ਤਲਵੰਡੀ ਸਾਬੋ – ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ‘ਖੇਡ ਦਿਵਸ’ ਨੂੰ ਧਿਆਨ ਵਿਚ ਰੱਖਦੇ ਹੋਏ ਇਕ ਸੈਮੀਨਾਰ ਆਯੋਜਿਤ ਕਰਨ ਦੇ ਨਾਲ-ਨਾਲ ਹਾਕੀ ਦਾ ਇੰਟਰਾਮਿਊਰਲ ਵੀ ਕਰਵਾਇਆ ਗਿਆ । ਇਸ ਸੈਮੀਨਾਰ ਵਿਚ ਹਾਕੀ ਦੇ ਪ੍ਰਸਿੱਧ ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਗਰੇਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਜ਼ਿਕਰਯੋਗ ਹੈ ਕਿ ਇਹ ‘ਖੇਡ ਦਿਵਸ’ ਮਸ਼ਹੂਰ ਹਾਕੀ ਖਿਡਾਰੀ ਧਿਆਨ ਚੰਦ ਡੋਗਰਾ ਦੇ ਜਨਮ ਦਿਨ ਵਜੋਂ ਮਨਾਇਆ ਜਾਂਦਾ ਹੈ ।
ਹਰਪ੍ਰੀਤ ਸਿੰਘ ਗਰੇਵਾਲ ਨੇ ਆਪਣੇ ਕੁੰਜੀਬੱਧ ਭਾਸ਼ਣ ਵਿਚ ਬੋਲਦੇ ਹੋਏ ਕੁੱਝ ਅਜਿਹੇ ਨੁਕਤੇ ਖਿਡਾਰੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਜੋ ਕਿ ਉਨ੍ਹਾਂ ਨੂੰ ਖੇਡਾਂ ਵਿਚ ਉੱਜਵਲ ਭਵਿੱਖ ਬਣਾਉਣ ਲਈ ਕਾਰਗਾਰ ਸਿੱਧ ਹੋਣਗੇ, ਜਿਸ ਵਿਚ ਵਿਹਲੇ ਸਮੇਂ ਦੀ ਸੁਚੱਜੀ ਵਰਤੋਂ, ਪ੍ਰੈਕਟਿਸ ਸਬੰਧੀ ਕੁੱਝ ਸੁਝਾਉ ਅਤੇ ਟੂਰਨਾਮੈਂਟ ਸਮੇਂ ਖਾਸ ਧਿਆਨ ਰੱਖਣਯੋਗ ਗੱਲਾਂ ਦਾ ਜ਼ਿਕਰ ਰਿਹਾ । ਇਹ ਨੁਸਖੇ ਖਿਡਾਰੀ ਵਿਦਿਆਰਥੀਆਂ ਨੂੰ ਖੇਡ-ਭਾਵਨਾ ਸਹਿਤ ਖੇਡਣ ਵਿਚ ਵੀ ਸਹਿਯੋਗ ਦੇਣਗੇ ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਡਾ. ਤਰਲੋਕ ਸਿੰਘ ਸੰਧੂ (ਡਾਇਰੈਕਟਰ ਸਪੋਰਟਸ) ਅਤੇ ਸਮੂਹ ਫਿਜ਼ੀਕਲ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਯੂਨੀਵਰਸਿਟੀ ਵਿਚ ਸਵੇਰੇ-ਸ਼ਾਮ ਹੋਣ ਵਾਲੀ ਐਕਟੀਵਿਟੀ ਨੂੰ ਵੀ ਵਿਦਿਆਰਥੀਆਂ ਵਿਚ ਧਨਾਤਮਕ ਤਬਦੀਲੀ ਲਿਆਉਣ ਦਾ ਜ਼ਰੀਆ ਦੱਸਿਆ । ਜੋ ਕਿ ਵਿਦਿਆਰਥੀਆਂ ਨੂੰ ਦਿਲੋਂ ਅਨੁਸ਼ਾਸ਼ਨਬੱਧ ਹੋਣ ਵਿਚ ਵੀ ਸਹਾਈ ਸਿੱਧ ਹੋਵੇਗੀ ।
ਮੈਨੇਜਿੰਗ ਡਾਇਰੈਕਟਰ ਸ੍ਰ. ਸੁਖਰਾਜ ਸਿੰਘ ਸਿੱਧੂ ਨੇ ਸਮੁੱਚੇ ਫਿਜ਼ੀਕਲ ਵਿਭਾਗ ਨੂੰ ਮੁਬਾਰਕਵਾਦ ਦਿੰਦਿਆਂ ਕਿਹਾ ਕਿ ਸਮੇਂ-ਸਮੇਂ ‘ਤੇ ਅਜਿਹੇ ਸੈਮੀਨਾਰ ਆਯੋਜਿਤ ਕਰਾਉਣੇ ਅਤੀ ਜ਼ਰੂਰੀ ਹਨ ਤਾਂ ਜੋ ਵਿਦਿਆਰਥੀਆਂ ਦੀ ਸੇਧ ਭਰੀ ਅਗਵਾਈ ਲਈ ਖੇਡਾਂ ਦੇ ਮਹਾਂਰਥੀ ਆਪਣੀ ਅਸਲ ਜ਼ਿੰਦਗੀ ਦੇ ਤਜਰਬੇ ਵਿਦਿਆਰਥੀਆਂ ਨਾਲ ਸਾਂਝੇ ਕਰਨ ।
ਇਸ ਮੌਕੇ ਫਿਜ਼ੀਕਲ ਕਾਲਜ ਦੇ ਵਿਦਿਆਰਥੀਆਂ ਵਿਚਕਾਰ ਹਾਕੀ ਦਾ ਇੰਟਰਾਮਿਊਰਲ ਆਯੋਜਿਤ ਕੀਤਾ ਗਿਆ ਜਿਸ ਦੀ ਸ਼ੁਰੂਆਤ ਬਸਕਟਬਾਲ ਉਲੰਪੀਅਨ ਅਤੇ ਯੂਨੀਵਰਸਿਟੀ ਦੇ ਡਾਇਰੈਕਟਰ ਸਪੋਰਟਸ ਡਾ. ਤਰਲੋਕ ਸਿੰਘ ਸੰਧੂ ਨੇ ਕੀਤੀ । ਇਸ ਇੰਟਰਾਮਿਊਰਲ ਮੈਚ ਵਿਚ ਕੁਲਵਿੰਦਰ ਸਿੰਘ ਨੂੰ ‘ਸਰਵੋਤਮ ਖਿਡਾਰੀ’ ਐਲਾਨਿਆ ਗਿਆ । ਰਜਿਸਟਰਾਰ ਸਤੀਸ਼ ਗੋਸਵਾਮੀ ਨੇ ਧੰਨਵਾਦੀ ਸ਼ਬਦ ਆਏ ਹੋਏ ਬੁੱਧੀਜੀਵੀਆਂ, ਬੁਲਾਰਿਆਂ, ਸਟਾਫ ਅਤੇ ਵਿਦਿਆਰਥੀਆਂ ਦੇ ਸਨਮੁੱਖ ਕੀਤੇ ।
ਹੋਰਨਾਂ ਤੋਂ ਇਲਾਵਾ ਵਿਦਿਆਰਥੀ ਭਲਾਈ ਵਿਭਾਗ ਦੇ ਡੀਨ ਡਾ. ਧਰੁਵ ਰਾਜ ਗੋਦਾਰਾ, ਅਸਟੇਟ ਅਫਸਰ ਹੇਤ ਰਾਮ ਬੱਬਰ, ਪ੍ਰੋ. ਸਤਪਾਲ ਸਿੰਘ, ਪ੍ਰੋ. ਗੁਰਦੀਪ ਸਿੰਘ, ਪ੍ਰੋ. ਸੁਖਦੀਪ ਰਾਣੀ, ਪ੍ਰੋ. ਸੁਰਿੰਦਰ ਕੌਰ ਮਾਹੀ, ਪ੍ਰੋ. ਕੇ.ਪੀ. ਐੱਸ. ਮਾਹੀ, ਹੋਰ ਸਟਾਫ ਅਤੇ ਵਿਦਿਆਰਥੀ ਇਸ ਮੌਕੇ ਹਾਜ਼ਰ ਸਨ ।