ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਵਿਚਕਾਰ ਕਰਵਾਈ ਗਈ ਇੰਟਰ ਜੀ.ਐਚ.ਪੀ.ਐਸ. ਅਥਲੈਟਿਕ ਮੀਟ ਦਾ ਅੱਜ ਸਮਾਪਨ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਵੱਲੋਂ ਕਰਨ ਵੇਲ੍ਹੇ ਜੇਤੂ ਖਿਡਾਰੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੀਆਂ ਲਗਭਗ 11 ਬ੍ਰਾਂਚਾਂ ਦੇ 700 ਤੋਂ ਵੱਧ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ‘ਚ ਹਿੱਸਾ ਲਿਆ। ਨਵੀਂ ਕਮੇਟੀ ਦੇ ਪ੍ਰਬੰਧ ਸੰਭਾਲਣ ਤੋਂ ਬਾਅਦ ਬੱਚਿਆਂ ਨੂੰ ਵਿਦਿਆ ਦੇਣ ਦੇ ਨਾਲ ਹੀ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਕਰਵਾਏ ਜਾ ਰਹੇ ਇਨ੍ਹਾਂ ਮੁਕਾਬਲਿਆਂ ਨੂੰ ਕਾਮਯਾਬ ਦੱਸਦੇ ਹੋਏ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਬੀਤੇ ਦਿਨੀ ਕੌਮੀ ਪੱਧਰ ਤੇ ਖੇਡਕੇ ਆਏ 30 ਵਿਦਿਆਰਥੀਆਂ ਦੀ ਪੂਰੀ ਫ਼ੀਸ ਮਾਫ਼ ਕਰਨ ਦੀ ਵੀ ਇਸ ਮੌਕੇ ਜਾਣਕਾਰੀ ਦਿੱਤੀ।
ਸੁਖਦੇਵ ਸਿੰਘ ਢੀਂਡਸਾ ਵੱਲੋਂ ਇਸ ਮੌਕੇ ਚੰਗੇ ਖਿਡਾਰੀਆਂ ਨੂੰ ਪੂਰੀ ਖੇਡ ਸੁਵਿਧਾਵਾਂ ਦੇਣ ਦੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਰਨਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਸਲਾਹ ਵੀ ਦਿੱਤੀ ਗਈ, ਜਿਸ ਤੇ ਪ੍ਰਬੰਧਕਾਂ ਵੱਲੋਂ ਹਾਂ ਪੱਖੀ ਰਵਿਆ ਦਿਖਾਉਂਦੇ ਹੋੇਏ ਪੂਰੀ ਸੁਵਿਧਾਵਾਂ ਦੇਣ ਦਾ ਭਰੋਸਾ ਦਿੱਤਾ ਗਿਆ। ਜੇਤੂ ਖਿਡਾਰੀਆਂ ਨੂੰ ਮੁੱਖ ਮਹਿਮਾਨ ਢੀਂਡਸਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ, ਮੀਤ ਪ੍ਰਧਾਨ ਤਨਵੰਤ ਸਿੰਘ, ਦਿੱਲੀ ਕਮੇਟੀ ਮੈਂਬਰ ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਰਾਣਾ, ਹਰਦੇਵ ਸਿੰਘ ਧਨੋਆ, ਪਰਮਜੀਤ ਸਿੰਘ ਚੰਢੋਕ, ਦਰਸ਼ਨ ਸਿੰਘ ਅਤੇ ਖੇਡ ਡਾਇਰੈਕਟਰ ਸਵਰਨਜੀਤ ਸਿੰਘ ਬਰਾੜ ਤੇ ਗੁਰਮੀਤ ਸਿੰਘ ਫੈਡਰੇਸ਼ਨ ਵੱਲੋਂ ਢੀਂਡਸਾ ਨੂੰ ਫੁੱਲਾਂ ਦਾ ਗੁਲਦਸਤਾ, ਸਿਰੋਪਾ, ਸ਼ਾਲ ਅਤੇ ਸ੍ਰੀ ਸਾਹਿਬ ਦੇ ਕੇ ਜੀ ਆਇਆ ਕਿਹਾ ਗਿਆ।