ਬੇਰੂਤ – ਇਸਲਾਮਿਕ ਸਟੇਟ (ਆਈਐਸ) ਅੱਤਵਾਦੀਆਂ ਨੇ ਵਹਿਸ਼ੀਪਣ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਹੋਏ 250 ਦੇ ਕਰੀਬ ਸੀਰੀਆਈ ਸੈਨਿਕਾਂ ਦੀ ਹੱਤਿਆ ਕਰ ਦਿੱਤੀ ਹੈ। ਹਾਲ ਹੀ ਵਿੱਚ ਜਾਰੀ ਕੀਤੀ ਗਈ ਵੀਡੀਓ ਤੋਂ ਇਸ ਦੀ ਪੁਸ਼ਟੀ ਹੋ ਗਈ ਹੈ। ਸਾਰੇ ਸੈਨਿਕਾਂ ਨੂੰ ਫਾਂਸੀ ਦੇ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਸੀਰੀਆ ਵਿੱਚ ਕੰਮ ਕਰ ਰਹੀ ਇੱਕ ਮਨੁੱਖੀ ਅਧਿਕਾਰ ਸੰਸਥਾ ਨੇ ਇਸ ਘਟਨਾ ਦਾ ਖੁਲਾਸਾ ਕੀਤਾ ਹੈ।
ਸੀਰੀਆ ਦੇ ਉਤਰ-ਪੂਰਬ ਇਲਾਕੇ ਤੱਬਕਾ ਵਿੱਚ ਸਥਿਤ ਸੈਨਿਕ ਹਵਾਈ ਅੱਡੇ ਤੇ ਪਿੱਛਲੇ ਦਿਨੀਂ ਅੱਤਵਾਦੀਆਂ ਨੇ ਹਮਲਾ ਕੀਤਾ ਸੀ। ਉਥੇ ਤੈਨਾਤ ਸੈਨਿਕਾਂ ਅਤੇ ਅਧਿਕਾਰੀਆਂ ਨੂੰ ਅੱਤਵਦੀਆਂ ਨੇ ਬੰਧਕ ਬਣਾ ਲਿਆ ਸੀ। ਆਈਐਸ ਦਹਿਸ਼ਤਗਰਦਾਂ ਨੇ ਬੁੱਧਵਾਰ ਰਾਤ ਅਤੇ ਵੀਰਵਾਰ ਦੀ ਸਵੇਰ ਦੇ ਦਰਮਿਆਨ ਬੰਧਕ ਬਣਾਏ ਗਏ ਸੀਰੀਆਈ ਸੈਨਿਕਾਂ ਨੂੰ ਬਹੁਤ ਹੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ।ਵੀਡੀਓ ਵਿੱਚ ਸੈਨਿਕਾਂ ਨੂੰ ਅੱਧਨੰਗੀ ਹਾਲਤ ਵਿੱਚ ਜਮੀਨ ਤੇ ਮਰੇ ਹੋਏ ਵਿਖਾਇਆ ਗਿਆ ਹੈ। ਮਾਰੇ ਗਏ ਸੈਨਿਕਾਂ ਦੀ ਸੰਖਿਆ 250 ਦੇ ਕਰੀਬ ਦੱਸੀ ਜਾ ਰਹੀ ਹੈ। ਹਮਲੇ ਦੇ ਦੌਰਾਨ ਤੱਬਕਾ ਹਵਾਈ ਅੱਡੇ ਤੇ 1500 ਸੈਨਿਕ ਮੌਜੂਦ ਸਨ।ਉਨ੍ਹਾਂ ਵਿੱਚੋਂ ਕੁਝ ਭੱਜਣ ਵਿੱਚ ਕਾਮਯਾਬ ਹੋ ਗਏ ਸਨ।