ਨਵੀਂ ਦਿੱਲੀ- ਭਾਜਪਾ ਵੱਲੋਂ ਆਪਣੇ ਸੀਨੀਅਰ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਨੂੰ ਪਾਰਟੀ ਦੇ ਸੰਸਦੀ ਬੋਰਡ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਬੀਜੇਪੀ ਦੇ ਇਸ ਫੈਂਸਲੇ ਤੇ ਕਾਂਗਰਸ ਨੇ ਚੁਟਕੀ ਲੈਂਦੇ ਹੋਏ ਕਿਹਾ ਹੈ ਕਿ ਬੀਜੇਪੀ ਆਪਣੀ ਪਾਰਟੀ ਦੇ ਸੰਸਥਾਪਕ ਬਜ਼ੁਰਗ ਮੈਂਬਰਾਂ ਨੂੰ ਬ੍ਰਿਧ ਆਸ਼ਰਮ ਭੇਜਣ ਦੀ ਤਿਆਰੀ ਵਿੱਚ ਹੈ। ਇਨ੍ਹਾਂ ਦੇ ਮਾਰਗ ਦਰਸ਼ਕ ਹੁਣ ਮੂਕਦਰਸ਼ਕ ਬਣ ਕੇ ਰਹਿ ਗਏ ਹਨ।
ਕਾਂਗਰਸੀ ਨੇਤਾਵਾਂ ਦਾ ਕਹਿਣਾ ਹੈ ਕਿ ਭਾਜਪਾ ਲਈ ਵਿਕਾਸ ਦਾ ਅਰਥ ਕੇਵਲ ਸਾਰੀ ਪਾਵਰ ਇੱਕ ਵਿਅਕਤੀ ਦੇ ਹੱਥ ਵਿੱਚ ਸੌਂਪਣਾ ਹੈ। ਬੀਜੇਪੀ ਦੇ ਨਵੇਂ ਮਾਰਗ ਦਰਸ਼ਕ ਮੰਡਲ ਤੇ ਵਿਅੰਗ ਕਸਦੇ ਹੋਏ ਰਾਸਿ਼ਦ ਅਲਵੀ ਨੇ ਕਿਹਾ ਕਿ ਇਹ ਮੂਕ ਦਰਸ਼ਕ ਮੰਡਲ ਹੈ। ਉਨ੍ਹਾਂ ਅਨੁਸਾਰ ਇਹ ਇੱਕ ਬ੍ਰਿਧ ਆਸ਼ਰਮ ਦੀ ਤਰ੍ਹਾਂ ਹੈ, ਜਿੱਥੇ ਬੈਠ ਕੇ ਅਡਵਾਨੀ ਅਤੇ ਜੋਸ਼ੀ ਪਾਰਟੀ ਦੀਆਂ ਗੱਤੀਵਿਧੀਆਂ ਨੂੰ ਚੱਪਚਾਪ ਵੇਖਣਗੇ। ਉਨ੍ਹਾਂ ਕਿਹਾ ਕਿ ਸੱਭ ਜਾਣਦੇ ਹਨ ਕਿ ਇਨ੍ਹਾਂ ਬਜ਼ੁਰਗਾਂ ਨੂੰ ਹੁਣ ਕਿਨਾਰੇ ਲਗਾ ਦਿੱਤਾ ਗਿਆ ਹੈ। ਬੀਜੇਪੀ ਨੇਤਾ ਸੀਪੀ ਠਾਕੁਰ ਅਨੁਸਾਰ ਇਹ ਬਦਲਾਅ ਦੀ ਇੱਕ ਆਮ ਪ੍ਰਕਿਰਿਆ ਹੈ। ਇਹ ਪਾਰਟੀ ਦਾ ਫੈਂਸਲਾ ਹੈ, ਇਸ ਸਬੰਧੀ ਕੁਝ ਵੀ ਕਹਿਣਾ ਉਚਿਤ ਨਹੀਂ ਹੈ।