ਅੰਮਿ੍ਰਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸੰਘ ਮੁਖੀ ਮੋਹਨ ਭਾਗਵਤ ਵੱਲੋਂ ਘੱਟ ਗਿਣਤੀ ਕੌਮਾਂ ਖਿਲਾਫ ਦਿੱਤੇ ਜਾ ਰਹੇ ਬਿਆਨਾਂ ਨੂੰ ਬਹੁ-ਧਰਮੀ ਦੇਸ਼ ਭਾਰਤ ਦੀ ਤੌਹੀਨ ਕਰਨ ਵਾਲਾ ਕਰਾਰ ਦਿੱਤਾ ਹੈ।
ਇਥੋਂ ਜਾਰੀ ਪ੍ਰੈੱਸ ਬਿਆਨ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਭਾਰਤ ਬਹੁ-ਧਰਮੀ ਦੇਸ਼ ਹੈ।ਇਸ ਵਿੱਚ ਰਹਿਣ ਵਾਲੇ ਹਰੇਕ ਨਾਗਰਿਕ ਨੂੰ ਆਪਣੇ-ਆਪਣੇ ਧਰਮ ਵਿੱਚ ਰਹਿਣ ਦਾ ਪੂਰਾ–ਪੂਰਾ ਹੱਕ ਹੈ, ਪਰ ਪਿਛਲੇ ਕੁਝ ਦਿਨਾਂ ਤੋਂ ਸੰਘ ਮੁਖੀ ਭਾਗਵਤ ਵੱਲੋਂ ਘੱਟ ਗਿਣਤੀ ਕੌਮਾਂ ਨੂੰ ਹਿੰਦੂ ਮਤ ਵਿੱਚ ਨਿਗਲਣ ਵਾਲੇ ਬਿਆਨ ਦੇਣਾ ਪੂਰੀ ਤਰ੍ਹਾਂ ਗੈਰ-ਵਾਜਬ ਹਨ ਤੇ ਅਜਿਹੇ ਬਿਆਨ ਦੇਸ਼ ਦੀ ਸ਼ਾਂਤੀ ਨੂੰ ਲਾਬੂ ਲਾਉਣ ਵਾਲੇ ਹਨ।ਭਾਗਵਤ ਨੂੰ ਅਜਿਹੇ ਬਿਆਨ ਦੇਣ ਤੋਂ ਗੁਰੇਜ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਗਵਤ ਨੇ ਸ਼ਾਇਦ ਬਾਕੀ ਧਰਮਾਂ ਦਾ ਇਤਿਹਾਸ ਪੜਿ੍ਹਆ ਨਹੀਂ, ਜੇਕਰ ਪੜਿ੍ਹਆ ਹੋਵੇ ਤਾਂ ਉਹ ਅਜਿਹੀ ਗਲਤੀ ਨਾ ਕਰੇ।
ਉਨ੍ਹਾਂ ਕਿਹਾ ਕਿ ਭਾਰਤ ਦੇਸ਼ ਨੂੰ ਕੇਵਲ ਹਿੰਦੂਆਂ ਦੀ ਸੰਪਤੀ ਦੱਸਣ ਦੀ ਭਾਗਵਤ ਕੋਸ਼ਿਸ਼ ਕਰ ਰਿਹਾ ਹੈ ਕਦੇ ਇਸ ਦਾ ਹੀ ਇਤਿਹਾਸ ਪੜ੍ਹ ਕੇ ਵੇਖ ਲਵੇ ਕਿ ਇਸ ਨੂੰ ਆਜ਼ਾਦ ਕਰਵਾਉਣ ਲਈ ਉਸ ਦੇ ਪਰਿਵਾਰ ਦੀ ਕੀ ਕੁਰਬਾਨੀ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ 80 ਫੀਸਦੀ ਤੋਂ ਵੀ ਵੱਧ ਕੁਰਬਾਨੀਆਂ ਘੱਟ ਗਿਣਤੀ ਸਿੱਖਾਂ ਦੇ ਹਿੱਸੇ ਆਈਆਂ ਹਨ ਤੇ ਅੱਜ ਵੀ ਆਪਣੇ ਦੇਸ਼ ਲਈ ਸਿੱਖ, ਦੁਸ਼ਮਣ ਫੌਜ ਦੇ ਸਾਹਮਣੇ ਬਾਰਡਰ ਤੇ ਸੀਨਾ ਤਾਣ ਕੇ ਖੜੇ ਹਨ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਖ, ਮੁਸਲਮਾਨ, ਰਾਜਪੂਤ, ਈਸਾਈ ਤੇ ਹੋਰ ਬਹੁਤ ਸਾਰੇ ਧਰਮ ਹਨ ਤੇ ਸਾਰੇ ਹੀ ਆਪਣੀ-ਆਪਣੀ ਜਗ੍ਹਾ ਤੇ ਸਤਿਕਾਰਯੋਗ ਹਨ।ਹਰੇਕ ਧਰਮ ਦੇ ਲੋਕਾਂ ਨੇ ਦੇਸ਼ ਦੀ ਆਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ ਹੈ ਤੇ ਹਰ ਧਰਮੀ ਮਨੁੱਖ ਦਾ ਆਪਣੇ ਦੇਸ਼ ਤੇ ਬਰਾਬਰ ਦਾ ਹੱਕ ਹੈ।ਪ੍ਰੰਤੂ ਭਾਗਵਤ ਪਿਛਲੇ ਕੁਝ ਸਮੇਂ ਤੋਂ ਦੇਸ਼ ਦੀ ਸ਼ਾਂਤੀ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕਰ ਰਿਹਾ ਹੈ।ਇਸ ਲਈ ਦੇਸ਼ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਵਿਅਕਤੀ ਨੂੰ ਨੱਥ ਪਾਵੇ।