ਚੰਡੀਗੜ੍ਹ – “ਸਾਬਕਾ ਡੀ.ਜੀ.ਪੀ. ਪੰਜਾਬ ਸ੍ਰੀ ਪੀ.ਐਸ. ਗਿੱਲ ਵੱਲੋ ਘੱਟ ਗਿਣਤੀ ਕੌਮਾਂ ਵਿਰੋਧੀ ਮੁਤੱਸਵੀ ਜਮਾਤ ਭਾਜਪਾ, ਜਿਸ ਨਾਲ ਸ. ਬਾਦਲ ਦਾ ਆਪਣਾ ਵੀ ਪਤੀ-ਪਤਨੀ ਵਾਲਾ ਰਿਸਤਾ ਹੈ, ਵਿਚ ਚਲੇ ਜਾਣ ਦੇ ਅਮਲ ਉਤੇ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਡੂੰਘਾਂ ਦੁੱਖ ਹੋਇਆ ਹੈ ਅਤੇ ਜਿਵੇ ਪਾਣੀ ਤੋ ਬਿਨ੍ਹਾਂ ਮੱਛਲੀ ਤੜਫਦੀ ਹੈ, ਉਸ ਤਰ੍ਹਾਂ ਆਤਮਿਕ ਤੌਰ ਤੇ ਤੜਫ ਰਹੇ ਹਨ । ਪਰ ਸ. ਬਾਦਲ ਅਜਿਹਾ ਦੁੱਖ ਮਹਿਸੂਸ ਕਰਨ ਤੋ ਪਹਿਲੇ ਇਹ ਭੁੱਲ ਜਾਂਦੇ ਹਨ ਕਿ “ਜਦੋ ਜ਼ਹਾਜ ਡੁੱਬਣ ਲੱਗਦਾ ਹੈ ਤਾਂ ਸਭ ਤੋ ਪਹਿਲੇ ਚੂਹੇ ਛਾਲਾਂ ਮਾਰਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਾਦਲ ਵੱਲੋ ਸ੍ਰੀ ਗਿੱਲ ਦੇ ਬੀਜੇਪੀ ਵਿਚ ਚਲੇ ਜਾਣ ਉਤੇ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਿਨ੍ਹਾਂ ਪੁਲਿਸ ਜਾਂ ਸਿਵਲ ਅਫ਼ਸਰਸ਼ਾਹੀ ਨੇ ਬੀਤੇ ਸਮੇਂ ਵਿਚ ਜਾਂ ਅਜੋਕੇ ਸਮੇਂ ਵਿਚ ਸਿੱਖ ਕੌਮ ਨਾਲ ਜ਼ਬਰ-ਜੁਲਮ ਕੀਤੇ ਹਨ, ਜਿਨ੍ਹਾਂ ਦੇ ਹੱਥ ਸਿੱਖ ਨੌਜ਼ਵਾਨੀ ਦੇ ਖੂਨ ਨਾਲ ਰੰਗੇ ਹੋਏ ਹਨ, ਅਜਿਹੇ ਕਾਤਲਾਂ, ਜ਼ਬਰ-ਜ਼ਨਾਹ ਅਤੇ ਹੋਰ ਗੈਰ ਕਾਨੂੰਨੀ ਧੰਦੇ ਕਰਨ ਵਾਲੀ ਅਫ਼ਸਰਸ਼ਾਹੀ ਅਤੇ ਸਿਆਸਤਦਾਨਾਂ ਨੂੰ ਸਿੱਖ ਕੌਮ ਨਾਲ ਸੰਬੰਧਤ ਕੋਈ ਵੀ ਸੰਗਠਨ ਜਾਂ ਪਾਰਟੀ ਝੱਲ ਨਹੀਂ ਸਕਦੀ ਸਿਵਾਏ ਬਾਦਲ ਦਲੀਆਂ ਤੋ ਜਾਂ ਕਾਂਗਰਸ ਤੇ ਬੀਜੇਪੀ ਤੋ । ਕਿਉਂਕਿ ਉਹ ਸਿੱਖ ਕੌਮ ਦੀ ਨਜ਼ਰ ਵਿਚ ਕਾਤਲ ਤੇ ਮੁਜ਼ਰਿਮ ਹਨ। ਅਜਿਹੇ ਕਾਤਲਾਂ ਨੂੰ ਕਾਤਲ ਜਮਾਤਾਂ ਹੀ ਨਿਵਾਜ਼ ਦੀਆਂ ਹਨ । ਬੀਜੇਪੀ ਜਾਂ ਕਾਂਗਰਸ ਦੇ ਘੁਰਨੇ ਵਿਚ ਛੁਪਕੇ ਹੀ ਅਜਿਹੇ ਲੋਕ ਆਪਣੇ ਸਵਾਸਾਂ ਦੀ ਗਿਣਤੀ ਨੂੰ ਵਧਾ ਸਕਦੇ ਹਨ । ਉਹਨਾਂ ਕਿਹਾ ਕਿ ਇਕ ਪੀ.ਐਸ. ਗਿੱਲ ਹੀ ਨਹੀ, ਬਲਕਿ ਰੀਬੇਰੋ, ਕੇ.ਪੀ.ਐਸ. ਗਿੱਲ, ਇਜ਼ਹਾਰ ਆਲਮ, ਸੁਮੇਧ ਸੈਣੀ ਵਰਗੇ ਸਿੱਖ ਕੌਮ ਦੇ ਕਾਤਲ ਜਿਨ੍ਹਾਂ ਨੂੰ ਸ. ਬਾਦਲ ਨੇ ਸਰਨ ਦਿੱਤੀ ਹੋਈ ਹੈ, ਇਹ ਵੀ ਆਖਿਰ ਬੀਜੇਪੀ ਜਾਂ ਕਾਂਗਰਸ ਵਿਚ ਹੀ ਜਾਣਗੇ । ਸਰ ਛੋਟੂ ਰਾਮ ਜਿਨ੍ਹਾਂ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਲਈ ਆਪਣਾ ਜੀਵਨ ਲਗਾਇਆ, ਉਹਨਾਂ ਦਾ ਖਾਨਦਾਨ ਦਾ ਅੰਸ ਵਰਿੰਦਰ ਸਿੰਘ, ਪਟਨਾ ਸਾਹਿਬ ਦੇ ਜਥੇਦਾਰ ਇਕਬਾਲ ਸਿੰਘ ਅਤੇ ਪੀ.ਐਸ. ਗਿੱਲ ਵੱਲੋ ਬੀਜੇਪੀ ਵਿਚ ਚਲੇ ਜਾਣ ਦਾ ਵਰਤਾਰਾ ਸਪੱਸਟ ਕਰਦਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਦਾ ਸਿਆਸੀ ਜ਼ਹਾਜ ਡੁੱਬ ਰਿਹਾ ਹੈ । ਇਸ ਵਿਚ ਸਵਾਰ ਸਿਆਸੀ ਤੇ ਮਾਲੀ ਸਵਾਰਥਾਂ ਦੀ ਸੋਚ ਵਾਲੇ ਚੂਹੇ ਹੁਣ ਬੀਜੇਪੀ ਜਾਂ ਕਾਂਗਰਸ ਵਿਚ ਹੀ ਭੱਜਣਗੇ ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਦਲੀਆਂ ਨੂੰ ਖ਼ਬਰਦਾਰ ਤੇ ਸੁਚੇਤ ਕਰਦਾ ਹੈ ਕਿ ਉਹ ਸਿੱਖੀ ਸੋਚ, ਮਰਿਯਾਦਾਵਾਂ ਅਤੇ ਅਸੂਲਾਂ ਦਾ ਨਿੱਤ ਦਿਹਾੜੇ ਘਾਣ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਐਸ.ਜੀ.ਪੀ.ਸੀ, ਡੀ.ਜੀ.ਪੀ.ਸੀ. ਆਦਿ ਵਰਗੀਆਂ ਮਹਾਨ ਸਿੱਖੀ ਸੰਸਥਾਵਾਂ ਦੀ ਦੁਰਵਰਤੋ ਕਰਨ ਤੋ ਤੋਬਾ ਕਰਕੇ ਕੌਮੀ ਮੰਜਿ਼ਲ ਖ਼ਾਲਿਸਤਾਨ ਅਤੇ ਸਿੱਖੀ ਸੋਚ ਤੇ ਪਹਿਰਾ ਦੇ ਕੇ ਹੀ ਆਪਣੇ ਡੁੱਬਦੇ ਜਾ ਰਹੇ ਸਿਆਸੀ ਜ਼ਹਾਜ ਨੂੰ ਬਚਾਅ ਸਕਦੇ ਹਨ, ਵਰਨਾ ਹੋਰ ਕੋਈ ਵੀ ਪੈਤੜਾਂ ਜਾਂ ਸਤਰੰਜ਼ੀ ਚਾਲ ਸ. ਬਾਦਲ ਦੇ ਸਿਆਸੀ ਬੇੜ੍ਹੇ ਨੂੰ ਡੁੱਬਣ ਤੋਂ ਨਹੀਂ ਬਚਾਅ ਸਕੇਗੀ । ਕਿਉਂਕਿ ਗੁਰਮੀਤ ਸਿੰਘ ਪਿੰਕੀ ਕਾਤਲ ਪੁਲਿਸ ਅਧਿਕਾਰੀ ਨੂੰ ਜੇਲ੍ਹ ਤੋ ਰਿਹਾਅ ਕਰਨਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਨ ਵਾਲੇ ਸਿਰਸੇ ਵਾਲੇ ਸਾਧ ਵਿਰੁੱਧ ਧਾਰਾ 295 ਅਧੀਨ ਚੱਲ ਰਹੇ ਕੇਸ ਨੂੰ ਵਾਪਿਸ ਲੈਕੇ ਉਸ ਨੂੰ ਬਰੀ ਕਰਵਾਉਣਾ, ਜਸਪਾਲ ਸਿੰਘ ਚੌੜ ਸਿਧਵਾਂ ਅਤੇ ਦਰਸ਼ਨ ਸਿੰਘ ਲੋਹਾਰਾ ਦੇ ਕਾਤਲਾਂ ਨੂੰ ਅੱਜ ਤੱਕ ਗ੍ਰਿਫ਼ਤਾਰ ਨਾ ਕਰਨਾ, ਸ. ਪ੍ਰਭਜੋਤ ਸਿੰਘ ਬਟਾਲਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਨਾ ਕਰਨਾ, ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਬਚਨ ਕਰਕੇ ਮੁਨਕਰ ਹੋ ਜਾਣਾ, ਸਿੱਖ ਕੌਮ ਦੇ ਕਾਤਲ ਸੁਮੇਧ ਸੈਣੀ ਵਰਗੇ ਅਫ਼ਸਰਾਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਲਗਾਉਣਾ, ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਤੋ ਭੱਜ ਜਾਣਾ, ਫ਼ੌਜ ਵਿਚ ਸਿੱਖ ਕੌਮ ਦੀ ਭਰਤੀ ਦੇ 30% ਕੋਟੇ ਨੂੰ ਸੈਟਰਲ ਹਕੂਮਤ ਤੋ ਪੂਰਾ ਨਾ ਕਰਵਾਉਣਾ, ਪੰਜਾਬ ਦੇ ਕੀਮਤੀ ਪਾਣੀਆਂ ਨੂੰ ਹਿੰਦ ਦੇ ਦਰਿਆਵਾਂ ਨਾਲ ਜੋੜਨ ਦੀ ਪ੍ਰਵਾਨਗੀ ਦੇ ਕੇ ਪੰਜਾਬੀਆਂ ਨਾਲ ਧੋਖਾ ਕਰਨਾ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆ ਨੂੰ ਪੰਜਾਬ ਵਿਚ ਸ਼ਾਮਿਲ ਨਾ ਕਰਵਾਉਣਾ, ਪੰਜਾਬ ਦੇ ਹੈੱਡਵਰਕਸਾਂ ਦਾ ਪੂਰਨ ਕੰਟਰੋਲ ਜਾਣ-ਬੁੱਝਕੇ ਨਾ ਲੈਣਾ, ਗੁਰੂਘਰਾਂ ਅਤੇ ਧਾਰਮਿਕ ਸੰਸਥਾਵਾਂ ਵਿਚ ਆਰ.ਐਸ.ਐਸ. ਅਤੇ ਬੀਜੇਪੀ ਦੇ ਦਖ਼ਲ ਨੂੰ ਖੁਦ ਸੱਦਾ ਦੇਣਾ, ਹਰਸਿਮਰਤ ਕੌਰ ਬਾਦਲ ਨੂੰ ਛੋਟੀ ਜਿਹੀ ਵਜ਼ੀਰੀ ਦਿਵਾਉਣ ਲਈ ਦਿੱਲੀ ਦੇ ਹੁਕਮਰਾਨਾਂ ਦੀਆਂ ਦੇਹਲੀਆਂ ਚੱਟਣਾ, ਫ਼ਰਾਂਸ ਦਾ ਦਸਤਾਰ ਅਤੇ ਹੋਰ ਮੁਲਕਾਂ ਵਿਚ ਸਿੱਖੀ ਚਿੰਨ੍ਹਾਂ ਦੀ ਹਿਫਾਜ਼ਤ ਲਈ ਜਿ਼ੰਮੇਵਾਰੀ ਨਾ ਨਿਭਾਉਣਾ, ਬਾਹਰਲੇ ਮੁਲਕਾਂ ਵਿਚ ਸਿੱਖਾਂ ਦੇ ਹੋ ਰਹੇ ਕਤਲਾਂ ਲਈ ਕੋਈ ਅਮਲੀ ਕਦਮ ਨਾ ਉਠਾਉਣਾ ਆਦਿ ਕਾਰਨਾਂ ਦੀ ਬਦੌਲਤ ਹੁਣ ਇਸ ਬੇੜੀ ਨੂੰ ਡੁੱਬਣ ਤੋ ਕੋਈ ਵੀ ਨਹੀਂ ਬਚਾਅ ਸਕੇਗਾ । ਜੋ ਸਿਆਸੀ ਰੂਪੀ ਚੂਹੇ ਛਾਲਾਂ ਮਾਰ ਰਹੇ ਹਨ, ਇਹ ਇਸ ਬੇੜ੍ਹੀ ਦੇ ਡੁੱਬਣ ਦੀ ਪ੍ਰਤੱਖ ਨਿਸ਼ਾਨੀ ਹੈ ।