ਨਵੀਂ ਦਿੱਲੀ- ਉਤਰਪ੍ਰਦੇਸ਼ ਦੇ ਗੋਰਖਪੁਰ ਤੋਂ ਬੀਜੇਪੀ ਸੰਸਦ ਮੈਂਬਰ ਯੋਗੀ ਆਦਿਤਿਯਨਾਥ ਦਾ ਇੱਕ ਸਨਸਨੀਖੇਜ਼ ਵੀਡੀਓ ਸਾਰੇ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਵੀਡੀਓ ਵਿੱਚ ਯੋਗੀ ਆਪਣੇ ਸਮਰਥੱਕਾਂ ਨੂੰ ਕਹਿ ਰਹੇ ਹਨ ਕਿ ਜੇ ਮੁਸਲਮਾਨ ਇੱਕ ਹਿੰਦੂ ਲੜਕੀ ਦਾ ਧਰਮ ਬਦਲਾਉਣਗੇ ਤਾਂ ਅਸੀਂ 100 ਮੁਸਲਮਾਨ ਲੜਕੀਆਂ ਦਾ ਧਰਮ ਪ੍ਰੀਵਰਤਣ ਕਰਾਵਾਂਗੇ। ਇਹ ਵੀਡੀਓ 5 ਸਾਲ ਪੁਰਾਣੀ ਦੱਸੀ ਜਾ ਰਹੀ ਹੈ। ਯੋਗੀ ਨੇ ਇਸ ਵੀਡੀਓ ਸਬੰਧੀ ਕੋਈ ਵੀ ਟਿਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਵੀਡੀਓ ਵਿੱਚ ਯੋਗੀ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹਿ ਰਹੇ ਹਨ, ‘ਉਤਰਪ੍ਰਦੇਸ਼ ਹਾਈ ਕੋਰਟ ਦੇ ਆਦੇਸ਼ ਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ ਹੈ।ਹਾਈ ਕੋਰਟ ਨੇ ਪੁੱਛਿਆ ਸੀ ਕਿ ਹਿੰਦੂ ਲੜਕੀਆਂ ਮੁਸਲਿਮ ਲੜਕਿਆਂ ਨਾਲ ਵਿਆਹ ਕਿਉਂ ਕਰਵਾ ਰਹੀਆਂ ਹਨ। ਉਤਰਪ੍ਰਦੇਸ਼ ਸਰਕਾਰ ਇਸ ਤੇ ਕੋਈ ਫੈਂਸਲਾ ਨਹੀਂ ਲੈ ਪਾਈ। ਗੋਰਖਪੁਰ ਦੇ ਇੱਕ ਨੌਜਵਾਨ ਨੇ ਕੋਰਟ ਦੇ ਇਸ ਆਦੇਸ਼ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਸੀ ਕਿ ਗੋਰਖਪੁਰ ਵਿੱਚ ਮੁਸਲਮਾਨ ਲੜਕੀਆਂ ਹਿੰਦੂ ਪਰੀਵਾਰਾਂ ਵਿੱਚ ਸ਼ਾਦੀ ਕਰ ਰਹੀਆਂ ਹਨ।’
ਆਦਿਤਿਯਨਾਥ ਇਸ ਤੋਂ ਅੱਗੇ ਕਹਿੰਦੇ ਹਨ, ‘ ਅਗਰ ਕੋਈ ਵਾਪਿਸ ਹਿੰਦੂ ਬਣਨਾ ਚਾਹੇ ਤਾਂ ਅਸੀਂ ਇਹ ਸਵੀਕਾਰ ਕਰਦੇ ਹਾਂ। ਇਸ ਨਾਲ ਨਵੀਂ ਜਾਤ ਦੀ ਪੈਦਾਇਸ਼ ਹੋਵੇਗੀ। ਅਗਰ ਉਹ ਇੱਕ ਹਿੰਦੂ ਬਾਲਿਕਾ ਨੂੰ ਲੈ ਜਾਣਗੇ ਤਾਂ ਬਦਲੇ ਵਿੱਚ ਅਸੀ ਘੱਟ ਤੋਂ ਘੱਟ ਮੁਸਲਮਾਨਾਂ ਦੀਆਂ 100 ਬਾਲਿਕਾਵਾਂ ਨੂੰ ਲੈ ਕੇ ਆਂਵਾਂਗੇ।’ ਕਿਹਾ ਜਾ ਰਿਹਾ ਹੈ ਕਿ ਇਹ ਭਾਸ਼ਣ ਯੋਗੀ ਨੇ 2009 ਦੀਆਂ ਚੋਣਾਂ ਦੌਰਾਨ ਆਜਮਗੜ੍ਹ ਤੋਂ ਬੀਜੇਪੀ ਉਮੀਦਵਾਰ ਰਮਾਕਾਂਤ ਯਾਦਵ ਦੀ ਚੋਣਸਭਾ ਵਿੱਚ ਦਿੱਤਾ ਸੀ। ਯੋਗੀ ਤੇ ਪਹਿਲਾਂ ਵੀ ਸੰਪਰਦਾਇਕ ਤਣਾਅ ਫੈਲਾਉਣ ਦੇ ਆਰੋਪ ਲਗਾਏ ਜਾਂਦੇ ਰਹੇ ਹਨ।