ਨਵੀਂ ਦਿੱਲੀ- 22 ਅਗੱਸਤ ਸ਼ੁਕਰਵਾਰ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਤੇ ਕੇਂਦਰ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਗ੍ਰਹਿ ਵਿਭਾਗ ਦੇ ਇਤਰਾਜ਼ ਤੋਂ ਬਾਅਦ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਇਸ ਫਿਲਮ ਤੇ ਪਾਬੰਦੀ ਲਗਾ ਦਿੱਤੀ ਹੈ। ਵਿਦੇਸ਼ਾਂ ਵਿੱਚ ਇਹ ਫਿਲਮ ਪਹਿਲਾਂ ਤੋਂ ਹੀ ਵਿਖਾਈ ਜਾ ਰਹੀ ਹੈ।
ਇਹ ਫਿ਼ਲਮ ‘ਕੌਮ ਦੇ ਹੀਰੇ’ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਭਾਈ ਸਤਵੰਤ ਸਿੰਘ ਅਤੇ ਭਾਈ ਬੇਅੰਤ ਸਿੰਘ ਤੇ ਬਣਾਈ ਗਈ ਹੈ। ਇਸ ਦੀ ਕਹਾਣੀ ਅਪਰੇਸ਼ਨ ਬਲਿਊ ਸਟਾਰ ਤੋਂ ਸ਼ੁਰੂ ਹੁੰਦੀ ਹੈ ਅਤੇ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਦੀ ਫਾਂਸੀ ਤੇ ਸਮਾਪਤ ਹੁੰਦੀ ਹੈ। ਗ੍ਰਹਿ ਵਿਭਾਗ ਨੇ ਸੂਚਨਾ ਅਤੇ ਪਰਸਾਰਣ ਵਿਭਾਗ ਨੂੰ ਕਿਹਾ ਸੀ ਕਿ ਇਸ ਫਿ਼ਲਮ ਵਿੱਚ ਕੁਝ ਸਮਗਰੀ ਬੇਹੱਦ ਇਤਰਾਜ਼ਯੋਗ ਹੈ ਜਿਸ ਨਾਲ ਸੰਪਰਦਾਇਕ ਤਣਾਅ ਪੈਦਾ ਹੋ ਸਕਦਾ ਹੈ। ਇਸ ਫਿਲਮ ਨੂੰ ਪਿੱਛਲੇ ਕੁਝ ਸਮੇਂ ਤੋਂ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੈਂਸਰ ਬੋਰਡ ਦੁਆਰਾ ਦੱਸੇ ਗਏ ਕੁਝ ਕੱਟ ਮਨਜੂਰ ਕਰ ਲੈਣ ਤੋਂ ਬਾਅਦ ਇਸ ਨੂੰ ਰਿਲੀਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਸੀ। ਇਸ ਗੱਲ ਦੀ ਵੀ ਚਰਚਾ ਹੈ ਕਿ ਇਸ ਫਿ਼ਲਮ ਨੂੰ ਮਨਜੂਰੀ ਦੇਣ ਲਈ ਸੈਂਸਰ ਬੋਰਡ ਨੇ ਰਿਸ਼ਵਤ ਲਈ ਸੀ।