ਇਸਲਾਮਾਬਾਦ- ਪਾਕਿਸਤਾਨ ਵਿੱਚ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾਂ ਕਰ ਰਹੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੇ ਸਪੱਸ਼ਟ ਤੌਰ ਤੇ ਕਹਿ ਦਿੱਤਾ ਹੈ ਕਿ ਉਹ ਨਾਂ ਤਾਂ ਅਸਤੀਫ਼ਾ ਦੇਣਗੇ ਅਤੇ ਨਾਂ ਹੀ ਛੁੱਟੀ ਤੇ ਜਾਣਗੇ। ਪਾਕਿਸਤਾਨੀ ਸਰਕਾਰ ਦੀਆਂ 12 ਸਹਿਯੋਗੀ ਪਾਰਟੀਆਂ ਦੀ ਹੋਈ ਬੈਠਕ ਨੂੰ ਸੰਬੋਧਨ ਕਰਦੇ ਹੋਏ ਆਪਣੇ ਮਜ਼ਬੂਤ ਇਰਾਦੇ ਜਾਹਿਰ ਕੀਤੇ। ਇਸ ਤੋਂ ਪਹਿਲਾਂ ਇਮਰਾਨ ਖਾਨ ਅਤੇ ਤਾਹਿਰ ਉਲ ਕਾਦਰੀ ਸਮੇਤ ਕਈ ਨੇਤਾਵਾਂ ਦੇ ਖਿਲਾਫ਼ ਬਗਾਵਤ ਦਾ ਕੇਸ ਦਰਜ਼ ਕਰ ਲਿਆ ਗਿਆ ਹੈ।
ਪ੍ਰਦਰਸ਼ਨਕਾਰੀ ਸੋਮਵਾਰ ਨੂੰ ਪਹਿਲਾਂ ਸੰਸਦ ਅਤੇ ਫਿਰ ਪੀਟੀਵੀ ਚੈਨਲ ਦੇ ਦਫਤਰ ਵਿਚੱ ਵੜ ਗਏ ਸਨ ਅਤੇ ਉਸ ਦਾ ਪਰਸਾਰਣ ਬੰਦ ਕਰਵਾ ਦਿੱਤਾ ਸੀ। ਭਾਂਵੇ ਸ਼ਾਮ ਤੱਕ ਪੀਟੀਵੀ ਦਾ ਪਰਸਾਰਣ ਫਿਰ ਤੋਂ ਸ਼ੁਰੂ ਹੋ ਗਿਆ ਸੀ। ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਮੁੱਖ ਜੱਜ ਮੁਲਕ ਨੇ ਸਾਰੇ ਜੱਜਾਂ ਨੂੰ ਜਲਦ ਤੋਂ ਜੱਲਦ ਇਸਲਾਮਾਬਾਦ ਪਹੁੰਚਣ ਲਈ ਕਿਹਾ ਹੈ। ਸੁਪਰੀਮ ਕੋਰਟ ਪਹਿਲਾਂ ਵੀ ਕਹਿ ਚੁੱਕਾ ਹੈ ਕਿ ਰਾਜਨੀਤਕ ਸੰਕਟ ਨੂੰ ਦੂਰ ਕਰਨ ਲਈ ਉਹ ਕੋਈ ਵੀ ਭੂਮਿਕਾ ਨਿਭਾਉਣ ਲਈ ਤਿਆਰ ਹੈ।
ਸਰਕਾਰ ਅਤੇ ਸੈਨਾ ਨੇ ਇਸ ਖਬਰ ਦਾ ਵੀ ਖੰਡਨ ਕੀਤਾ ਹੈ ਕਿ ਸੈਨਾ ਮੁੱਖੀ ਨੇ ਪ੍ਰਧਾਨਮੰਤਰੀ ਨਵਾਜ਼ ਸ਼ਰੀਫ਼ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਜਾਂ ਤਿੰਨ ਮਹੀਨੇ ਦੇ ਲਈ ਛੁੱਟੀ ਤੇ ਚੱਲੇ ਜਾਣ ਦੀ ਸਲਾਹ ਦਿੱਤੀ ਹੈ। ਜਨਰਲ ਰਾਹੀਲ ਅਤੇ ਨਵਾਜ਼ ਸ਼ਰੀਫ਼ ਦੀ ਮੁਲਾਕਾਤ ਤੋਂ ਬਾਅਦ ਪਾਕਿਸਤਾਨ ਦੇ ਕਈ ਨਿਊਜ਼ ਚੈਨਲਾਂ ਤੇ ਇਸ ਤਰ੍ਹਾਂ ਦੀਆਂ ਖਬਰਾਂ ਪ੍ਰਸਾਰਿਤ ਹੋ ਰਹੀਆਂ ਹਨ ਸੈਨਾ ਨੇ ਪ੍ਰਧਾਨਮੰਤਰੀ ਨੂੰ ਗਦੀ ਛੱਡਣ ਲਈ ਕਿਹਾ ਹੈ। ਸੈਨਾ ਨੇ ਇੱਕ ਬਿਆਨ ਜਾਰੀ ਕਰਕੇ ਇਨ੍ਹਾਂ ਖਬਰਾਂ ਨੂੰ ਬੇਬੁਨਿਆਦ ਦੱਸਿਆ ਹੈ। ਸਰਕਾਰ ਵੱਲੋਂ ਵੀ ਅਜਿਹੀਆਂ ਖਬਰਾਂ ਦਾ ਖੰਡਨ ਕੀਤਾ ਗਿਆ ਹੈ।