ਆਮ ਤੌਰ ‘ਤੇ ਕਿਹਾ ਜਾਦਾ ਹੈ ਕਿ ਸਿੱਖਾਂ ਦੇ ਪੰਜ ਤਖ਼ਤ ਹਨ। ਪਰ ਕੀ ਇਹ ਸਹੀ ਨਹੀਂ ਹੈ । ਫਿਰ ਸਿੱਖਾਂ ਦੇ ਤਖ਼ਤ ਕਿੰਨੇ ਹਨ? ਜੇ ਅਸੀਂ ਅਕਾਲ ਤਖ਼ਤ ਸਾਹਿਬ ਦਾ ਲਫ਼ਜ਼ੀ ਮਾਅਨਾ ਹੀ ਜਾਣ ਲਈਏ ਤਾਂ ਵੀ ਗੱਲ ਵਧੇਰੇ ਸਮਝ ਆ ਸਕਦੀ ਹੈ। ਅਕਾਲ ਤਖ਼ਤ ਸਾਹਿਬ ਵਿਚ ਦੋ ਖ਼ਾਸ ਨੁਕਤੇ ਹਨ: ਅਕਾਲ ਯਾਨਿ ਵਾਹਿਗੁਰੂ ਅਤੇ ਤਖ਼ਤ ਯਾਨਿ ਗੱਦੀ, ਤਾਕਤ, ਮਰਕਜ਼ । ਦੂਜੇ ਲਫ਼ਜ਼ਾਂ ਵਿਚ ਇਸ ਦਾ ਮਾਅਨਾ ਹੈ ‘ਵਾਹਿਗੁਰੂ ਦਾ ਤਖ਼ਤ’, ਵਾਹਿਗੁਰੂ ਦੀ ਗੱਦੀ, ਰੱਬ ਦੀ ਤਾਕਤ ਦਾ ਮਰਕਜ਼ । ਕੁਝ ਲੋਕ ਇਸ ਦਾ ਮਾਅਨਾ ਇੰਞ ਵੀ ਕਰਦੇ ਹਨ: ਉਹ ਤਖ਼ਤ ਜੋ ‘ਅਕਾਲ’ ਹੈ ਯਾਨਿ ਜਿਸ ’ਤੇ ਕਾਲ ਦਾ ਅਸਰ ਨਹੀਂ । ਇਸ ਦਾ ਮਤਲਬ ਵੀ ਇਹੀ ਹੈ ਕਿ ‘ਸਦਾ ਕਾਇਮ ਰਹਿਣ ਵਾਲਾ ਤਖ਼ਤ।’ ਪਰ ‘ਅਕਾਲ ਪੁਰਖ ਦਾ ਤਖ਼ਤ’ ਜਾਂ ‘ਸਦੀਵੀ ਤਖ਼ਤ’ ਲਫ਼ਜ਼ ਦੋ ਵੱਖ-ਵੱਖ ਫ਼ਲਸਫ਼ੇ ਨਹੀਂ ਹਨ ਕਿਉਂਕਿ ਸਿਰਫ਼ ‘ਅਕਾਲ ਪੁਰਖ ਦਾ ਤਖ਼ਤ’ ਹੀ ‘ਸਦਾ ਕਾਇਮ ਰਹਿਣ ਵਾਲਾ ਤਖ਼ਤ’ ਹੋ ਸਕਦਾ ਹੈ ਅਤੇ ‘ਸਦੀਵੀ ਤਖ਼ਤ’ ਸਿਰਫ਼ ਅਕਾਲ ਪੁਰਖ ਦਾ ਹੀ ਹੋ ਸਕਦਾ ਹੈ। ਇੰਞ ਅਕਾਲ ਤਖ਼ਤ ਸਾਹਿਬ ਨੂੰ ਸਿਰਫ਼ ਸਿੱਖਾਂ ਦਾ ਤਖ਼ਤ ਆਖਣਾ ਇਕ ਵੱਖਰੀ ਕਿਸਮ ਦੀ ਗ਼ਲਤੀ ਹੈ। ਇੰਞ ਆਖਣ ਵਾਲੇ ਲੋਕ ਅਕਾਲ ਪੁਰਖ ਨੂੰ ਸਿਰਫ਼ ਸਿੱਖਾਂ ਤਕ ਮਹਿਦੂਦ ਕਰ ਦੇਂਦੇ ਹਨ। ਯਾਨਿ ਅਕਾਲ ਪੁਰਖ ਸਿਰਫ਼ ਸਿੱਖਾਂ ਦਾ ਹੀ ਹੈ ਅਤੇ ਸਿਰਫ਼ ਸਿੱਖ ਹੀ ਅਕਾਲ ਪੁਰਖ ਦੀ ਰਿਆਇਆ ਹਨ। ਚਾਹੀਦਾ ਤਾਂ ਇਹ ਹੈ ਕਿ ਰੱਬ ’ਤੇ ਯਕੀਨ ਰੱਖਣ ਵਾਲਾ ਹਰ ਸ਼ਖ਼ਸ ਅਕਾਲ ਪੁਰਖ ਦੇ ਤਖ਼ਤ ਸਾਹਿਬ ਦੀ ਵਫ਼ਾਦਾਰੀ ਕਬੂਲ ਕਰ ਕੇ ਇਸ ਤਖ਼ਤ ਸਾਹਿਬ ਦੀ ਪਨਾਹ ਵਿਚ ਆ ਜਾਵੇ। ਉਂਞ ਸਿੱਖਾਂ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਉਹ ਆਪਣੀ ਕੌਮ ਦਾ ਤਖ਼ਤ, ਅਕਾਲ ਪੁਰਖ ਨੂੰ ਸਮਰਪਣ ਕਰਦੇ ਹਨ ਤੇ ਆਪਣੀ ਕੌਮੀਅਤ ਅਕਾਲ ਪੁਰਖ ਨਾਲ ਜੋੜਦੇ ਹਨ। ਦੁਨੀਆਂ ਵਿਚ ਕੋਈ ਹੋਰ ਧਰਮ ਜਾਂ ਕੌਮ ਐਸੀ ਨਹੀਂ ਜੋ ਆਪਣੀ ਖ਼ੁਦਦਾਰੀ ਨੂੰ ਨਾ ਵੱਖਰਿਆਉਂਦੀ ਹੋਵੇ। ਸਿਰਫ਼ ਸਿੱਖ ਹੀ ਅਜਿਹੀ ਕੌਮ ਹਨ, ਜੋ ਆਪਣੇ ਆਪ ਨੂੰ ਅਕਾਲ ਪੁਰਖ ਦੀ ਹਸਤੀ ਤੋਂ ਵੱਖਰਿਆਉਂਦੇ ਨਹੀਂ । ਇਸੇ ਕਰ ਕੇ ਸਿੱਖਾਂ ਦਾ ਤਖ਼ਤ ਉਨ੍ਹਾਂ ਦਾ ਆਪਣਾ ਨਹੀਂ ਬਲਕਿ ਅਕਾਲ ਪੁਰਖ ਦਾ ਤਖ਼ਤ ਹੈ। ਸਿੱਖ ਆਪਣੇ ਆਪ ਨੂੰ ਸਿਰਫ਼ ਇਕ ਅਕਾਲ ਪੁਰਖ ਦੀ ਹੀ ਰਿਆਇਆ ਮੰਨਦੇ ਹਨ। ਸਿੱਖ ਦੀ ਵਫਾਦਾਰੀ ਸਿਰਫ਼ ਵਾਹਿਗੁਰੂ ਨਾਲ ਹੀ ਹੈ ਨਾ ਕਿ ਕਿਸੇ ਹੋਰ ਨਾਲ। ਦੁਨੀਆਂ ਦੇ ਹਰ ਸ਼ਖ਼ਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਅਕਾਲ ਪੁਰਖ ਨਾਲ ਜੋੜੇ ਤੇ ਉਸ ਵਾਹਿਗੁਰੂ ਦੀ ਰਿਆਇਆ ਬਣੇ। ਹਰ ਇਨਸਾਨ ਦੀ ਜ਼ਿੰਦਗੀ ਦੀ ਆਖ਼ਰੀ ਮੰਜ਼ਿਲ ‘ਖਾਲਸਾ’ ਬਣਨਾ ਹੈ। ਇਹੀ ਹਰ ਇਨਸਾਨ ਦੀ ‘ਪੂਰਨਤਾ’ ਹੈ।
ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਤਾਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ‘ਸਚਿਆਰ’ ਅਤੇ ਛੇਵੇਂ ਪਾਤਿਸ਼ਾਹ ਦੇ ‘ਅਕਾਲ ਤਖ਼ਤ ਸਾਹਿਬ’ ਦੇ ਨੁਕਤੇ ਨੂੰ ਹੀ ਬਿਆਨ ਕੀਤਾ ਸੀ । ਖਾਲਸਾ ਦਾ ਮਾਅਨਾ ਹੈ ‘ਅਕਾਲ ਪੁਰਖ ਦੀ ਸਿੱਧੀ ਰਿਆਇਆ।’ ਯਾਨਿ ਅਕਾਲ ਪੁਰਖ ਅਤੇ ਸਿੱਖ ਦੇ ਵਿਚਕਾਰ ਵਿਚੋਲਾ ਨਹੀਂ ਹੋ ਸਕਦਾ। ‘ਖਾਲਸਾ ਅਕਾਲ ਪੁਰਖ ਕੀ ਫ਼ੌਜ’ ਹੈ। ਗੁਰੂ ਸਾਹਿਬ ਨੇ ਤਾਂ ਇਸ ਨੂੰ “ਆਪਣੀ” ਫ਼ੌਜ ਵੀ ਨਹੀਂ ਕਿਹਾ! ਉਹ ਆਖਦੇ ਹਨ ਕਿ ਮੈਂ ਖਾਲਸੇ ਨੂੰ ਅਕਾਲ ਪੁਰਖ ਦੇ ਹੁਕਮ ਵਿਚ ਪ੍ਰਗਟ ਕੀਤਾ ਹੈ (ਪਰਗਟਿਓ ਖਾਲਸਾ ਪਰਮਾਤਮ ਕੀ ਮੌਜ)। ਪਰ, ਅਣਜਾਣ ਸਿੱਖਾਂ ਨੇ, ਗ਼ੈਰ-ਸਿੱਖ ਲੇਖਕਾਂ ਦੇ ਲਫ਼ਜ਼ ਵਰਤ ਕੇ, ਇਸ ‘ਖਾਲਸਾ ਪ੍ਰਗਟ ਕਰਨ’ ਨੂੰ “ਖਾਲਸੇ ਦੀ ਸਿਰਜਣਾ” ਬਣਾ ਦਿੱਤਾ। ਖ਼ੈਰ, ਗੱਲ ਤਾਂ ਅਕਾਲ ਤਖ਼ਤ ਸਾਹਿਬ ਤੇ ਖਾਲਸਾ ਦੀ ਸੀ। ਦੋਹਾਂ ਦਾ ਫ਼ਲਸਫ਼ਾ ਇਕੋ ਹੀ ਹੈ। ਖਾਲਸਾ ਅਕਾਲ ਪੁਰਖ ਦੀ ਸਿੱਧੀ ਰਿਆਇਆ (ਪਰਜਾ) ਹੈ ਅਤੇ ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਆਪਣਾ ਤਖ਼ਤ ਹੈ। ਯਾਨਿ, ਜੋ ਅਕਾਲ ਪੁਰਖ ਦਾ ਵਫ਼ਾਦਾਰ ਹੈ ਅਕਾਲ ਤਖ਼ਤ ਉਸ ਦਾ ਹੀ ਤਖ਼ਤ ਹੈ ਤੇ ਜੋ ਅਕਾਲ ਪੁਰਖ ਦੀ ਥਾਂ ਕਿਤੇ ਹੋਰ ਵਫ਼ਾਦਾਰੀ ਰੱਖਦਾ ਹੈ ਜਾਂ ਸਿਰ ਝੁਕਾਉਂਦਾ ਉਹ ਅਕਾਲ ਤਖ਼ਤ ਸਾਹਿਬ ਤੋਂ ਦੂਰ ਹੈ। ਜੋ ਸ਼ਖ਼ਸ ਜਾਂ ਜੋ ਕੌਮ ਅਕਾਲ ਪੁਰਖ ਦੇ ਨੇੜੇ ਆਉਣਾ ਚਾਹੁੰਦੀ ਹੈ ਉਸ ਨੂੰ ਦੁਨਿਆਵੀ ਤਖ਼ਤ ਦੀ ਥਾ ਆਪਣੀ ਵਫ਼ਾਦਾਰੀ ਵਾਹਿਗੁਰੂ ਨਾਲ ਰੱਖਣੀ ਪਵੇਗੀ । ਅਕਾਲ ਤਖ਼ਤ ਸਾਹਿਬ ਨੂੰ ਸਿਰਫ਼ ਸਿੱਖਾਂ ਨਾਲ ਹੀ ਸਬੰਧਿਤ ਕਰਨ ਵਾਲੇ ਲੋਕ ਅਜਿਹਾ ਆਖ ਕੇ ਸਿੱਖਾਂ ਨੂੰ ਅਕਾਲ ਪੁਰਖ ਦੇ ਵਧੇਰੇ ਨੇੜੇ ਮੰਨਦੇ ਹਨ ਤੇ ਆਪਣੇ ਆਪ ਨੂੰ ਉਸ ਤੋਂ ਦੂਰ। ਹਾਲਾਂਕਿ ਧਰਮ ਨੂੰ ਮੰਨਣ ਵਾਲੇ ਹਰ ਇਨਸਾਨ ਨੂੰ ਅਕਾਲ ਪੁਰਖ ਦੇ ਨੇੜੇ ਹੋਣਾ ਚਾਹੀਦਾ ਹੈ ਤੇ ਅਕਾਲ ਪੁਰਖ ਦੇ ਤਖ਼ਤ ਅੱਗੇ ਹੀ ਸਿਰ ਝੁਕਾਉਣਾ ਚਾਹੀਦਾ ਹੈ।
ਅਕਾਲ ਤਖ਼ਤ ਸਾਹਿਬ ਅਕਾਲ ਪੁਰਖ ਦਾ ਤਖ਼ਤ ਹੈ। ਇਸ ਤਖ਼ਤ ਦਾ ਮਾਲਕ, ਵਾਹਿਗੁਰੂ, ਦੁਨੀਆਂ ਭਰ ਦੇ ‘ਬਾਦਸ਼ਾਹਾਂ ਦਾ ਬਾਦਸ਼ਾਹ’ ਹੈ। ਉਹ ‘ਸ਼ਾਹੇ-ਸ਼ਹਿਨਸ਼ਾਹਾਂ’ ਹੈ। ਫਿਰ, ਦੁਨੀਆਂ ਦੇ ਵੱਖ ਵੱਖ ਇਲਾਕਿਆਂ ਦੇ ਬਾਦਸ਼ਾਹ, ਇਕ ਮਹਿਦੂਦ ਇਲਾਕੇ ਦੇ ਅਤੇ ਥੋੜ੍ਹੇ ਚਿਰ ਦੇ, ਬਾਦਸ਼ਾਹ ਹਨ। ਉਨ੍ਹਾਂ ਦਾ ਹੁਕਮ ਕੁਝ ਗਿਣਤੀ ਦੇ ਲੋਕਾਂ ’ਤੇ ਹੀ ਲਾਗੂ ਹੁੰਦਾ ਹੈ ਅਤੇ ਆਮ ਤੌਰ ’ਤੇ ਉਨ੍ਹਾਂ ਦੇ ਹੁਕਮ ’ਤੇ ਕਿਸੇ ਮਜਬੂਰੀ, ਡਰ ਜਾਂ ਦਹਿਸ਼ਤ ਕਰ ਕੇ ਹੀ ਅਮਲ ਹੋਇਆ ਕਰਦਾ ਹੈ ਅਤੇ ਜੋ ਇਸ ਦੇ ਨਾਲ ਪੁਲੀਸ, ਫ਼ੌਜ ਅਸਲਾ ਵਗ਼ੈਰਾ ਨਾ ਹੋਵੇ ਤਾਂ ਇਹ ਹੁਕਮ ਸ਼ਾਇਦ ਚੰਦ ਇਕ ਲੋਕਾਂ ’ਤੇ ਵੀ ਲਾਗੂ ਨਾ ਹੋ ਸਕਦਾ ਹੋਵੇ। ਦੁਨੀਆਂ ਭਰ ਦੀਆਂ ਵੱਡੀਆਂ-ਵੱਡੀਆਂ ਤਾਕਤਾਂ ਦਾ ਦਬਦਬਾ ਉਨ੍ਹਾਂ ਦੇ ਅਸਲੇ ਦੀ ਤਾਕਤ ਕਰ ਕੇ ਹੈ ਨਾ ਕਿ ਉਨ੍ਹਾਂ ਦੇ ਰਕਬੇ, ਆਬਾਦੀ, ਉੱਲਮਾਂ ਜਾਂ ਕਿਸੇ ਹੋਰ ਵਜਹ ਕਰ ਕੇ ਹੈ। ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦੇ ਮਾਲਕ ਵਾਹਿਗੁਰੂ ਦੀ ਹਕੂਮਤ ‘ਹਲਤ’ ਤੇ ‘ਪਲਤ’, ਦੋਹਾਂ ਜਹਾਨਾਂ ਵਿਚ, ਮੀਰੀ ਤੇ ਪੀਰੀ-ਦੋਹਾਂ ਦੀ ਦੁਨੀਆਂ ਵਿਚ, ਪੂਰੀ ਤਰ੍ਹਾਂ ਲਾਗੂ ਹੁੰਦੀ ਹੈ। ਫਿਰ ਇਹ ਤਾਕਤ ਕਿਸੇ ਫ਼ੌਜ ਦੀ ਦਹਿਸ਼ਤ ਕਰ ਕੇ ਨਹੀਂ ਬਲਕਿ ਸਿਰਫ਼ ਇਸ ਕਰ ਕੇ ਹੈ ਕਿ ਉਸ ਵਾਹਿਗੁਰੂ ਦੇ ਪਿਆਰੇ, ਉਸ ਦੀ ਰਿਆਇਆ, ਉਸ ਨੂੰ ਦਿਲੋਂ ਪਿਆਰ ਕਰਦੀ ਹੈ ਅਤੇ ਰੂਹ ਦੀ ਤਹਿ ਤੋਂ ਉਸ ਦੇ ਹਰ ਹੁਕਮ ਅੱਗੇ ਸਿਰ ਝੁਕਾਉਣ ਨੂੰ ਹਰਦਮ ਤਿਆਰ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਨੇ ਅਕਾਲ ਪੁਰਖ ਦੀ ਇਸ ਹਸਤੀ ਦਾ ਅਤੇ ਇਸ ਹਸਤੀ ਵਾਲੇ ਸ਼ਾਹੇ-ਸ਼ਹਿਨਸ਼ਾਹਾਂ ਦੇ ਤਖ਼ਤ ਦਾ ਜ਼ਿਕਰ ਆਪਣੀ ਬਾਣੀ ਵਿਚ ਸਿੱਧੇ ਤੇ ਅਸਿੱਧੇ ਲਫ਼ਜ਼ਾਂ ਵਿਚ ਕੀਤਾ ਹੈ: ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ॥(ਸਫ਼ਾ 1279)। ਤਖਤ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੈ॥(ਸਫ਼ਾ 1022)। ਸਚੈ ਤਖਤਿ ਬੈਠਾ ਨਿਆਉ ਕਰਿ ਸਤਸੰਗਤਿ ਮੇਲਿ ਮਿਲਾਈ॥(ਸਫ਼ਾ 1087) ਗੁਰੂ ਨਾਨਕ ਸਾਹਿਬ ਦੇ ਦੱਸੇ ਇਸੇ ਫ਼ਲਸਫ਼ੇ ਨੂੰ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਨੇ ‘ਚੱਕ ਰਾਮਦਾਸ’ (ਹੁਣ ਅੰਮ੍ਰਿਤਸਰ) ਦੀ ਸਰਜ਼ਮੀ ਵਿਚ ਵਾਹਿਗੁਰੂ ਦੇ ਦੁਆਰ (ਹਰਿਮੰਦਰ) ਦੇ ਕਦਮਾਂ ਵਿਚ ਤਖ਼ਤ ਸਾਹਿਬ ਦੀ ਇਮਾਰਤ ਵਜੋਂ ਪ੍ਰਗਟ ਕਰਨ ਦਾ ਐਲਾਨ ਕੀਤਾ।
ਗੁਰੂ ਸਾਹਿਬ ਵੱਲੋਂ ਅਕਾਲ ਤਖ਼ਤ ਸਾਹਿਬ ਪ੍ਰਗਟ ਕਰਨ ਦਾ ਮਤਲਬ ਸਿੱਖਾਂ ਨੂੰ ਉਨ੍ਹਾਂ ਦੇ ਅਸਲੇ, ਪਰਮ-ਆਤਮਾ ਨਾਲ, ਵਾਹਿਗੁਰੂ ਨਾਲ, ਸਿੱਧਾ ਜੋੜਨਾ ਸੀ। ਜਿਵੇਂ ਪਹਿਲੋਂ ਬਿਆਨ ਕੀਤਾ ਗਿਆ ਹੈ ਕਿ ਦਸਮ ਪਾਤਸ਼ਾਹ ਨੇ ਖਾਲਸਾ ਪ੍ਰਗਟ ਕਰ ਕੇ ਇਸ ਫ਼ਲਸਫ਼ੇ ਨੂੰ ਮੁਕੰਮਲ ਤਸਵੀਰ ਦੀ ਸ਼ਕਲ ਮੁਹੱਈਆ ਕੀਤੀ। ਗੁਰੂ ਹਰਿਗੋਬਿੰਦ ਸਾਹਿਬ ਅਕਾਲ ਤਖ਼ਤ ਸਾਹਿਬ ਪ੍ਰਗਟ ਕਰਨ ਮਗਰੋਂ ਇਸ ਤਖ਼ਤ ’ਤੇ ਅਕਾਲ ਪੁਰਖ ਦੇ ਨੁਮਾਇੰਦੇ ਵਜੋਂ ਸਜਦੇ ਰਹੇ। 1608 ਤੋਂ 1635 ਤੱਕ ਆਪ ਅਕਾਲ ਪੁਰਖ ਦੇ ਤਖ਼ਤ ਦੀ ਕਾਰਵਾਈ ਨੂੰ ਅੰਮ੍ਰਿਤਸਰ ਬੈਠ ਕੇ ਚਲਾਉਂਦੇ ਰਹੇ। ਇਸ ਦੌਰਾਨ ਜਦੋਂ ਆਪ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਹੇ ਜਾਂ ਕਸ਼ਮੀਰ, ਜੰਗਲ ਦੇਸ਼, ਦੁਆਬਾ, ਨਾਨਕ ਮੱਤਾ, ਗੜਵਾਲ ਜਾਂ ਕਿਸੇ ਹੋਰ ਪਾਸੇ ਮਿਸ਼ਨਰੀ ਦੌਰੇ ’ਤੇ ਜਾਂਦੇ ਸਨ ਤਾਂ ਤਖ਼ਤ ਦੀ ਕਾਰਵਾਈ ਆਪਣੇ ਪੜਾਅ ਵਾਲੇ ਮੁਕਾਮ ਤੋਂ ਚਲਾਇਆ ਕਰਦੇ ਸਨ। ਗੁਰੂ ਸਾਹਿਬ ਨੇ ਆਪਣੀ ਇਹ ਸੇਵਾ ਕਿਸੇ ਹੋਰ ਨੂੰ ਨਹੀਂ ਸੌਂਪੀ। 1835-40 ਵਿਚ ਲਿਖੀ ਕਿਤਾਬ ‘ਗੁਰ ਬਿਲਾਸ ਪਾਤਿਸ਼ਾਹੀ ਛੇਵੀਂ’ ਵਿਚ ਗੁਰੂ ਸਾਹਿਬ ਵਲੋਂ ਦਿੱਲੀ (ਜਿਥੋਂ ਆਪ ਕੈਦ ਕਰ ਕੇ ਗਵਾਲੀਅਰ ਭੇਜੇ ਗਏ ਸਨ) ਜਾਣ ਵੇਲੇ ਬਾਬਾ ਬੁੱਢਾ ਨੂੰ ਹਰਿਮੰਦਰ ਸਾਹਿਬ ਤੇ ਭਾਈ ਗੁਰਦਾਸ ਨੂੰ ਅਕਾਲ ਤਖ਼ਤ ਸਾਹਿਬ ‘ਦੀਵਾ-ਬੱਤੀ ਦੀ ਸੇਵਾ’ ਸੌਂਪੇ ਜਾਣ ਦਾ ਜ਼ਿਕਰ ਆਉਂਦਾ ਹੈ; ਯਾਨਿ ਉਨ੍ਹਾਂ ਨੇ ਇਮਾਰਤ ਅਤੇ ਥੜ੍ਹੇ ਦੀ ਸੇਵਾ ਸੰਭਾਲ ਕਰਨੀ ਸੀ। (ਇਸ ਦਾ ਮਤਲਬ ਇਹ ਨਹੀਂ ਬਣ ਜਾਂਦਾ ਕਿ ਗੁਰੂ ਸਾਹਿਬ ਭਾਈ ਗੁਰਦਾਸ ਨੂੰ ਅਕਾਲ ਤਖ਼ਤ ਸਾਹਿਬ ਦਾ ਗ੍ਰੰਥੀ ਜਾਂ ਉੱਥੋਂ ਦੀ ਸੇਵਾ-ਸੰਭਾਲ ਦੇ ਜਥੇ ਦਾ ਮੁਖੀ ਜਾਂ ਅਖੌਤੀ ‘ਜਥੇਦਾਰ’ ਥਾਪ ਗਏ ਸਨ)। ਇਸ ਮਗਰੋਂ ਗੁਰੂ ਹਰਿਗੋਬਿੰਦ ਸਾਹਿਬ 1631 ਵਿਚ ਕਈ ਮਹੀਨੇ ਡਰੋਲੀ ਭਾਈ (ਮੋਗਾ ਨੇੜੇ) ਤੇ 1635 ਵਿਚ ਕਰਤਾਰਪੁਰ (ਜਲੰਧਰ) ਵਿਚ ਵੀ ਰਹੇ ਸਨ। ਆਪ ਕੁਝ ਚਿਰ ਗੋਇੰਦਵਾਲ ਸਾਹਿਬ ਵਿਚ ਵੀ ਰਹੇ ਸਨ । ਇਨ੍ਹਾਂ ਵੇਲਿਆਂ ਦੌਰਾਨ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ, ਤਰਤੀਬਵਾਰ, ਡਰੋਲੀ ਭਾਈ, ਕਰਤਾਰਪੁਰ ਅਤੇ ਗੋਇੰਦਵਾਲ ਤੋਂ ਚਲਦੀ ਰਹੀ ਸੀ।
ਮਈ 1635 ਗੁਰੂ ਹਰਿਗੋਬਿੰਦ ਸਾਹਿਬ ਕੀਰਤਪੁਰ ਸਾਹਿਬ ਚਲੇ ਗਏ ਤੇ ਉਹ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਉਸੇ ਨਗਰ ਤੋਂ ਚਲਾਉਂਦੇ ਰਹੇ ਅੱਜ ਵੀ ਕਰਤਾਰਪੁਰ ਸਾਹਿਬ ਵਿਚ ਗੁਰਦੁਆਰਾ ਤਖ਼ਤ ਕੋਟ ਸਾਹਿਬ ਕਾਇਮ ਹੈ। ਇਹ ਉਹੀ ਤਖ਼ਤ ਹੈ ਜਿਥੋਂ ਗੁਰੂ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਈ ਸੀ। ਮਗਰੋਂ ਗੁਰੂ ਹਰਿਰਾਇ ਸਾਹਿਬ ਵੇਲੇ ਵੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਥੋਂ ਹੀ ਚਲਦੀ ਰਹੀ ਸੀ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਥੋਂ ਹੀ ਚਲਾਉਂਦੇ ਰਹੇ ਸਨ। ਸਤਵੇਂ ਤੇ ਅਠਵੇਂ ਪਾਤਿਸ਼ਾਹੀ ਦੀ ‘ਤਾਜਪੋਸ਼ੀ’ ਵੀ ਇਸੇ ‘ਤਖ਼ਤ ਕੋਟ ਸਾਹਿਬ’ ਗੁਰਦੁਆਰਾ ਵਾਲੇ ਮੁਕਾਮ ’ਤੇ ਹੀ ਕੀਤੀ ਗਈ ਸੀ।
30 ਮਾਰਚ 1664 ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਗੱਦੀ ਸੰਭਾਲੀ ਸੀ। ਉਨ੍ਹਾਂ ਦੀ ਤਖ਼ਤ ਨਸ਼ੀਨੀ ਦੀ ਰਸਮ 11 ਅਗਸਤ 1664 ਦੇ ਦਿਨ ਬਕਾਲਾ ਵਿਚ ਕੀਤੀ ਗਈ ਸੀ । ਉਦੋਂ ਉਹ ਬਕਾਲਾ (ਹੁਣ ਬਾਬਾ ਬਕਾਲਾ) ਵਿਚ ਰਹਿੰਦੇ ਸਨ। ਇਸ ਦੌਰਾਨ ਬਕਾਲਾ ਅਕਾਲ ਤਖ਼ਤ ਸਾਹਿਬ ਦੀ ਸੀਟ ਸੀ (ਯਾਨਿ ਤਖ਼ਤ ਸੀ)। ਉਨ੍ਹਾਂ ਨੇ 19 ਜੂਨ 1665 ਦੇ ਦਿਨ ਚੱਕ ਨਾਨਕੀ (ਹੁਣ ‘ਗਰੇਟਰ’ ਅਨੰਦਪੁਰ ਸਾਹਿਬ ਦਾ ਹਿੱਸਾ) ਦੀ ਨੀਂਹ ਰੱਖੀ। ਦਿਸੰਬਰ ਵਿਚ ਆਪ ਦਿੱਲੀ ਤੋਂ ਅਸਾਮ ਵੱਲ ਚੱਲ ਪਏ ਤੇ ਅਗਲੇ ਪੰਜ ਸਾਲ ਬਿਹਾਰ, ਬੰਗਾਲ ਤੇ ਆਸਾਮ ਵਿਚ ਧਰਮ ਪ੍ਰਚਾਰ ਕਰਦੇ ਰਹੇ। ਇਸ ਸਾਰੇ ਦੌਰਾਨ ਉਹ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਪਟਨਾ ਸਾਹਿਬ ਤੋਂ ਚਲਾਉਂਦੇ ਰਹੇ । 1670 ਦੇ ਅਖ਼ੀਰ ਵਿਚ ਆਪ ਫਿਰ ਬਕਾਲਾ ਵਿਚ ਰਹਿਣ ਲੱਗ ਪਏ। ਅਗਲਾ ਸਵਾ ਕੁ ਸਾਲ ਆਪ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਨੂੰ ਬਕਾਲਾ ਤੋਂ ਚਲਾਉਂਦੇ ਰਹੇ।
ਆਪ ਮਾਰਚ 1672 ਵਿਚ ਚੱਕ ਨਾਨਕੀ ਆ ਗਏ ਤੇ ਇਸ ਨੂੰ ਆਪਣਾ ਪੱਕਾ ਸੈਂਟਰ ਬਣਾ ਲਿਆ। ਇਸ ਕਰ ਕੇ ਆਪ ਨੇ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਉਣ ਵਾਸਤੇ ਤਖ਼ਤ ਦਮਦਮਾ ਸਾਹਿਬ ਪ੍ਰਗਟ ਕੀਤਾ। ਇਸੇ ਜਗਹ ਤੋਂ ਗੁਰੂ ਸਾਹਿਬ ਤਖ਼ਤ ਦੀ ਕਾਰਵਾਈ ਚਲਾਉਂਦੇ ਰਹੇ ਸਨ। ਦਸਵੇਂ ਪਾਤਸ਼ਾਹ ਦੀ ‘ਤਾਜਪੋਸ਼ੀ’ ਵੀ ਇਸੇ ਜਗਹ ਹੋਈ ਸੀ। ਉਹ ਵੀ 1675 ਤੋਂ 1684 ਤਕ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਇਥੋਂ ਹੀ ਚਲਾਉਂਦੇ ਰਹੇ। ਇਸ ਵਕਤ ਤਖ਼ਤ ਸਾਹਿਬ ਦੀ ਸੀਟ ਇੱਥੇ ਸੀ। ਮਗਰੋਂ ਅਪਰੈਲ 1685 ਤੋਂ ਅਕਤੂਬਰ 1688 ਤਕ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਪਾਉਂਟਾ ਸਾਹਿਬ ਤੋਂ ਚਲਾਈ ਜਾਂਦੀ ਰਹੀ। ਉਦੋਂ ਤਖ਼ਤ ਸਾਹਿਬ ਪਾਉਂਟਾ ਸਾਹਿਬ ਸੀ। ਪਾਉਂਟਾ ਸਾਹਿਬ ਤੋਂ ਮੁੜਨ ਮਗਰੋਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਨਗਰ ਦੀ ਨੀਂਹ (30 ਮਾਰਚ 1689 ਦੇ ਦਿਨ) ਰੱਖੀ। ਉਹ ਕੁਝ ਚਿਰ ਮਗਰੋਂ ਆਪਣਾ ਦਰਬਾਰ ਮੌਜੂਦਾ ਕੇਸਗੜ੍ਹ ਸਾਹਿਬ ਵਾਲੀ ਜਗਹ ’ਤੇ ਲਾਉਣ ਲੱਗ ਪਏ। ਯਾਨਿ ਤਖ਼ਤ ਦੀ ਕਾਰਵਾਈ ਇਥੋਂ ਚਲਾਏ ਜਾਣ ਕਰ ਕੇ ਇਹ ਜਗਹ ‘ਤਖ਼ਤ ਸਾਹਿਬ’ ਅਖਵਾਉਣ ਲੱਗ ਪਈ। 5-6 ਦਿਸੰਬਰ 1705 ਦੇ ਵਿਚਕਾਰਲੀ ਰਾਤ ਨੂੰ ਗੁਰੂ ਸਾਹਿਬ ਅਨੰਦਪੁਰ ਸਾਹਿਬ ਨੂੰ ਅਲਵਿਦਾ ਆਖ ਕੇ ਚਲੇ ਗਏ ਅਤੇ ਵੱਖ-ਵੱਖ ਪੜਾਵਾਂ ’ਤੇ ਰੁਕਦੇ ਹੋਏ, 16 ਜਨਵਰੀ 1706 ਦੇ ਦਿਨ, ਤਲਵੰਡੀ ਸਾਬੋ ਪੁੱਜੇ। ਆਪ ਇੱਥੇ ਅਕਤੂਬਰ 1706 ਦੇ ਅਖ਼ੀਰ ਤਕ, ਨੌਂ ਮਹੀਨੇ ਤੋਂ ਵੀ ਵੱਧ ਸਮਾਂ ਰਹੇ। ਆਪ ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਤਲਵੰਡੀ ਸਾਬੋ ਤੋਂ ਚਲਾਉਂਦੇ ਰਹੇ। ਇਸ ਵੇਲੇ ਤਖ਼ਤ ਇੱਥੇ ਹੀ ਸੀ। 30 ਅਕਤੂਬਰ 1706 ਦੇ ਦਿਨ ਆਪ ਦੱਖਣ ਵੱਲ ਰਵਾਨਾ ਹੋ ਗਏ ਅਤੇ ਲੰਬੇ ਸਫ਼ਰ ਅਤੇ ਵੱਖ ਵੱਖ ਪੜਾਵਾਂ ਨੂੰ ਤੈਅ ਕਰਦੇ ਹੋਏ ਜੁਲਾਈ 1708 ਵਿਚ ਨੰਦੇੜ ਪੁੱਜੇ। ਉੱਥੇ ਆਪ ਨੇ ਬੰਦਾ ਸਿੰਘ ਬਹਾਦਰ ਨੂੰ ਪਾਹੁਲ ਦਿੱਤੀ ਅਤੇ ਉਸ ਨੂੰ ਪੰਜਾਬ ਟੋਰਿਆ। ਆਪ ਇਸ ਦੌਰਾਨ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਨੂੰ ਨੰਦੇੜ (ਹਜ਼ੂਰ ਸਾਹਿਬ) ਤੋਂ ਚਲਾਉਂਦੇ ਰਹੇ। 7 ਅਕਤੂਬਰ 1708 ਨੂੰ ਆਪ ਜੋਤੀ ਜੋਤਿ ਸਮਾ ਗਏ ਤੇ ਅਕਾਲ ਤਖ਼ਤ ਸਾਹਿਬਾ ਦੀ ਸੇਵਾ-ਸੰਭਾਲ ਸਰਬੱਤ ਖਾਲਸਾ ਨੂੰ ਸੌਂਪ ਗਏ। ਇਸ ਮਗਰੋਂ ਪੰਥ ਦੀ ਕਮਾਂਡ ਸਰਬੱਤ ਖਾਲਸਾ ਨੇ ਸੰਭਾਲ ਲਈ। ਵੀਹਵੀਂ ਸਦੀ ਵਿਚ ਨਿਹੰਗ ਆਪਣੇ ਆਪਣ ਨੂੰ “ਪੰਜਵਾਂ ਤਖ਼ਤ ਚਲਦਾ ਵਹੀਰ” ਕਹਿਣ ਲਗ ਪਏ। 1968 ਵਿਚ ਤਲਵੰਡੀ ਸਾਬੋ ਨੂੰ ਤਖ਼ਤ ਕਰਾਰ ਦਿੱਤੇ ਜਾਨ ਵਾਲ ਨਿਹੰਗ ਆਪਣੇ ਆਪ ਨੂੰ ਪੰਜਵੇਂ ਦੀ ਜਗਹ ਸ਼ਾਇਦ ਛੇਵਾਂ ਤਖ਼ਤ ਕਹਿਣ ਲਗ ਪਏ ਹਨ ਜਾਂ ਫਿਰ ਪੰਜਵੇਂ ਤਖ਼ਤ ਦੋ ਹੋ ਗਏ ਹਨ। ਕਿਸੇ ਵੇਲੇ ਯੋਗੀ ਭਜਨ (ਹਰਭਜਨ ਸਿੰਘ) ਆਪਣੇ ਅਦਾਰੇ ਨੂੰ ‘ਅਮਰੀਕਨ ਸਿੱਖਾਂ’ ਦਾ ਤਖ਼ਤ ਕਹਿਣ ਲਗ ਪਿਆ ਸੀ।
ਇੱਥੇ ਮੁੱਖ ਮੁੱਦਾ ਇਹ ਦੱਸਣਾ ਸੀ ਕਿ ਸਿੱਖ ਪੰਥ ਸਿਰਫ਼ ਅਕਾਲ ਪੁਰਖ ਦੇ ਤਖ਼ਤ ਨੂੰ ਹੀ ਕਬੂਲ ਕਰਦਾ ਹੈ ਤੇ ਗੁਰੂ ਨਾਨਕ ਸਾਹਿਬ ਵੱਲੋਂ ਪੇਸ਼ ਫ਼ਲਸਫ਼ੇ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਦੇ ਰੂਪ ਵਿਚ ਤੇ ਦਸਵੇਂ ਪਾਤਿਸ਼ਾਹ ਨੇ ਖਾਲਸਾ ਦੇ ਰੂਪ ਵਿਚ ਪ੍ਰਗਟ ਕੀਤਾ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਅੰਮ੍ਰਿਤਸਰ ਤੋਂ ਚਲੇ ਗਏ ਤਾਂ ਉਹ ਇਸ ਦੀ ਕਾਰਵਾਈ ਨੂੰ ਉੱਥੋਂ ਚਲਾਉਂਦੇ ਰਹੇ ਜਿੱਥੇ ਕਿ ਉਹ ਆਪ ਰਹੇ। ਇਸ ਮਗਰੋਂ ਜਿੱਥੇ ਵੀ ਗੁਰੂ ਸਾਹਿਬ ਰਹੇ ਉਹ ਉੱਥੋਂ ਹੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਚਲਾਉਂਦੇ ਰਹੇ। ਇਹ ਗ਼ਲਤ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ, ਪਟਨਾ ਸਾਹਿਬ, ਤਲਵੰਡੀ ਸਾਬੋ ਅਤੇ ਨੰਦੇੜ ਸਾਹਿਬ ਵਿਚ ਕੋਈ ਵੱਖਰੇ ਤਖ਼ਤ ਕਾਇਮ ਕੀਤੇ। ਤਵਾਰੀਖ਼ ਵਿਚ ਤਾਂ ਸਿਰਫ਼ ਏਨਾ ਜ਼ਿਕਰ ਹੈ ਕਿ ਛੇਵੇਂ ਪਾਤਿਸ਼ਾਹ ਅੰਮ੍ਰਿਤਸਰ, ਡਰੋਲੀ ਭਾਈ, ਕਰਤਾਰਪੁਰ, ਗੋਇੰਦਵਾਲ ਅਤੇ ਕੀਰਤਪੁਰ ਸਾਹਿਬ, ਸਤਵੇਂ ਤੇ ਅਠਵੇਂ ਪਾਤਿਸ਼ਾਹ ਕੀਰਤਪੁਰ ਸਾਹਿਬ, ਨੌਵੇਂ ਪਾਤਿਸ਼ਾਹ ਬਕਾਲਾ, ਪਟਨਾ ਸਾਹਿਬ ਤੇ ਚੱਕ ਨਾਨਕੀ, ਦਸਵੇਂ ਪਾਤਿਸ਼ਾਹ ਚੱਕ ਨਾਨਕੀ, ਪਾਉਂਟਾ, ਅਨੰਦਪੁਰ, ਤਲਵੰਡੀ ਸਾਬੋ ਅਤੇ ਨੰਦੇੜ ਤੋਂ ‘(ਅਕਾਲ) ਤਖ਼ਤ’ ਦੀ ਕਾਰਵਾਈ ਚਲਾਉਂਦੇ ਰਹੇ। ਇਸ ਦਾ ਮਤਲਬ ਇਹ ਹਰਗਿਜ਼ ਨਹੀਂ ਬਣ ਜਾਂਦਾ ਕਿ ਗੁਰੂ ਸਾਹਿਬ ਨੇ ਕੇਸਗੜ੍ਹ ਸਾਹਿਬ, ਪਟਨਾ ਸਾਹਿਬ, ਦਮਦਮਾ ਸਾਹਿਬ (ਤਲਵੰਡੀ ਸਾਬੋ) ਤੇ ਨੰਦੇੜ ਸਾਹਿਬ ਵਿਚ ‘ਨਵੇਂ’ ਤਖ਼ਤ ਕਾਇਮ ਕੀਤੇ ਸਨ। ਜੋ ਇਹ ਗੱਲ ਮੰਨ ਲਈ ਜਾਏ ਤਾਂ ਇਸ ਮੁਤਾਬਿਕ ਡਰੋਲੀ ਭਾਈ, ਕਰਤਾਰਪੁਰ, ਗੋਇੰਦਵਾਲ, ਕੀਰਤਪੁਰ, ਬਕਾਲਾ, ਚੱਕ ਨਾਨਕੀ ਤੇ ਪਾਉਂਟਾ ਸਾਹਿਬ ਵਿਚ ਵੀ ਖਾਲਸਾ ਪੰਥ ਦੇ ਤਖ਼ਤ ਮੰਨੇ ਜਾਣਗੇ।ਅਸੂਲੀ ਤੌਰ ’ਤੇ ਵੀ ਵੇਖਿਆ ਜਾਵੇ ਤਾਂ ਅਕਾਲ ਤਖ਼ਤ ਦੇ ਬਰਾਬਰ ਕੋਈ ਤਖ਼ਤ ਹੋ ਹੀ ਨਹੀਂ ਸਕਦਾ। ਉਸ ਤਖ਼ਤ ਦੇ ਬਰਾਬਰ ਤਾਂ ਕੀ ਉਸ ਤੋਂ ਘੱਟ ਤਾਕਤ ਜਾਂ ਨਾਮ-ਨਿਹਾਦ ਤਾਕਤ ਵਾਲਾ ਤਖ਼ਤ ਵੀ ਨਹੀਂ ਹੋ ਸਕਦਾ ਕਿਉਂਕਿ ਅਕਾਲ ਪੁਰਖ ਦੇ ਬਰਾਬਰ ਦੀ ਜਾਂ ਉਸ ਦੇ ਮੁਕਾਬਲੇ ਵਿਚ ਕੋਈ ਵੀ ਹਸਤੀ ਨਹੀਂ ਹੋ ਸਕਦੀ। ਇਸ ਕਰ ਕੇ, ਦਰਅਸਲ, ਸਿੱਖਾਂ ਦਾ ਇਕੋ-ਇਕ ਤਖ਼ਤ ਹੈ ਤੇ ਉਹ ਹੈ ਅਕਾਲ ਤਖ਼ਤ ਸਾਹਿਬ; ਅਤੇ ਅਕਾਲ ਤਖ਼ਤ ਸਾਹਿਬ ਇਕ ਈਮਾਰਤ ਨਹੀਂ ਫ਼ਲਸਫ਼ਾ ਹੈ।ਜੇ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਤਖ਼ਤ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ 1635 ਤੋਂ 1920 ਤਕ, ਸਾਰਾ ਸਮਾਂ ਵਿਚ ਤਖ਼ਤ ਖ਼ਾਲੀ ਸੀ ? ਜਿੱਥੇ ਗੁਰੁ ਉਥੇ ਤਖ਼ਤ; ਹੁਣ ਦੇਹਧਾਰੀ ਗੁਰੂ ਨਹੀਂ ਤੇ ਹੁਣ ਦੁਨਆਿਵੀ ਕਿਸਮ ਦਾ ਤਖ਼ਤ ਵੀ ਕੋਈ ਨਹੀਂ। ਹੁਣ ਜਿੱਥੇ ਗੁਰੂ ਗ੍ਰੰਥ ਸਾਹਿਬ ਬਿਰਾਜਮਾਨ ਹੈ ਉਹੀ ਤਖ਼ਤ ਹੈ।
ਤਖ਼ਤਾਂ ਦੇ ਅਖੌਤੀ ਜਥੇਦਾਰ ਤਾਂ ਪੁਜਾਰੀ ਹਨ ਅਤੇ ਇਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਨੌਕਰ ਹਨ। ਇਨ੍ਹਾਂ ਨੌਕਰਾਂ ਦੀ ਆਪਣੀ ਔਕਾਤ ਕੋਈ ਨਹੀਂ। ਪ੍ਰਧਾਨ ਦੀ ਮਰਜ਼ੀ ਹੈ ਜਦ ਮਰਜ਼ੀ ਇਨ੍ਹਾਂ ਨੂੰ ਮੁਅੱਤਲ ਕਰ ਦੇਵੇ ਜਾਂ ਕੱਢ ਦੇਵੇ। ਕਿਰਪਾਲ ਸਿੰਘ, ਜਸਬੀਰ ਸਿੰਘ ਰੋਡੇ, ਭਾਈ ਰਣਜੀਤ ਸਿੰਘ, ਪੂਰਨ ਸਿੰਘ, ਮਨਜੀਤ ਸਿੰਘ ਕੇਸਗੜ੍ਹ ਵਾਲਾ, ਵਗ਼ੈਰਾ ਸਾਰਿਆਂ ਨੂੰ ਕੱਢਿਆ ਸੀ।ਵੇਦਾਂਤੀ ਨੂੰ ਤਾਂ ਚੂਪੇ ਅੰਬ ਦੀ ਗਿਟਕ ਵਾਂਙ ਵਰਤ ਕੇ ਸੁੱਟ ਦਿਤਾ ਸੀ। ਕੀ ਇਹ ਪੰਥ ਤੋਂ ਪੁੱਛ ਕੇ ਕੱਢਿਆ ਸੀ। ਸਿੱਖ ਰਹਿਤ ਮਰਿਆਦਾ, ਗੁਰਦੁਆਰਾ ਐਕਟ, ਸਿੱਖ ਤਵਾਰੀਖ਼, ਸਿੱਖ ਫ਼ਸਲਫ਼ਾ ਵਿਚ ਕਿਸੇ ਅਖੌਤੀ ‘ਜਥੇਦਾਰ’ ਦਾ ਕੋਈ ਵਜੂਦ ਨਹੀਂ। ਇਸ ਸਾਰਾ ਫ਼ਰਾਡ 1979 ਵਿਚ ਸ਼ੁਰੂ ਹੋਇਆ ਸੀ ਤੋਂ ਮਗਰੋਂ 1986 ਵਿਚ ਬੁਰਛਾਗਰਦੀ ਦੇ ਦੌਰ ਵਿਚ ਇਸ ਹਊਆ ਕਿਸਮ ਦੇ ਨਕਲੀ ਅਹੁਦੇ ਨੇ ਤਾਕਤ ਫੜੀ ਤੇ 1999 ਵਿਚ ਬਾਦਲ ਦੇ ਹੱਥ ਆਉਣ ਮਗਰੋਂ ਇਹ ਧਾਰਮਿਕ ਮਾਫ਼ੀਆ ਸੈਂਟਰ ਬਣ ਗਿਆ। ਸਿੱਖਾਂ ਦੇ ਅੱਧੇ ਮਸਲੇ ਇਹ ਜਾਅਲੀ ਤੇ ਨਕਲੀ ਅਹੁਦੇ ਨੇ ਪੈਦਾ ਕੀਤੇ ਹਨ।
tusi v sahi kaih raihe ho singh saabji