ਫ਼ਤਹਿਗੜ੍ਹ ਸਾਹਿਬ – “ਜੋ ਹਿੰਦ ਦੇ ਵਜ਼ੀਰ-ਏ-ਆਜ਼ਮ ਨਰਿੰਦਰ ਮੋਦੀ ਅੱਜ ਲਦਾਖ ਜਾ ਰਹੇ ਹਨ ਅਤੇ ਹਿੰਦ ਦੇ ਗ੍ਰਹਿ ਵਜ਼ੀਰ ਰਾਜਨਾਥ ਸਿੰਘ ਉਚੇਚੇ ਤੌਰ ਤੇ ਕਸ਼ਮੀਰ ਵੱਲ ਧਿਆਨ ਦੇ ਰਹੇ ਹਨ, ਇਹ ਅਮਲ ਲਦਾਖ ਅਤੇ ਕਸ਼ਮੀਰ ਵਿਚ ਹਿੰਦੂਤਵ ਸੋਚ ਨੂੰ ਲਾਗੂ ਕਰਨ ਲਈ ਉੱਥੇ ਅਸਲੀਅਤ ਵਿਚ ਇਹ ਹੁਕਮਰਾਨ ਵੱਡੇ ਪੱਧਰ ਤੇ ਹਿੰਦੂ ਬਸਤੀਆਂ ਕਾਇਮ ਕਰਨੀਆਂ ਚਾਹੁੰਦੇ ਹਨ । ਜਿਵੇ ਇਜ਼ਰਾਈਲ ਨੇ ਫਲਸਤੀਨੀਆਂ ਦੇ ਇਲਾਕਿਆ ਵਿਚ ਇਜ਼ਰਾਈਲੀਆਂ ਦੀਆਂ ਬਸਤੀਆਂ ਕਾਇਮ ਕਰਕੇ ਫਲਸਤੀਨੀਆਂ ਦੀ ਆਜ਼ਾਦੀ ਅਤੇ ਉਹਨਾਂ ਦੇ ਅਮਨ-ਚੈਨ ਨੂੰ ਭੰਗ ਕਰ ਦਿੱਤਾ ਹੈ, ਉਸੇ ਤਰ੍ਹਾਂ ਦੀ ਮੰਦਭਾਵਨਾ ਇਹਨਾਂ ਹਿੰਦੂ ਹੁਕਮਰਾਨਾ ਦੀ ਹੈ । ਅਜਿਹੀਆਂ ਹਿੰਦੂ ਬਸਤੀਆਂ ਕਾਇਮ ਕਰਕੇ ਉਸ ਮੁਸਲਿਮ ਬਹੁਗਿਣਤੀ ਵਾਲੇ ਸੂਬੇ ਨੂੰ ਹਿੰਦੂ ਬਹੁਗਿਣਤੀ ਵਾਲਾ ਸੂਬਾ ਬਣਾਉਣਾ ਲੋਚਦੇ ਹਨ, ਜੋ ਕਿ ਇਹਨਾਂ ਦੀ ਅਤਿ ਖ਼ਤਰਨਾਕ ਸਿਆਸੀ ਅਤੇ ਭੂਗੋਲਿਕ ਖੇਂਡ ਹੈ । ਜਿਸ ਤੋ ਮੁਸਲਿਮ, ਸਿੱਖ ਅਤੇ ਇਸਾਈ ਕੌਮ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਲਦਾਖ ਅਤੇ ਕਸ਼ਮੀਰ ਵਿਚ ਹਿੰਦੂਤਵ ਹੁਕਮਰਾਨਾ ਵੱਲੋ ਮੰਦਭਾਵਨਾ ਅਧੀਨ ਕੀਤੇ ਜਾ ਰਹੇ ਅਮਲਾਂ ਦੀ ਅਤੇ ਉਸ ਮੁਸਲਿਮ ਸਟੇਟ ਨੂੰ ਹਿੰਦੂ ਸਟੇਟ ਵਿਚ ਬਦਲਣ ਦੀਆਂ ਕਾਰਵਾਈਆ ਦੀ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਹੁਕਮਰਾਨਾ ਵੱਲੋ ਕਸ਼ਮੀਰ ਅਤੇ ਲਦਾਖ ਵਿਚ ਹਿੰਦੂਤਵ ਏਜੰਡੇ ਨੂੰ ਲਾਗੂ ਕਰਨ ਦੇ ਅਮਲਾਂ ਦੀ ਬਦੌਲਤ, ਜਿਥੇ ਪਹਿਲੋ ਹੀ ਫ਼ੌਜ ਦੀ ਵੱਡੀ ਨਫ਼ਰੀ ਤਾਇਨਾਤ ਹੈ, ਉਥੇ ਹਿੰਦੂ ਬਸਤੀਆਂ ਵੀ ਫ਼ੌਜ ਦੇ ਘੇਰੇ ਵਿਚ ਰਹਿਣਗੀਆਂ ਅਤੇ ਫੌ਼ਜ ਨੂੰ ਪੱਕੇ ਤੌਰ ਤੇ ਉਥੇ ਬਿਠਾਉਣ ਦਾ ਇਹਨਾਂ ਹੁਕਮਰਾਨਾ ਨੂੰ ਬਹਾਨਾ ਮਿਲ ਜਾਵੇਗਾ । ਜਦੋਕਿ ਇਸ ਪਿੱਛੇ ਹਿੰਦੂ-ਮੁਸਲਿਮ ਆਬਾਦੀ ਦੇ ਤਵਾਜ਼ਨ ਨੂੰ ਘਟਾਕੇ ਉਥੇ ਹਿੰਦੂ ਪਰਿਵਾਰਾਂ ਨੂੰ ਵਸਾਇਆ ਜਾਵੇਗਾ, ਜਿਸ ਨਾਲ ਜੰਮੂ-ਕਸ਼ਮੀਰ ਸੂਬਾ ਵੀ ਹਿੰਦੂ ਵਸੋਂ ਵਾਲਾ ਬਣ ਸਕੇ ।
ਸ. ਮਾਨ ਨੇ ਸ੍ਰੀ ਮੋਦੀ ਅਤੇ ਰਾਜਨਾਥ ਸਿੰਘ ਵਰਗੇ ਭਾਜਪਾ ਦੇ ਮੁਤੱਸਵੀ ਆਗੂਆਂ ਨੂੰ ਯਾਦ ਦਿਵਾਉਦੇ ਹੋਏ ਕਿਹਾ ਕਿ ਲਦਾਖ ਦਾ ਸਮੁੱਚਾ ਇਲਾਕਾ 1843 ਵਿਚ ਲਾਹੌਰ ਦਰਬਾਰ ਦੀਆਂ ਸਿੱਖ ਫ਼ੌਜਾਂ ਨੇ ਫ਼ਤਹਿ ਕਰਕੇ ਲਾਹੌਰ ਦਰਬਾਰ ਦਾ ਹਿੱਸਾ ਬਣਾਇਆ ਸੀ । ਜਿਸ ਉਤੇ ਸਭ ਤੋ ਪਹਿਲੇ ਸਿੱਖ ਕੌਮ ਦਾ ਹੱਕ ਹੈ । ਜਦੋ ਵੀ ਭਵਿੱਖ ਵਿਚ ਚੀਨ ਅਤੇ ਭਾਰਤ ਦਾ ਲਦਾਖ ਦੇ ਮੁੱਦੇ ਤੇ ਕੋਈ ਸਮਝੋਤਾ ਜਾਂ ਗੱਲਬਾਤ ਹੋਵੇਗੀ, ਉਸ ਵਿਚ ਸਿੱਖ ਕੌਮ ਦੀ ਸਮੂਲੀਅਤ ਹਰ ਕੀਮਤ ਤੇ ਹੋਵੇਗੀ । ਸਿੱਖ ਕੌਮ ਦੀ ਸਮੂਲੀਅਤ ਤੋ ਬਿਨ੍ਹਾਂ ਭਾਰਤ ਜਾਂ ਚੀਨ ਲਦਾਖ ਦੇ ਇਲਾਕੇ ਦੀ ਮਲਕੀਅਤ ਦੇ ਮਸਲੇ ਨੂੰ ਕਤਈ ਹੱਲ ਨਹੀਂ ਕਰ ਸਕਣਗੇ । ਕਿਉਂਕਿ ਲਦਾਖ ਦੇ ਇਲਾਕੇ ਦੇ ਅਸਲ ਮਾਲਕ ਸਿੱਖ ਹਨ । ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਵਿਖੇ ਲਗਾਏ ਗਏ ਗਵਰਨਰ ਜਰਨਲ ਵੋਹਰਾ ਹਿੰਦੂਤਵ ਸੋਚ ਦੇ ਮਾਲਕ ਹਨ ਅਤੇ ਉਹ ਵੀ ਉਥੇ ਹਿੰਦੂ ਬਸਤੀਆਂ ਕਾਇਮ ਕਰਨ ਅਤੇ ਫ਼ੌਜ ਨੂੰ ਪੱਕੇ ਤੌਰ ਤੇ ਉਥੇ ਰੱਖਣ ਦੇ ਪੱਖ ਵਿਚ ਹਨ । ਜਿਸਦਾ ਸਿੱਧਾ ਮਤਲਬ ਹੈ ਕਿ ਕਸ਼ਮੀਰ ਵਿਚੋ ਫ਼ੌਜ ਕਦੇ ਵੀ ਵਾਪਿਸ ਨਹੀਂ ਜਾਵੇਗੀ । ਜਦੋਕਿ 2000 ਵਿਚ ਚਿੱਠੀ ਸਿੰਘ ਪੁਰਾ (ਜੰਮੂ-ਕਸ਼ਮੀਰ) ਵਿਚ ਇਸ ਹਿੰਦੂਤਵ ਫ਼ੌਜ ਵੱਲੋ ਬੇਕਸੂਰ ਸ਼ਹੀਦ ਕੀਤੇ ਗਏ 43 ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਅੱਜ ਤੱਕ ਨਾ ਤਾ ਸਾਹਮਣੇ ਲਿਆਦਾ ਗਿਆ ਅਤੇ ਨਾ ਹੀ ਕੋਈ ਛਾਣਬੀਨ ਕੀਤੀ ਗਈ । ਉਹਨਾਂ ਕਿਹਾ ਕਿ ਜਿਸ ਤਰ੍ਹਾਂ ਹਿੰਦੂ ਹੁਕਮਰਾਨ ਪੰਜਾਬ ਵਿਚ ਕਦੀ ਸ. ਪ੍ਰਕਾਸ਼ ਸਿੰਘ ਬਾਦਲ ਰਾਹੀ, ਕਦੀ ਕੈਪਟਨ ਅਮਰਿੰਦਰ ਸਿੰਘ ਰਾਹੀ ਇਥੇ ਹਿੰਦੂਤਵ ਸੋਚ ਨੂੰ ਅਮਲੀ ਰੂਪ ਦੇ ਰਹੇ ਹਨ, ਉਸੇ ਤਰ੍ਹਾਂ ਕਸ਼ਮੀਰ ਵਿਚ ਵੀ ਹਿੰਦੂਤਵ ਹੁਕਮਰਾਨਾ ਦੇ ਗੁਲਾਮ ਬਣੇ ਫਾਰੂਖ ਅਬਦੁੱਲਾ ਜਾਂ ਉਮਰ ਅਬਦੁੱਲਾ ਰਾਹੀ ਮੁਸਲਿਮ ਕੌਮ ਨੂੰ ਭੁਲੇਖਾ ਦੇ ਕੇ ਰਾਜਪ੍ਰਬੰਧ ਆਪਣੀ ਮਰਜ਼ੀ ਨਾਲ ਕਰਦੇ ਰਹਿਣਗੇ ਅਤੇ ਉਥੇ ਵੱਸਣ ਵਾਲੀ ਮੁਸਲਿਮ ਕੌਮ ਦੀ ਵੱਡੀ ਗਿਣਤੀ ਅਮਲੀ ਰੂਪ ਵਿਚ ਆਜ਼ਾਦੀ ਦਾ ਨਿੱਘ ਨਹੀਂ ਮਾਣ ਸਕੇਗੀ ।
ਸ. ਮਾਨ ਨੇ ਆਪਣੇ ਬਿਆਨ ਦੇ ਅਖ਼ੀਰ ਵਿਚ ਹਿੰਦੂਤਵ ਹੁਕਮਰਾਨਾ ਵੱਲੋ 15 ਅਗਸਤ ਦੇ ਮਨਾਏ ਜਾ ਰਹੇ ਸਮਾਗਮਾਂ ਸੰਬੰਧੀ ਨਿਰਪੱਖ ਰਾਇ ਦਿੰਦੇ ਹੋਏ ਕਿਹਾ ਕਿ ਸਿੱਖ ਕੌਮ ਇਹਨਾਂ ਸਰਕਾਰੀ ਸਮਾਗਮਾਂ ਅਤੇ ਜਸਨਾਂ ਤੋ ਦੂਰ ਰਹੇ ਅਤੇ ਆਪਣੇ ਬੱਚਿਆਂ ਨੂੰ ਇਹਨਾਂ ਸਮਾਗਮਾਂ ਵਿਚ ਬਿਲਕੁਲ ਵੀ ਸਮੂਲੀਅਤ ਨਾ ਕਰਨ ਦੇਵੇ । ਕਿਉਂਕਿ ਸਿੱਖ ਕੌਮ ਲਈ ਇਹ “ਗੁਲਾਮੀ ਵਾਲਾ ਕਾਲਾ ਦਿਨ” ਹੈ । 15 ਅਗਸਤ ਨੂੰ ਇਕੋ ਨਵੀ ਘਟਨਾ ਵਾਪਰੀ ਕਿ ਸਿੱਖ ਕੌਮ ਅੰਗਰੇਜ਼ਾਂ ਦੀ ਗੁਲਾਮੀਅਤ ਵਿਚੋ ਨਿਕਲਕੇ ਹਿੰਦੂ ਹੁਕਮਰਾਨਾ ਦੀ ਵਿਧਾਨਿਕ ਤੌਰ ਤੇ ਗੁਲਾਮ ਬਣਾ ਦਿੱਤੀ ਗਈ । ਜਿਸ ਨੂੰ ਇਹ ਆਪਣੇ ਲਫ਼ਜਾਂ ਵਿਚ ਬੇਸ਼ੱਕ ਆਜ਼ਾਦੀ ਪੁਕਾਰਨ । ਉਨ੍ਹਾਂ ਕਿਹਾ ਕਿ ਜਿਨ੍ਹਾਂ ਸਿੱਖ ਮੁਲਾਜ਼ਮਾਂ ਦੀ ਇਹਨਾਂ ਸਮਾਗਮਾਂ ਵਿਚ ਡਿਊਟੀ ਹੋਵੇਗੀ, ਉਹ ਕਾਲੀ ਫਿਫਟੀ, ਜੇਬ ਵਿਚ ਕਾਲਾ ਕੱਪੜਾ ਰੱਖਕੇ ਜਾਂ ਕਾਲੀਆਂ ਜੁਰਾਬਾਂ ਪਹਿਨਕੇ ਹਿੰਦੂਤਵ ਦੀ ਗੁਲਾਮੀ ਦਾ ਜੂਲਾ ਵੱਢਣ ਲਈ ਰੋਸ ਪ੍ਰਗਟਾਉਣ । ਜੋ ਪੰਜਾਬ ਦੇ ਪ੍ਰਾਈਵੇਟ ਟ੍ਰਾਸਪੋਟਰਾਂ ਨੇ ਬਾਦਲ ਦੀ ਔਰਬਿਟ ਟ੍ਰਾਸਪੋਰਟ ਦੀ ਅਜਾਰੇਦਾਰੀ ਵਿਰੁੱਧ 15 ਅਗਸਤ ਨੂੰ ਇਹਨਾਂ ਸਮਾਗਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਦੀ ਹਰ ਤਰ੍ਹਾਂ ਮਦਦ ਕਰੇਗਾ । ਜੇਕਰ ਬਾਦਲ ਦਲੀਆਂ ਨੇ ਇਹਨਾਂ ਟ੍ਰਾਸਪੋਟਰਾਂ ਉਤੇ ਕੋਈ ਗੈਰ ਕਾਨੂੰਨੀ ਜ਼ਬਰ ਕੀਤਾ ਤਾਂ ਮੂੰਹ ਤੋੜ ਜੁਆਬ ਵੀ ਦਿੱਤਾ ਜਾਵੇਗਾ ਅਤੇ ਇਹਨਾਂ ਦੀ ਗੁਲਾਮੀਅਤ ਅਤੇ ਅਜਾਰੇਦਾਰੀ ਨੂੰ ਸਿੱਖ ਕੌਮ ਬਿਲਕੁਲ ਪ੍ਰਵਾਨ ਨਹੀਂ ਕਰੇਗੀ ।