ਨਵੀ ਦਿੱਲੀ – ਸ੍ਰ ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਥਕ ਸੇਵਾ ਲਹਿਰ ਦੇ ਮੁੱਖੀ ਤੇ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਬਾਬਾ ਬਲਜੀਤ ਸਿੰਘ ਦਾਦੂਵਾਲ ਦੇ ਖਿਲਾਫ ਪੰਜਾਬ ਸਰਕਾਰ ਵੱਲੋ ਝੂਠੇ ਕੇਸ ਦਰਜ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਜਾਤੀ ਤੇ ਸਿਆਸੀ ਕਿੱੜਾਂ ਕੱਢਣੀਆ ਕਿਸੇ ਵੀ ਤਰ੍ਹਾਂ ਜਾਇਜ ਨਹੀ ਹਨ।
ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਬਾਬਾ ਦਾਦੂਵਾਲ ਦੇ ਖਿਲਾਫ ਝੂਠੇ ਪਰਚੇ ਦਰਜ ਕਰਨ ਨਾਲ ਭੰਗ ਨਹੀਂ ਹੋ ਸਕਦੀ ਪਰ ਜਿਹੜੀ ਨੀਤੀ ਸ੍ਰ. ਬਾਦਲ ਨੇ ਅਪਨਾਈ ਹੈ ਉਸ ਦਾ ਖਮਿਆਜਾ ਇੱਕ ਨਾਂ ਇੱਕ ਦਿਨ ਜਰੂਰ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਭਾਂਵੇ ਮਾਮਲਾ ਭਾਈ ਰਾਜੋਆਣਾ ਦੀ ਫਾਂਸੀ ਨੂੰ ਰੱਦ ਕਰਾਉਣ ਲਈ ਸ਼ਹੀਦ ਜਸਪਾਲ ਸਿੰਘ ਚੌੜ ਸਿਧਵਾਂ ਨੂੰ ਪੁਲੀਸ ਵੱਲੋਂ ਇੱਕ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਮਾਰਨ ਦਾ ਹੋਵੇ ਜਾਂ ਫਿਰ ਦਰਸ਼ਨ ਸਿੰਘ ਲੁਹਾਰਾ ਨੂੰ ਲੁਧਿਆਣਾ ਵਿਖੇ ਪੰਥ ਵਿਰੋਧੀ ਆਸ਼ੂਤੋਸ਼ ਦੀਆਂ ਪੰਥ ਵਿਰੋਧੀ ਕਰਾਵਾਈਆਂ ਕਰਨ ਸਮੇਂ ਸ਼ਹੀਦ ਕਰਨ ਦਾ ਹੋਵੇ , ਬਾਦਲ ਨੇ ਹਮੇਸ਼ਾਂ ਹੀ ਪੰਥ ਵਿਰੋਧੀਆਂ ਦੀ ਪਿੱਠ ਹੀ ਥਾਪੜੀ ਹੈ।
ਬਾਬਾ ਦਾਦੂਵਾਲ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਦਾਦੂਵਾਲ ਦਾ ਕਸੂਰ ਸਿਰਫ ਇੰਨਾ ਹੀ ਕਿ ਹਰਿਆਣਾ ਸਰਕਾਰ ਨੇ ਉਸ ਨੂੰ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਮੈਂਬਰ ਪਾ ਲਿਆ ਤੇ ਅੱਗੋਂ ਕਮੇਟੀ ਦੇ ਆਹੁਦੇਦਾਰਾਂ ਨੇ ਉਸ ਨੂੰ ਕਾਰਜਕਰਨੀ ਕਮੇਟੀ ਵਿੱਚ ਸ਼ਾਮਲ ਕਰਕੇ ਹਰਿਆਣਾ ਵਿੱਚ ਧਰਮ ਪ੍ਰਚਾਰ ਦਾ ਕਾਰਜ ਸੌਂਪ ਦਿੱਤਾ ਜਿਹੜਾ ਬਾਦਲਾਂ ਨੂੰ ਸੇਹ ਦੇ ਤਕਲੇ ਵਾਂਗ ਰੜਕਣ ਲੱਗ ਪਿਆ। ਉਹਨਾਂ ਕਿਹਾ ਕਿ ਧਰਮ ਦਾ ਪ੍ਰਚਾਰ ਤੇ ਸਿੱਖੀ ਦਾ ਵਿਕਾਸ ਕਰਨ ਵਾਲੇ ਬਾਬਾ ਦਾਦੂਵਾਲ ਨੂੰ ਗ੍ਰਿਫਤਾਰ ਇਸ ਕਰਕੇ ਕੀਤਾ ਗਿਆ ਕਿਉਂਕਿ ਉਹ ਬਾਦਲਾਂ ਦੀ ਅਧੀਨਗੀ ਸਵੀਕਾਰ ਕਰਨ ਲਈ ਤਿਆਰ ਨਹੀਂ ਸੀ। ਉਹਨਾਂ ਕਿਹਾ ਕਿ ਜੇਕਰ ਸਿੱਖੀ ਦੇ ਵਿਕਾਸ ਕਰਨ ਵਾਲਿਆਂ ਦੇ ਖਿਲਾਫ ਝੂਠੇ ਪਰਚੇ ਦਰਜ ਹੀ ਹੋਣੇ ਹਨ ਤਾਂ ਫਿਰ ਇਹ ਸਮਝ ਲੈਣਾ ਚਾਹੀਦਾ ਹੈ ਕਿ ਬਾਦਲ ਜਿਸ ਨੇ 1995 ਵਿੱਚ ਪਹਿਲਾਂ ਅਕਾਲੀ ਦਲ ਦਾ ਮੁਹਾਂਦਰਾ ਵਿਗਾੜ ਕੇ ਇਸ ਨੂੰ ਪੰਜਾਬੀ ਪਾਰਟੀ ਬਣਾ ਦਿੱਤਾ ਤੋਂ ਸਿੱਖੀ ਦੇ ਭਲੇ ਲਈ ਕਦੇ ਵੀ ਆਸ ਨਹੀਂ ਰੱਖੀ ਜਾ ਸਕਦੀ। ਉਹਨਾਂ ਕਿਹਾ ਕਿ ਬਾਬਾ ਦਾਦੂਵਾਲ ਨੂੰ ਜਿਸ ਕੇਸ ਵਿੱਚ ਪਹਿਲਾਂ ਸੰਮਨ ਭੇਜੇ ਗਏ ਸਨ ਉਸ ਕੇਸ ਵਿੱਚ ਮੁੱਖ ਦੋਸ਼ੀ ਸਿਰਸੇ ਸਾਧ ਵਿਰੁੱਧ ਦਰਜ ਕੀਤਾ ਕੇਸ ਬਾਦਲ ਸਰਕਾਰ ਨੇ ਇਹ ਕਹਿ ਕੇ ਵਾਪਸ ਲੈ ਲਿਆ ਸੀ ਕਿ ਅਜਿਹੀ ਕੋਈ ਘਟਨਾ ਵਾਪਰੀ ਹੀ ਨਹੀਂ ਤੇ ਉਹ ਬਰੀ ਹੋ ਗਿਆ। ਸਿਰਸੇ ਵਾਲੇ ਸਾਧ ਨੂੰ ਭਾਂਵੇ ਗੁਰੂ ਗੋਬਿੰਦ ਸਿੰਘ ਦੀ ਪੁਸ਼ਾਕ ਪਾ ਕੇ ਰੂਹ ਆਫਸਾ ਪਿਲਾ ਕੇ ਆਪਣੇ ਚੇਲਿਆਂ ਨੂੰ ਇੰਨਸ਼ਾਂ ਬਣਾਉਣ ਦੀਆਂ ਖਬਰਾਂ ਸਾਰੀਆਂ ਅਖਬਾਰਾਂ ਦਾ ਸਿਰਲੇਖ ਬਣਦੀਆਂ ਰਹੀਆਂ ਹਨ ਜਿਸ ਵਿੱਚੋਂ ਉਹ ਬਰੀ ਹੋ ਗਿਆ ਪਰ ਬਾਬਾ ਦਾਦੂਵਾਲ ਨੂੰ ਪੇਸ਼ ਹੋਣ ਦੇ ਹੁਕਮ ਚਾੜ ਦਿੱਤੇ ਜਦ ਕਿ ਅਦਾਲਤ ਨੇ ਬਾਬਾ ਵਿਰੁੱਧ ਪੰਜਾਬ ਪੁਲੀਸ ਦੀ ਕੋਈ ਵੀ ਸੁਣਵਾਈ ਨਾਂ ਕਰਦਿਆਂ ਬਾਬਾ ਦਾਦੂਵਾਲ ਦੇ ਸੰਮਨ ਨੂੰ ਵੀ ਰੱਦ ਕਰ ਦਿੱਤਾ। ਉਹਨਾਂ ਕਿਹਾ ਕਿ ਜਦੋਂ ਉਸ ਸਾਜਿਸ਼ ਵਿੱਚ ਸਰਕਾਰ ਫੇਲ ਹੋ ਗਈ ਤਾਂ ਬਾਬਾ ਦਾਦੂਵਾਲ ਵਿਰੁੱਧ ਰਾਤ ਸਮੇਂ ਕਰੀਬ ਪੰਜ ਜਿਲ੍ਹਿਆਂ ਦੀ ਪੁਲੀਸ ਲਗਾ ਕੇ ਉਸ ਦੇ ਡੇਰੇ ਵਿੱਚੋ ਇਹ ਕਹਿ ਕੇ ਗ੍ਰਿਫਤਾਰ ਕੀਤਾ ਗਿਆ ਕਿ ਬਾਬਾ ਦਾਦੂਵਾਲ ਕੋਲੋ ਨਜਾਇਜ਼ ਅਸਲਾ ਬਰਾਮਦ ਕੀਤਾ ਹੈ ਜਿਹੜਾ ਅਸਲ ਵਿੱਚ ਸਰਕਾਰ ਕੋਲੋਂ ਬਾਬੇ ਨੇ ਲਾਸੰਸੀ ਲਿਆ ਹੋਇਆ ਹੈ। ਉਹਨਾਂ ਕਿਹਾ ਕਿ ਇਸ ਕੇਸ ਨਾਲ ਜਦੋਂ ਬਾਦਲਾਂ ਦੀ ਤਸੱਲੀ ਨਾ ਹੋਈ ਤਾਂ ਭੀਖੀ ਥਾਣੇ ਵਿੱਚ ਇੱਕ ਹੋਰ ਕੇਸ ਦਰਜ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਬਾਬਾ ਦਾਦੂਵਾਲ ਤਾਂ ਜੇਲ੍ਹ ਵਿੱਚ ਜਰੂਰ ਚਲਾ ਗਿਆ ਤੇ ਉਸ ਦੀਆਂ ਧਰਮ ਪ੍ਰਚਾਰ ਦੀਆਂ ਸਰਗਰਮੀਆਂ ਵੀ ਸਾਰੀਆਂ ਰੁੱਕ ਗਈਆਂ ਪਰ ਜਿਹੜੀ ਦੁਨੀਆਂ ਭਰ ਵਿੱਚ ਵਿਸ਼ੇਸ਼ ਕਰਕੇ ਸ਼ੋਸ਼ਲ ਮੀਡੀਏ ਤੇ ਦੁਰਦਸ਼ਾ ਬਾਦਲਾਂ ਦੀ ਹੋ ਰਹੀ ਹੈ ਉਹ ਬਾਬੇ ਦਾਦੂਵਾਲ ਨੂੰ ਜੇਲ ਭੇਜਣ ਨਾਲੋ ਕਈ ਗੁਣਾਂ ਵੱਧ ਬੇਇੱਜਤੀ ਵਾਲੀ ਹੈ। ਉਹਨਾਂ ਕਿਹਾ ਕਿ ਜੇਕਰ ਬਾਦਲ ਵਿੱਚ ਬਦਲਾ ਲਊ ਭਾਵਨਾ ਨਾਂ ਹੁੰਦੀ ਤਾਂ ਸਾਕਾ ਨੀਲਾ ਤਾਰਾ ਨਾਂ ਹੁੰਦਾ ਕਿਉਂਕਿ 1975 ਵਿੱਚ ਤੱਤਕਾਲੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਅਕਾਲੀਆਂ ਨੂੰ ਕਿਹਾ ਸੀ ਕਿ ਉਹ ਮੋਰਚੇ ਨਾ ਲਗਾਉਣ ਉਹ ਅਕਾਲੀਆਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਨ ਨੂੰ ਤਿਆਰ ਹੈ ਪਰ ਬਾਦਲ ਨੇ ਸਿਰਫ ਇਸ ਕਰਕੇ ਇੰਦਰਾ ਗਾਂਧੀ ਦੇ ਖਿਲਾਫ ਮੋਰਚਾ ਲਗਾ ਦਿੱਤਾ ਕਿਉਂਕਿ 1970 ਵਿੱਚ ਬਾਕੀ ਕਾਂਗਰਸ ਵਿਰੋਧੀ ਸਰਕਾਰਾਂ ਦੇ ਨਾਲ ਹੀ ਪੰਜਾਬ ਵਿਚਲੀ ਬਾਦਲ ਦੀ ਅਕਾਲੀ ਸਰਕਾਰ ਨੂੰ ਵੀ ਬਰਖਾਸਤ ਕਰ ਦਿੱਤਾ ਗਿਆ। ਅਕਾਲੀਆਂ ਨੇ ਐਮਰਜੈਸੀ ਵਿੱਚ ਮੋਰਚਾ ਲਗਾ ਕੇ ਜੇਲ੍ਹਾਂ ਭਰ ਦਿੱਤੀਆਂ ਤਾਂ ਉਸੇ ਦਿਨ ਹੀ ਸਿੱਖ ਬੁੱਧੀਜੀਵੀਆਂ ਨੇ ਚਿੰਤਾ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਸੀ ਕਿ ਅਕਾਲੀਆਂ ਦੀ ਇਸ ਗਲਤੀ ਦਾ ਖਮਿਆਜਾ ਸਾਰੀ ਸਿੱਖ ਕੌਮ ਨੂੰ ਭੁਗਤਣਾ ਪੈ ਸਕਦਾ ਹੈ ਅਤੇ ਬਾਦਲ ਨੇ ਭੜਕਾਉ ਬਿਆਨ ਦੇ ਕੇ ਸਿੱਖ ਨੌਜਵਾਨਾਂ ਨੂੰ ਤੱਤੇ ਕਰ ਦਿੱਤਾ ਜਿਸ ਕਾਰਨ ਸਾਕਾ ਨੀਲਾ ਤੇ ਉਸ ਤੋਂ ਬਾਅਦ ਕਰੀਬ ਦਸ ਸਾਲ ਪੰਜਾਬ ਦੇ ਲੋਕਾਂ ਨੂੰ ਸੰਤਾਫ ਭੋਗਣਾ ਪਿਆ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਹੁਣ ਵੀ ਬਾਦਲ ਵੱਲੋ ਬਾਬਾ ਦਾਦੂਵਾਲ ਵਰਗੇ ਪੰਥਕ ਰੂਹਾਂ ਨੂੰ ਜੇਲਾਂ ਵਿੱਚ ਡੱਕਣ ਦੀ ਗਲਤੀ ਕੀਤੀ ਜਾ ਰਹੀ ਹੈ ਉਸ ਨਾਲ ਸਿੱਖ ਚਿੰਤਕਾਂ ਵਿੱਚ ਵੱਧ ਰਿਹਾ ਗੁੱਸਾ ਕਿਸੇ ਨਵੇਂ ਸੰਕਟ ਨੂੰ ਜਨਮ ਦੇ ਸਕਦਾ ਹੈ ਜਿਸ ਲਈ ਬਾਦਲ ਤੇ ਉਸਦਾ ਫਰਜੰਦ ਸਿੱਧੇ ਰੂਪ ਵਿੱਚ ਜਿੰਮੇਵਾਰ ਹੋਣਗੇ।