ਨਵੀ ਦਿੱਲੀ – ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਹੇਠ ਇੱਕ ਵਫਦ ਨੇ ਸਮਾਜਵਾਦੀ ਪਾਰਟੀ ਦੇ ਸੁਪਰੀਮੋ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਮੁਲਾਇਮ ਸਿੰਘ ਯਾਦਵ ਨਾਲ ਮਿਲ ਕੇ ਸਹਾਰਨਪੁਰ ਵਿੱਚ ਹੋਏ ਦੋ ਫਿਰਕਿਆ ਵਿਚਕਾਰ ਹੋਏ ਦੰਗਿਆ ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆ ਮੰਗ ਕੀਤੀ ਕਿ ਦੰਗਿਆ ਦੌਰਾਨ ਸਿੱਖਾਂ ਦੇ ਹੋਏ ਨੁਕਸਾਨ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ ਜਦ ਕਿ ਸ੍ਰੀ ਯਾਦਵ ਨੇ ਹਾਂ ਪੱਖੀ ਹੁੰਗਾਰਾ ਦਿੰਦਿਆ ਭਰੋਸਾ ਦਿੱਤਾ ਕਿ ਭਵਿੱਖ ਵਿੱਚ ਸਰਕਾਰ ਜਿਥੇ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦਾ ਵਾਅਦਾ ਕਰਦੀ ਹੈ ਉਥੇ ਜਿੰਨਾ ਵੀ ਸਿੱਖਾਂ ਦਾ ਨੁਕਸਾਨ ਹੋਇਆ ਹੈ ਉਸ ਨੂੰ ਬਿਨਾਂ ਕਿਸੇ ਦੇਰੀ ਤੋ ਪੂਰਾ ਕੀਤਾ ਜਾਵੇਗਾ।
ਜਾਰੀ ਇੱਕ ਬਿਆਨ ਰਾਹੀ ਸ੍ਰ ਮਨਜੀਤ ਸਿੰਘ ਸਰਨਾ ਸਕੱਤਰ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦੱਸਿਆ ਕਿ ਅੱਜ ਸਵੇਰੇ ਸ੍ਰੀ ਮੁਲਾਇਮ ਸਿੰਘ ਯਾਦਵ ਨਾਲ ਸ੍ਰ ਪਰਮਜੀਤ ਸਿੰਘ ਸਰਨਾ, ਸਕੱਤਰ ਜਨਰਲ ਸ੍ਰ ਹਰਵਿੰਦਰ ਸਿੰਘ ਸਰਨਾ ਤੇ ਹੋਰ ਆਗੂਆ ਨੇ ਉਹਨਾਂ ਦੇ ਦਿੱਲੀ ਸਥਿਤ ਨਿਵਾਸ ਸਥਾਨ ਤੇ ਮੁਲਾਕਾਤ ਕੀਤੀ ਤੇ ਸਰਨਾ ਭਰਾਵਾਂ ਨੇ ਸਹਾਰਨ ਪੁਰ ਦੇ ਦੰਗਿਆ ਦਾ ਮੁੱਦਾ ਉਠਾ ਕੇ ਪੀੜਤ ਸਿੱਖਾਂ ਲਈ ਤੁਰੰਤ ਯੋਗ ਮੁਆਵਜੇ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਸ੍ਰੀ ਯਾਦਵ ਨੇ ਸ੍ਰ ਪਰਮਜੀਤ ਸਿੰਘ ਸਰਨਾ ਨੂੰ ਕਲਾਵੇ ਵਿੱਚ ਲੈਦਿਆ ਕਿਹਾ ਕਿ ਉਹ ਜਿੰਨੀ ਵਾਰੀ ਵੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਹਨ ਉਨੀ ਵਾਰੀ ਹੀ ਸਿੱਖਾਂ ਨੇ ਉਹਨਾਂ ਦੀ ਹਰ ਪ੍ਰਕਾਰ ਤੇ ਤਨ ਮਨ ਧੰਨ ਨਾਲ ਮਦਦ ਕੀਤੀ ਹੈ ਜਿਸ ਨੂੰ ਉਹ ਕਦੇ ਵੀ ਭੁੱਲਾ ਨਹੀ ਸਕਦੇ। ਉਹਨਾਂ ਕਿਹਾ ਕਿ ਉਹਨਾਂ ਨੂੰ ਖੇਦ ਹੈ ਕਿ ਸਿੱਖਾਂ ਨੂੰ ਦੰਗਿਆ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਇਹ ਘਟਨਾ ਅਭੁੱਲ ਜਰੂਰ ਹੈ ਉਹ ਵਾਅਦਾ ਕਰਦੇ ਹਨ ਕਿ ਭਵਿੱਖ ਵਿੱਚ ਸਿੱਖਾਂ ਦੀ ਸੁਰੱਖਿਆ ਨੂੰ ਹਰ ਪ੍ਰਕਾਰ ਨਾਲ ਯਕੀਨੀ ਨਹੀ ਬਣਾਇਆ ਜਾਵੇਗਾ। ਮੁਆਵਜੇ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਸਰਨਾ ਭਰਾ ਯਾਦਵ ਪਰਿਵਾਰ ਦਾ ਇੱਕ ਹਿੱਸਾ ਹਨ ਤੇ ਸਹਰਾਨਪੁਰ ਜਾ ਕੇ ਜੋ ਵੀ ਹੁਕਮ ਕਰਨਗੇ ਉਨਾ ਹੀ ਮੁਆਵਜਾ ਸਰਕਾਰ ਦੇਣ ਲਈ ਤਿਆਰ ਹੈ ਕਿਉਕਿ ਸਰਨਾ ਭਰਾਵਾਂ ਨੇ ਹਮੇਸ਼ਾਂ ਹੀ ਸਿੱਖ ਕੌਮ ਦੀ ਭਲਾਈ ਲਈ ਹੀ ਕਦਮ ਚੁੱਕੇ ਹਨ। ਉਹਨਾਂ ਕਿਹਾ ਕਿ ਉਹ ਜਾਣਦੇ ਹਨ ਕਿ ਕੁਝ ਸਮਾਜ ਵਿਰੋਧੀ ਅਨਸਰ ਅਤੇ ਫਿਕਰੂਤਾਕਤਾਂ ਜਾਣ ਬੁੱਝ ਕੇ ਉੱਤਰ ਪ੍ਰਦੇਸ਼ ਦੇ ਮਾਹੌਲ ਨੂੰ ਖਰਾਬ ਕਰਨਾ ਚਾਹੁੰਦੀਆ ਹਨ ਪਰ ਯੂ.ਪੀ. ਸਰਕਾਰ ਫਿਰਕਾਪ੍ਰਸਤੀਆ ਦੇ ਅਜਿਹੇ ਮਨਸੂਬਿਆ ਨੂੰ ਸਫਲ ਨਹੀ ਹੋਣ ਦੇਵੇਗੀ। ਇਸ ਸਮੇਂ ਸ੍ਰੀ ਯਾਦਵ ਨੇ ਸਰਨਾ ਭਰਾਵਾਂ ਦੇ ਨਾਲ ਹੋਰ ਵੀ ਸਿੱਖ ਮਸਲਿਆ ਬਾਰੇ ਗੱਲਬਾਤ ਕੀਤੀ ਅਤੇ ਭਰੋਸਾ ਦਿਵਾਇਆ ਕਿ ਸਿੱਖਾਂ ਦੇ ਹਰ ਮਸਲੇ ਨੂੰ ਯੂ.ਪੀ. ਸਰਕਾਰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਵਚਨਬੱਧ ਹੈ।