ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਅਤੇ ਕੇਂਦਰੀ ਆਲੂ ਖੋਜ ਅਦਾਰਾ, ਸ਼ਿਮਲਾ ਵਿਚਾਲੇ ਇਕ ਇਕਰਾਰਨਾਮੇ ਤੇ ਦਸਤਖਤ ਕੀਤੇ ਗਏ। ਇਹ ਇਕਰਾਰਨਾਮੇ ਤੇ ਦਸਤਖਤ ਯੂਨੀਵਰਸਿਟੀ ਦੇ ਮੋਹਾਲੀ ਵਿਖੇ ਸਥਿਤ ਦਫ਼ਤਰ ਵਿੱਚ ਕੀਤੇ ਗਏ। ਯੂਨੀਵਰਸਿਟੀ ਵੱਲੋਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਜਦ ਕਿ ਅਦਾਰੇ ਵੱਲੋਂ ਇਸ ਇਕਰਾਰਨਾਮੇ ਤੇ ਦਸਤਖਤ ਡਾ: ਵੀਰ ਪਾਲ ਸਿੰਘ ਨੇ ਕੀਤੇ। ਇਸ ਮੌਕੇ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਦੇ ਡਿਪਟੀ ਡਾਇਰੈਕਟਰ ਜਨਰਲ ਡਾ: ਐਨ ਕੇ ਕ੍ਰਿਸ਼ਨਾ ਕੁਮਾਰ, ਵਿੱਤ ਕਮਿਸ਼ਨਰ (ਵਿਕਾਸ), ਪੰਜਾਬ ਸ਼੍ਰੀ ਸੁਰੇਸ਼ ਕੁਮਾਰ, ਨਿਰਦੇਸ਼ਕ ਬਾਗਬਾਨੀ ਪੰਜਾਬ ਡਾ: ਲਾਜਵਿੰਦਰ ਸਿੰਘ ਬਰਾੜ, ਨਿਰਦੇਸ਼ਕ ਬਾਗਬਾਨੀ ਮਿਸ਼ਨ ਪੰਜਾਬ ਡਾ: ਗੁਰਕੰਵਲ ਸਿੰਘ, ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋਸਲ ਤੋਂ ਇਲਾਵਾ ਹੋਰ ਨਾਮੀ ਸਖਸ਼ੀਅਤਾਂ ਮੌਜੂਦ ਸਨ।
ਇਸ ਮੌਕੇ ਡਾ: ਢਿੱਲੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਕਰਾਰਨਾਮੇ ਨਾਲ ਆਲੂ ਦੀ ਪੈਦਾਵਾਰ ਸੰਬੰਧੀ ਕੀਤੇ ਜਾ ਰਹੇ ਖੋਜ ਕਾਰਜਾਂ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਇਕਰਾਰਨਾਮੇ ਤਹਿਤ ਬਰੀਡਰ ਸੀਡ ਦੀ ਜ਼ਿਆਦਾ ਪੈਦਾਵਾਰ ਹੋ ਸਕੇਗੀ ਜਿਸ ਤੋਂ ਵੱਧ ਤੋਂ ਮਿਆਰੀ ਬੀਜ ਤਿਆਰ ਹੋ ਸਕੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਅਸੀਂ ਖੇਤੀ ਵਿਭਿੰਨਤਾ ਵਾਲੇ ਪਾਸੇ ਵੀ ਆਪਣੇ ਪੈਰ ਪਸਾਰ ਸਕਾਂਗੇ। ਡਾ: ਵੀਰ ਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਇਕਰਾਰਨਾਮੇ ਨਾਲ ਆਲੂ ਦੀ ਫ਼ਸਲ ਹੋਰ ਲਾਭਕਾਰੀ ਸਿੱਧ ਹੋਵੇਗੀ ਅਤੇ ਇਸ ਸੰਬੰਧੀ ਖੋਜ ਕਾਰਜਾਂ ਨੂੰ ਪ੍ਰਵਾਨ ਚੜਾਉਣ ਲਈ ਨਵੀਂ ਵਿਉਂਤਬੰਦੀ ਇਕ ਅਹਿਮ ਸਥਾਨ ਸਿੱਧ ਹੋਵੇਗੀ। ਸ਼੍ਰੀ ਸੁਰੇਸ਼ ਕੁਮਾਰ ਨੇ ਇਸ ਮੌਕੇ ਕਿਹਾ ਕਿ ਇਸ ਇਕਰਾਰਨਾਮੇ ਨਾਲ ਬੀਜ ਦੀ ਉਪਲਬੱਧਤਾ ਅਤੇ ਖਪਤ ਵਿੱਚ ਪਾਏ ਜਾਣ ਵਾਲਾ ਪਾੜਾ ਖਤਮ ਕੀਤਾ ਜਾ ਸਕੇਗਾ। ਉਨ੍ਹਾਂ ਆਸ ਜਿਤਾਈ ਕਿ ਭਵਿੱਖ ਵਿੱਚ ਦੂਜੇ ਦੇਸ਼ਾਂ ਨੂੰ ਆਲੂ ਦਾ ਬੀਜ ਨਿਰਯਾਤ ਕਰਨਾ ਸੰਭਵ ਹੋ ਸਕੇਗਾ। ਇਸ ਮੌਕੇ ਡਾ: ਗੋਸਲ ਨੇ ਦੱਸਿਆ ਕਿ ਅਦਾਰੇ ਵੱਲੋਂ ਵਾਇਰਸ ਮੁਕਤ ਬੀਜ ਅਤੇ ਸਿਖਲਾਈ ਪੀ ਏ ਯੂ ਦੇ ਵਿਗਿਆਨੀਆਂ ਨੂੰ ਪ੍ਰਦਾਨ ਕੀਤੀ ਜਾਵੇਗੀ ਜਿਸ ਨੂੰ ਯੂਨੀਵਰਸਿਟੀ ਅਤੇ ਬਾਗਬਾਨੀ ਵਿਭਾਗ ਵੱਲੋਂ ਵੱਡੀ ਗਿਣਤੀ ਵਿੱਚ ਵਧਾਇਆ ਜਾਵੇਗਾ। ਡਾ: ਕ੍ਰਿਸ਼ਨਾ ਕੁਮਾਰ ਨੇ ਕਿਹਾ ਕਿ ਖੇਤੀ ਵਿੱਚ ਦੂਜੀਆਂ ਲਾਗਤਾਂ ਦਾ ਸੁਚੱਜਾ ਪ੍ਰਯੋਗ ਕਰਨ ਲਈ ਮਿਆਰੀ ਬੀਜ ਇਕ ਅਹਿਮ ਸਥਾਨ ਰੱਖਦਾ ਹੈ।