ਇਸਲਾਮਾਬਾਦ – ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁੱਖੀ ਇਮਰਾਨ ਖਾਨ ਨੇ ਕਿਹਾ ਹੈ ਕਿ ਜਦੋਂ ਤੱਕ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਅਸਤੀਫਾ ਨਹੀਂ ਦੇ ਦਿੰਦੇ ਤੱਦ ਤੱਕ ਉਨ੍ਹਾਂ ਵੱਲੋਂ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ।
ਇਮਰਨ ਖਾਨ ਨੇ ਇਸਲਾਮਾਬਾਦ ਦੇ ਆਬਪਾਰਾ ਦੇ ਏਰੀਏ ਵਿੱਚ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ਓਧਰ ਧਾਰਮਿਕ ਨੇਤਾ ਤਾਹਿਰਉਲ ਕਾਦਰੀ ਨੇ ਵੀ ਨਵਾਜ਼ ਸ਼ਰੀਫ਼ ਨੂੰ ਪ੍ਰਧਾਨਮੰਤਰੀ ਦਾ ਅਹੁਦਾ ਛੱਡਣ ਲਈ 48 ਘੰਟੇ ਦਾ ਸਮਾਂ ਦਿੱਤਾ ਹੈ। ਦੋਵਾਂ ਨੇਤਾਵਾਂ ਨੇ ਲਾਹੌਰ ਤੋਂ ਆਪਣੀਆਂ ਰੈਲੀਆਂ ਸ਼ੁਰੂ ਕੀਤੀਆਂ ਸਨ। ਇਮਰਾਨ ਦਾ ਕਹਿਣਾ ਹੈ ਕਿ ਪ੍ਰਧਾਨਮੰਤਰੀ ਵੱਲੋਂ ਅਸਤੀਫ਼ਾ ਨਾਂ ਦੇਣ ਦੀ ਸੂਰਤ ਵਿੱਚ ਉਹ ਪ੍ਰਧਾਨਮੰਤਰੀ ਨਿਵਾਸ ਤੱਕ ਮਾਰਚ ਕਰਨਗੇ। ਉਨ੍ਹਾਂ ਨੇ ਕਿਹਾ, “ਫਾਈਨਲ ਮੈਚ ਐਤਵਾਰ ਨੂੰ ਤਿੰਨ ਵਜੇ ਸ਼ੁਰੂ ਹੋਵੇਗਾ।” ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਧਾਨਮੰਤਰੀ ਨੂੰ ਪਿਆਰ ਨਾਲ ਕਹਿ ਰਹੇ ਹਾਂ ਕਿ ਉਹ ਅਸਤੀਫ਼ਾ ਦੇ ਦੇਣ ਨਹੀਂ ਤਾਂ ‘ਸੁਨਾਮੀ’ ਪ੍ਰਧਾਨਮੰਤਰੀ ਨਿਵਾਸ ਤੱਕ ਵੀ ਆ ਸਕਦਾ ਹੈ। ਜਿਕਰਯੋਗ ਹੈ ਕਿ ਪਾਕਿਸਤਾਨੀ ਪ੍ਰਧਾਨਮੰਤਰੀ ਤੇ ਵਿਰੋਧੀ ਧਿਰ ਵੱਲੋਂ ਪਿੱਛਲੇ ਸਾਲ ਹੋਈਆਂ ਚੋਣਾਂ ਦੌਰਾਨ ਧਾਂਧਲੀ ਕੀਤੇ ਜਾਣ ਦੇ ਆਰੋਪ ਲਗ ਰਹੇ ਹਨ।