂ ਦੇ ਜੀਵਨ ਪੱਧਰ ਨੂੰ ਅਸਤ-ਵਿਅਸਤ ਕਰ ਦਿੱਤਾ ਹੈ । ਸਭ ਪਾਸੇ ਜਦੋਂ ਹਾਹਾਕਾਰ ਮੱਚੀ ਹੋਈ ਹੈ ਤਾਂ ਪੰਜਾਬੀ ਅਤੇ ਸਮੁੱਚੀ ਸਿੱਖ ਕੌਮ ਵੱਲੋ 15 ਅਗਸਤ ਦੇ ਦਿਨ ਨੂੰ ਮਨਾਉਦੇ ਹੋਏ ਖੁਸ਼ੀ ਮਨਾਉਣ ਦੇ ਅਮਲਾਂ ਵਿਚ ਕੋਈ ਦਲੀਲ ਬਾਕੀ ਨਹੀਂ ਰਹੀ। ਦੂਸਰਾ ਸਿੱਖ ਕੌਮ ਪਹਿਲੇ ਅੰਗਰੇਜ਼ਾਂ ਦੀ ਗੁਲਾਮ ਸੀ, 15 ਅਗਸਤ ਤੋ ਬਾਅਦ ਵਿਧਾਨਿਕ ਤੌਰ ਤੇ ਹਿੰਦੂ ਹੁਕਮਰਾਨਾਂ ਨੇ ਸਿੱਖ ਕੌਮ ਨੂੰ ਕਾਨੂੰਨੀ ਤੌਰ ਤੇ ਗੁਲਾਮ ਬਣਾਇਆ ਹੋਇਆ ਹੈ, ਫਿਰ ਸਿੱਖ ਕੌਮ ਵੱਲੋ 15 ਅਗਸਤ ਦੇ ਹਿੰਦੂਤਵ ਦਿਹਾੜੇ ਵਿਚ ਸ਼ਾਮਿਲ ਹੋਕੇ ਕਿਸ ਗੱਲ ਦੀ ਖੁਸ਼ੀ ਮਨਾਈ ਜਾਵੇ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜਿਥੇ ਪੰਜਾਬ ਦੇ ਟ੍ਰਾਸਪੋਟਰਾਂ ਵੱਲੋ 15 ਅਗਸਤ ਦੇ ਹਿੰਦੂਤਵ ਦਿਹਾੜੇ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ, ਉਸਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹੋਏ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਅਪੀਲ ਕਰਦਾ ਹੈ ਕਿ ਉਹ ਹਿੰਦੂਤਵ ਦੀ ਗੁਲਾਮੀ ਨੂੰ ਅਪਰਵਾਨ ਕਰਕੇ 15 ਅਗਸਤ ਦੇ ਮਨਾਏ ਜਾ ਰਹੇ ਆਜ਼ਾਦੀ ਦੇ ਦਿਨ ਦਾ ਪੂਰਨ ਤੌਰ ਤੇ ਬਾਈਕਾਟ ਕਰਦੇ ਹੋਏ ਸਿੱਖ ਕੌਮ ਦੀ ਆਜ਼ਾਦੀ ਵਾਲੀ ਸੋਚ ਨੂੰ ਕੌਮਾਂਤਰੀ ਪੱਧਰ ਤੇ ਅੱਗੇ ਲਿਆਉਣ ਅਤੇ ਪ੍ਰਣ ਕਰਨ ਕਿ ਅਸੀਂ ਹਿੰਦੂਤਵ ਦੀ ਗੁਲਾਮੀ ਨੂੰ ਕਤਈ ਪ੍ਰਵਾਨ ਨਹੀਂ ਕਰਾਂਗੇ ।