ਇਸਲਾਮਾਬਾਦ- ਪਾਕਿਸਤਾਨ ਵਿੱਚ ਤਹਿਰੀਕ-ਏ-ਇਨਸਾਫ਼ ਦੇ ਮੁੱਖੀ ਅਤੇ ਸਾਬਕਾ ਕ੍ਰਿਕਟਰ ਇਮਰਾਨ ਖਾਨ ਅਤੇ ਧਾਰਮਿਕ ਨੇਤਾ ਤਾਹਿਰ ਉਲ ਕਾਦਰੀ ਵੱਲੋਂ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਪਿੱਛਲੇ ਕੁਝ ਦਿਨਾਂ ਤੋਂ ਜਾਰੀ ਵਿਰੋਧ ਪ੍ਰਦਰਸ਼ਨਾਂ ਨੇ ਐਤਵਾਰ ਤੋਂ ਹਿੰਸਕ ਰੂਪ ਧਾਰਨ ਕਰ ਲਿਆ ਹੈ। ਵਿਖਾਵਾਕਾਰੀਆਂ ਨੇ ਸੰਸਦ ਨੂੰ ਘੇਰ ਰੱਖਿਆ ਹੈ ਅਤੇ ਸੁਰੱਖਿਆ ਦਸਤਿਆਂ ਨਾਲ ਉਨ੍ਹਾਂ ਦੀਆਂ ਝੜਪਾਂ ਜਾਰੀ ਹਨ। ਪਾਕਿਸਤਾਨ ਵਿੱਚ ਮੀਡੀਏ ਤੇ ਵੀ ਪਾਬੰਦੀ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਨੇ ਨਿਊਜ਼ ਚੈਨਲਾਂ ਨੂੰ ਕਿਹਾ ਹੈ ਕਿ ਇਸ ਪ੍ਰਦਰਸ਼ਨ ਦੀ ਕਵਰੇਜ਼ ਅਤੇ ਲਾਈਵ ਟੈਲੀਕਾਸਟ ਨੂੰ ਰੋਕ ਦਿੱਤਾ ਜਾਵੇ।
ਪ੍ਰਦਰਸ਼ਨਕਾਰੀਆਂ ਨੇ ਅੱਜ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਦੇ ਨਿਵਾਸ ਸਥਾਨ ਵਿੱਚ ਜਬਰਦਸਤੀ ਦਾਖਿਲ ਹੋਣ ਦੀ ਕੋਸਿ਼ਸ਼ ਕੀਤੀ ਤਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਤੇ ਰੱਬੜ ਦੀਆਂ ਗੋਲੀਆਂ ਚਲਾਈਆਂ,ਜਿਸ ਨਾਲ 8 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਅਤੇ 425 ਦੇ ਕਰੀਬ ਲੋਕ ਜਖਮੀ ਹੋ ਗਏ ਹਨ। ਜਖਮੀਆਂ ਵਿੱਚ ਵੀ ਕਈ ਲੋਕਾਂ ਦੀ ਹਾਲਤ ਗੰਭੀਰ ਹੈ।
ਹਿੰਸਕ ਘਟਨਾ ਐਤਵਾਰ ਸਵੇਰੇ ਉਸ ਸਮੇਂ ਘਟੀ ਜਦੋਂ 25 ਹਜ਼ਾਰ ਵਿਖਾਵਾਕਾਰੀਆਂ ਨੇ ਸੰਸਦ ਤੋਂ ਪ੍ਰਧਾਨਮੰਤਰੀ ਦੇ ਘਰ ਵੱਲ ਕੂਚ ਕਰ ਦਿੱਤਾ। ਉਨ੍ਹਾਂ ਨੇ ਕਰੇਨ ਨਾਲ ਬੈਰੀਕੇਡ ਹਟਾਉਣ ਦੀ ਕੋਸਿ਼ਸ਼ ਕੀਤੀ। ਇਸ ਦੇ ਜਵਾਬ ਵਿੱਚ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਸ ਨਾਲ ਵਿਰੋਧ ਕਰ ਰਹੇ ਲੋਕਾਂ ਵਿੱਚ ਭੱਗਦੜ ਮੱਚ ਗਈ। ਕੁਝ ਲੋਕ ਮਾਰੇ ਗਏ ਅਤੇ ਬਹੁਤ ਸਾਰੇ ਜਖਮੀ ਹੋ ਗਏ। ਜਖਮੀਆਂ ਵਿੱਚ 35 ਔਰਤਾਂ ਵੀ ਹਨ।ਇਸ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਇਮਰਾਨ ਖਾਨ ਨੇ ਵੀ ਅੱਜ ਨਿਰਣਾਇਕ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ।