ਨਿਊਆਰਕ: ਬੀਤੇ ਦਿਨੀ ਵਿਪਸਾਅ ( ਵਿਸ਼ਵ ਪੰਜਾਬੀ ਸਾਹਿਤ ਅਕੈਡਮੀ) ਵਲੋਂ ਪੰਜਾਬੀ ਗ਼ਜ਼ਲ ਦੇ ਚਰਚਿਤ ਸ਼ਾਇਰ ਸੁਰਿੰਦਰ ਸੀਰਤ ਦੀ ਨਵੀਂ ਕਿਤਾਬ “ਅਰੂਪੇ ਅੱਖਰਾਂ ਦਾ ਅਕਸ” ਦਾ ਲੋਕ ਅਰਪਣ ਕੀਤਾ ਗਿਆ ਜਿਸ ਵਿਚ ਅਕੈਡਮੀ ਦੇ ਜਨਰਲ ਸਕੱਤਰ ਕੁਲਵਿੰਦਰ ਨੇ ਪ੍ਰਧਾਨਗੀ ਮੰਡਲ ਲਈ ਡਾ. ਗੁਰੂਮੇਲ ਸਿੱਧੂ, ਸੁਰਿੰਦਰ ਸੀਰਤ, ਜਸਪਾਲ ਸੂਸ ਅਤੇ ਅਕੈਡਮੀ ਦੇ ਚੇਅਰਮੈਨ ਸੁਖਵਿੰਦਰ ਕੰਬੋਜ ਨੂੰ ਅਮੰਤ੍ਰਿਤ ਕੀਤਾ। ਉਪਰੰਤ ਸਭ ਤੋਂ ਪਹਿਲਾ ਪਰਚਾ ਕਮਲ ਦੇਵ ਪਾਲ ਨੇ ਸੁਰਿੰਦਰ ਸੀਰਤ ਦੀ ਪੁਸਤਕ ਉਪਰ ਪੜਦਿਆਂ ਉਸਦੇ ਵਿਸ਼ੇ ਵਸਤੂ ਅਤੇ ਰੂਪ ਉਪਰ ਭਰਵੀਂ ਚਰਚਾ ਕੀਤੀ। ਉਸ ਨੇ ਕਿਹਾ ਕਿ ਸੁਰਿੰਦਰ ਸੀਰਤ ਪਰਪੱਕ, ਜਦੀਦ ਅਤੇ ਪੁਖਤਾ ਗ਼ਜ਼ਲ ਕਹਿੰਦਾ ਹੈ ਅਤੇ ਗ਼ਜ਼ਲ ਦੀ ਦੁਨੀਆਂ ਵਿਚ ਸੁਰਿੰਦਰ ਸਿੰਘ ਸੀਰਤ ਦਾ ਨਾਮ ਪੋਟਿਆਂ ਦੀ ਗਿਣਤੀ ਵਿਚ ਨਹੀਂ ਬਲਕਿ ਹੱਥ ਦੀਆਂ ਉੰਗਲਾ ਦੀ ਗਿਣਤੀ ਵਿਚ ਸ਼ਾਮਿਲ ਹੈ। ਉਪਰੰਤ ਸੁਖਵਿੰਦਰ ਕੰਬੋਜ ਨੇ ਬੋਲਦਿਆਂ ਕਿਹਾ ਕਿ ਸੁਰਿੰਦਰ ਸੀਰਤ ਦੀਆਂ ਗ਼ਜ਼ਲਾਂ ਪ੍ਰਾਪਤ ਯਥਾਰਥ ਦਾ ਵਿਰੋਧ ਕਰਦੀਆਂ ਹੋਈਆਂ ਸਮੇ ਦੇ ਸੱਚ ਨੂੰ ਰੂਪਮਾਨ ਕਰਦੀਆਂ ਹਨ। ਡਾ. ਗੁਰੂਮੇਲ ਸਿੱਧੂ ਨੇ ਆਪਣੇ ਪਰਚੇ ਵਿਚ ਸੁਰਿੰਦਰ ਸੀਰਤ ਦੀ ਸਿਫਤ ਕਰਦਿਆਂ ਕਿਹਾ ਕਿ ਸੀਰਤ ਵਧਾਈ ਦਾ ਹਕਦਾਰ ਹੈ ਇਸ ਨੇ ਸ਼ੁਰੂ ਤੋਂ ਲੈ ਕੇ ਅਖੀਰ ਤਕ ਗ਼ਜ਼ਲ ਦੇ ਰੂਪ ਤੇ ਵਸਤੂ ਨੂੰ ਨਵੀਆਂ ਬੁਲੰਦੀਆਂ ‘ਤੇ ਪੁਚਾਇਆ ਹੈ ਅਤੇ ਇਕ ਉਸਤਾਦ ਗ਼ਜ਼ਲਕਾਰ ਹੋਣ ਦਾ ਸਬੂਤ ਦਿੱਤਾ ਹੈ। ਕੁਲਵਿੰਦਰ ਨੇ ਟਿਪਣੀ ਕਰਦਿਆਂ ਕਿਹਾ ਕਿ ਸੁਰਿੰਦਰ ਸੀਰਤ ਦੀ ਗ਼ਜ਼ਲ ਸ਼ੈਲੀ ਵਿਲੱਖਣ ਹੈ ਜਿਸ ਕਾਰਨ ਉਹ ਗ਼ਜ਼ਲ ਸੰਸਾਰ ਵਿਚ ਆਪਣੀ ਵਖਰੀ ਪਹਿਚਾਣ ਕਾਇਮ ਕਰਨ ਵਿਚ ਸਫਲ ਹੋਇਆ ਹੈ। ਅਕੈਡਮੀ ਦੇ ਵਾਈਸ ਚੇਅਰਮੈਨ ਮੇਜਰ ਭੁਪਿੰਦਰ ਦਲੇਰ ਨੇ ਬੋਲਦਿਆਂ ਕਿਹਾ ਕਿ ਸੀਰਤ ਨੇ ਖੂਬਸੂਰਤ ਗ਼ਜ਼ਲਾਂ ਲਿਖੀਆਂ ਹਨ ਜਿਸ ਲਈ ਉਹ ਵਧਾਈ ਦਾ ਹਕਦਾਰ ਹੈ। ਹਰਜਿੰਦਰ ਕੰਗ ਨੇ ਕਿਤਾਬ ਉਪਰ ਬੋਲਦਿਆਂ ਕਿਹਾ ਕਿ ਸੁਰਿੰਦਰ ਸੀਰਤ ਦੀ ਗ਼ਜ਼ਲ ਦਾ ਸਫਰ ਹਮੇਸ਼ਾਂ ਹੀ ਵਿਕਾਸ ਮੁੱਖ ਵਲ ਵਧਦਾ ਰਿਹਾ ਹੈ। ਨੀਲਮ ਸੈਣੀ ਨੇ ਆਪਣੇ ਪਰਚੇ ਵਿਚ ਵਧਾਈ ਦਿੰਦਿਆਂ ਜਿਹਾ ਕਿ ਉਹ ਉਚੀ ਸੋਚ ਸਮਝ ਅਤੇ ਰੂਪਕਾਰੀ ਦਾ ਵੱਡਾ ਸ਼ਾਇਰ ਹੈ। ਅਸ਼ੋਕ ਭੌਰਾ ਨੇ ਬੋਲਦਿਆਂ ਕਿਹਾ ਕਿ ਸੁਰਿੰਦਰ ਸੀਰਤ ਖੂਬਸੂਰਤ ਗ਼ਜ਼ਲ ਕਹਿੰਦਾ ਹੈ ਅਤੇ ਉਸ ਨੇ ਹਮੇਸ਼ਾਂ ਹੀ ਮੈਨੂੰ ਪ੍ਰਭਾਵਿਤ ਕੀਤਾ ਹੈ। ਅੰਤ ਵਿਚ ਸੁਰਿੰਦਰ ਸੀਰਤ ਨੇ ਸਾਰੇ ਸਜਣਾ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਅਜ ਦੇ ਪ੍ਰਗਰਾਮ ਵਾਰੇ ਅਤਿਅੰਤ ਖੁਸ਼ੀ ਪ੍ਰਪਾਤ ਕਰ ਰਿਹਾ ਹੈ ਕਿ ਉਸ ਦੀ ਪੁਸਤਕ ਵਾਰੇ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਨੇ ਭਰਵੀਂ ਚਰਚਾ ਕੀਤੀ ਹੈ। ਇਸ ਪ੍ਰੋਗਾਮ ਵਿਚ ਸੁਰਿੰਦਰ ਸੀਰਤ ਨੇ ਤਰੰਨਮ ਵਿਚ ਆਪਣੀਆਂ ਗ਼ਜ਼ਲਾਂ ਪੇਸ਼ ਕੀਤੀਆਂ। ਪ੍ਰਸਿਧ ਗਾਇਕ ਸੁਖਦੇਵ ਸਾਹਿਲ ਨੇ ਸੀਰਤ ਦੀਆਂ ਗ਼ਜ਼ਲਾਂ ਦਾ ਬਾਖੂਬੀ ਗਾਇਨ ਕੀਤਾ ਅਤੇ ਸਿੱਧ ਕਰ ਦਿਤਾ ਕਿ ਚੰਗੇ ਸੰਗੀਤ ਅਤੇ ਸੁਰ ਨਾਲ ਸ਼ਬਦਾਂ ਵਿਚ ਲੁਕੇ ਮਾਇਨੇ ਕਿਵੇਂ ਭਾਵਪੂਰਤ ਹੋ ਸਕਦੇ ਹਨ। ਇਹਨਾ ਤੋਂ ਇਲਾਵਾ ਨਿਊਆਰਕ ਦੇ ਮਹਿਰਾਨ ਰੈਸਟੋਰੈਂਟ ਵਿਚ ਨਾਮਵਰ ਲੇਖਕ ਸ਼ਾਮਿਲ ਹੋਏ ਜਿਹਨਾ ਵਿਚ ਸ਼ਸ਼ੀ ਸਮੁੰਦਰਾ, ਤਾਰਾ ਸਾਗਰ, ਹਰਭਜਨ ਢਿਲੋਂ, ਹਿੰਦੀ ਕਵਿਤਰੀ ਅਰਚਨਾ ਪਾਂਡੇ, ਅਵਤਾਰ ਗੌਦਾਰਾ, ਹਰਜਿੰਦਰ ਪੰਡੇਰ ਆਦਿ ਪ੍ਰਮੁੱਖ ਸਨ। ਪ੍ਰੋਗਰਾਮ ਦੇ ਅੰਤ ਵਿਚ ਕਵਿਤਰੀ ਸ਼ਸ਼ੀ ਸਮੁੰਦਰਾ, ਅਰਚਨਾ ਪਾਂਡੇ, ਜੋਤੀ ਸਿੰਘ ਅਤੇ ਨੀਲਮ ਸੈਣੀ ਨੇ ਆਪਣੀਆਂ ਨਵੀਆਂ ਕਵਿਤਾਵਾਂ ਪੇਸ਼ ਕੀਤੀਆਂ। ਪੰਜਾਬੀ ਪ੍ਰੇਮੀਆਂ ਅਤੇ ਵਿਪਸਾਅ ਦੇ ਮੈਬਰਾਂ ਲਈ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।