ਫ਼ਤਹਿਗੜ੍ਹ ਸਾਹਿਬ – “ਜਸਟਿਸ ਏ.ਆਰ.ਦਵੇ ਵੱਲੋਂ ਨਿਆਪਾਲਿਕਾ ਦੀ ਨਿਰਪੱਖਤਾ ਦੀ ਕਾਨੂੰਨੀ ਸੋਚ ਅਤੇ ਨਿਯਮਾਂ ਦੀਆਂ ਧੱਜੀਆਂ ਉਡਾਉਦੇ ਹੋਏ ਫਿਰਕੂ ਸੋਚ ਅਧੀਨ ਜੋ ਬੀਤੇ ਕੱਲ੍ਹ ਕਿਹਾ ਗਿਆ ਸੀ ਕਿ ਜੇਕਰ ਉਸਦੀ ਹਕੂਮਤ ਹੋਵੇ ਤਾਂ ਉਹ ਪਹਿਲੀ ਜਮਾਤ ਤੋ ਹੀ ਬੱਚਿਆਂ ਨੂੰ ਮਹਾਂਭਾਰਤ ਅਤੇ ਭਗਵਤ ਗੀਤਾ ਪੜ੍ਹਾਉਣ ਦੇ ਹੁਕਮ ਲਾਗੂ ਕਰ ਦੇਵੇ, ਦੀ ਸੋਚ ਆਰ.ਐਸ.ਐਸ, ਬੀਜੇਪੀ ਅਤੇ ਹੋਰ ਫਿਰਕੂ ਜਮਾਤਾਂ ਦੇ ਇਸ ਜੱਜ ਵੱਲੋਂ ਗੁਲਾਮ ਹੋਣ ਦਾ ਸਪੱਸਟ ਸੰਕੇਤ ਦਿੰਦੀ ਹੈ । ਅਜਿਹੇ ਫਿਰਕੂ ਜੱਜਾਂ ਨੂੰ ਇਸ ਇਨਸਾਫ਼ ਦੀ ਕੁਰਸੀ ‘ਤੇ ਬੈਠਣ ਦਾ ਇਕ ਪਲ ਵੀ ਹੱਕ ਨਹੀਂ ਹੋਣਾ ਚਾਹੀਦਾ ਅਤੇ ਜੋ ਜੱਜਾਂ ਦੀ ਨਿਯੁਕਤੀ ਕਰਨ ਦਾ ਅਧਿਕਾਰ ਸਰਕਾਰ ਕੋਲ ਹੈ, ਉਸ ਨੂੰ ਖ਼ਤਮ ਕਰਕੇ ਕਿਸੇ ਨਿਰਪੱਖ ਸਖਸ਼ੀਅਤਾਂ ਤੇ ਨਿਰਧਾਰਿਤ ਆਜ਼ਾਦ ਏਜੰਸੀ ਕੋਲ ਇਹ ਅਧਿਕਾਰ ਹੋਣਾ ਚਾਹੀਦਾ ਹੈ । ਤਾਂ ਕਿ ਕੋਈ ਵੀ ਜੱਜ ਸਰਕਾਰ ਦੇ ਪ੍ਰਭਾਵ ਹੇਠ ਆ ਕੇ ਜਾਂ ਕਿਸੇ ਧਰਮ ਦੇ ਪ੍ਰਭਾਵ ਹੇਠ ਆ ਕੇ ਪੱਖਪਾਤੀ ਫੈਸਲਾ ਨਾ ਕਰ ਸਕੇ । ਜਸਟਿਸ ਦਵੇ ਨੂੰ ਤੁਰੰਤ ਸੁਪਰੀਮ ਕੋਰਟ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀ ਜਸਟਿਸ ਦਵੇ ਵੱਲੋ ਹਿੰਦੂਤਵ ਸੋਚ ਦੀ ਗੁਲਾਮੀਅਤ ਨੂੰ ਪ੍ਰਵਾਨ ਕਰਦੇ ਹੋਏ ਦਿੱਤੇ ਗਏ ਉਪਰੋਕਤ ਵਿਵਾਦ ਪੂਰਨ ਤੇ ਘੱਟ ਗਿਣਤੀ ਕੌਮਾਂ ਸਿੱਖ, ਮੁਸਲਿਮ, ਈਸਾਈਆ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਹੋਏ ਅਮਲਾਂ ਉਤੇ ਡੂੰਘਾ ਦੁੱਖ ਅਤੇ ਅਫਸੋਸ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਐਮਰਜੈਸੀ ਵੇਲੇ ਵੀ ਜੱਜਾਂ ਦੀ ਅਣਖ਼, ਗੈਰਤ ਖ਼ਤਮ ਹੋ ਗਈ ਸੀ । ਉਸ ਸਮੇਂ ਵੀ ਸੁਪਰੀਮ ਕੋਰਟ ਦੇ ਜੱਜਾਂ ਨੇ ਸਰਕਾਰ ਦੇ ਪ੍ਰਭਾਵ ਨੂੰ ਕਬੂਲਦੇ ਹੋਏ ਸਰਕਾਰ ਪੱਖੀ ਅਮਲ ਕੀਤੇ ਸਨ । ਜਸਟਿਸ ਦਵੇ ਨੇ ਇਹ ਬਿਆਨ ਗੁਜਰਾਤ ਵਿਚ ਜਾ ਕੇ ਦਿੱਤਾ ਹੈ, ਜਿਸ ਤੋ ਇਹ ਵੀ ਸਾਬਤ ਹੋ ਗਿਆ ਹੈ ਕਿ ਇਹ ਜੱਜ ਫਿਰਕੂ ਮੁਤੱਸਵੀ ਜਮਾਤਾਂ ਆਰ.ਐਸ.ਐਸ ਅਤੇ ਬੀਜੇਪੀ ਦੀ ਸੋਚ ਦਾ ਹਾਮੀ ਹੈ । ਉਹਨਾਂ ਇਹ ਵੀ ਮੰਗ ਕੀਤੀ ਕਿ ਜਸਟਿਸ ਦਵੇ ਕੋਲ ਜਿੰਨੇ ਵੀ ਕੇਸ ਲੱਗੇ ਹੋਏ ਹਨ, ਇਨਸਾਫ਼ ਦਾ ਤਕਾਜ਼ਾ ਇਸ ਗੱਲ ਦੀ ਮੰਗ ਕਰਦਾ ਹੈ ਕਿ ਉਹਨਾਂ ਤੋ ਉਹ ਕੇਸ ਤੁਰੰਤ ਵਾਪਿਸ ਲਏ ਜਾਣ ।