ਚੰਡੀਗੜ੍ਹ – “ਨਰਿੰਦਰ ਮੋਦੀ ਵਜ਼ੀਰ-ਏ-ਆਜ਼ਮ ਹਿੰਦ ਦੇ ਜਪਾਨ ਦੇ ਦੌਰੇ ਦੌਰਾਨ ਜੋ ਜਪਾਨ ਦੇ ਵਜ਼ੀਰ ਆਜ਼ਮ ਸਿੰਬੇ ਆਬੇ ਵਿਚਕਾਰ ਹੋਈ ਗੱਲਬਾਤ ਨੇ ਜੋ ਭਾਰਤ ਨਾਲ ਪ੍ਰਮਾਣੂ ਸਮਝੋਤਾ ਕਰਨ ਤੋ ਸਾਫ਼ ਇਨਕਾਰ ਕਰ ਦਿੱਤਾ ਹੈ, ਇਹ ਜਪਾਨ ਦਾ ਪ੍ਰਸ਼ੰਸਾਯੋਗ ਉਦਮ ਹੈ । ਕਿਉਂਕਿ ਭਾਰਤ ਨੇ ਅੱਜ ਅੱਕ ਕੌਮਾਂਤਰੀ ਪ੍ਰਮਾਣੂ ਸੰਧੀਆਂ ਐਨ.ਪੀ.ਟੀ. ਅਤੇ ਸੀ.ਟੀ.ਬੀ.ਟੀ. ਦਸਤਖ਼ਤ ਨਹੀਂ ਕੀਤੇ ਅਤੇ ਇਸੇ ਲਈ ਹੀ ਐਨ.ਐਸ.ਜੀ. (ਨਿਊਲਕਰ ਸਪਲਾਇਰ ਗਰੁੱਪ) ਨੇ ਵੀ ਭਾਰਤ ਨੂੰ ਮੈਂਬਰ ਨਹੀਂ ਬਣਾਇਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਬੀਤੇ ਸਮੇਂ ਵਿਚ ਐਨ.ਐਸ.ਜੀ. ਮੈਂਬਰਾਂ ਨੂੰ ਇਸ ਸੰਬੰਧ ਵਿਚ ਲਿਖੇ ਗਏ ਪੱਤਰਾਂ ਦੀ ਬਦੌਲਤ ਹੀ ਜਪਾਨ ਨੇ ਭਾਰਤ ਨਾਲ ਪ੍ਰਮਾਣੂ ਸਮਝੋਤਾ ਨਹੀਂ ਕੀਤਾ । ਕਿਉਂਕਿ ਅਸੀਂ ਇਹਨਾਂ ਮੁਲਕਾਂ ਨੂੰ ਭਾਰਤ ਨੂੰ ਪ੍ਰਮਾਣੂ ਤਕਨੀਕ, ਪ੍ਰਮਾਣੂ ਸਮੱਗਰੀ ਅਤੇ ਹੋਰ ਜੰਗੀ ਸਾਜ਼ੋ-ਸਮਾਨ ਨਾ ਦੇਣ ਲਈ ਲਿਖਿਆ ਸੀ ਅਤੇ ਇਹ ਦਲੀਲ ਦਿੱਤੀ ਸੀ ਕਿ ਭਾਰਤ ਇਸ ਪ੍ਰਮਾਣੂ ਤਾਕਤ ਦੀ ਫ਼ੌਜੀ ਤੌਰ ਤੇ ਗਲਤ ਵਰਤੋ ਕਰਕੇ ਕੇਵਲ ਦੱਖਣੀ ਏਸੀਆ ਦੇ ਖਿੱਤੇ ਦੇ ਅਮਨ-ਚੈਨ ਨੂੰ ਹੀ ਭੰਗ ਨਹੀਂ ਕਰੇਗਾ, ਬਲਕਿ ਹਿੰਦ ਵਿਚ ਵੱਸਣ ਵਾਲੀਆਂ ਘੱਟ ਗਿਣਤੀ ਕੌਮਾਂ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਨੂੰ ਵੀ ਜ਼ਬਰੀ ਹਿੰਦੂਤਵ ਸੋਚ ਤੇ ਹਿੰਦੂਤਵ ਰਾਸ਼ਟਰ ਦਾ ਗੁਲਾਮ ਬਣਾਉਣ ਦੇ ਅਮਲ ਕਰੇਗਾ । ਜਿਸ ਨਾਲ ਸਿੱਖ ਵਸੋਂ ਵਾਲੇ ਇਲਾਕਿਆ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਖ ਅਤੇ ਗੁਜਰਾਤ ਦਾ ਕੱਛ ਵਿਚ ਵੱਸਣ ਵਾਲੀ ਸਿੱਖ ਕੌਮ ਦਾ ਜੀਊਣਾ ਦੁਭਰ ਕਰ ਦੇਵੇਗਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮੋਦੀ ਦੇ ਜਪਾਨ ਦੌਰੇ ਉਤੇ ਹੋਏ ਅਮਲਾਂ ਸੰਬੰਧੀ ਆਪਣਾ ਪ੍ਰਤੀਕਰਮ ਜ਼ਾਹਰ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਪਾਨ ਨੇ ਭਾਰਤ ਨੂੰ ਯੂ.ਐਸ-2 ਜਲ ਅਤੇ ਥਲ ਦੋਵਾਂ ਥਾਵਾਂ ਤੇ ਚੱਲਣ ਵਾਲੇ ਜ਼ਹਾਜ ਦੇਣ ਦਾ ਫੈਸਲਾ ਕਰਕੇ ਘੱਟ ਗਿਣਤੀ ਕੌਮਾਂ ਵਿਸੇ਼ਸ਼ ਕਰਕੇ ਸਿੱਖ ਕੌਮ ਲਈ ਵੱਡੀ ਸਮੱਸਿਆ ਖੜ੍ਹੀ ਕਰ ਦਿੱਤੀ ਹੈ । ਕਿਉਂਕਿ ਇਹਨਾਂ ਜ਼ਹਾਜਾਂ ਦੀ ਦੁਰਵਰਤੋ ਭਾਰਤ ਸਿੱਖ ਕੌਮ ਨੂੰ ਦਬਾਉਣ ਲਈ ਕਰਨ ਤੋ ਕਦੀ ਵੀ ਬਾਜ਼ ਨਹੀਂ ਆਵੇਗਾ ।
ਉਹਨਾਂ ਕਿਹਾ ਕਿ ਦੂਸਰੇ ਪਾਸੇ ਜੋ ਭਾਰਤ ਵਿਸਤਾਰਵਾਦੀ ਦੀ ਗੱਲ ਕਰਕੇ ਜਪਾਨ ਨੂੰ ਰਿਝਾਉਣ ਦਾ ਪਾਖੰਡ ਕਰ ਰਿਹਾ ਹੈ, ਇਹ ਅਸਲੀਅਤ ਵਿਚ ਭਾਰਤ ਦੇ ਗੁਆਢੀ ਮੁਲਕ ਚੀਨ ਨੂੰ ਨਿਸ਼ਾਨਾਂ ਬਣਾ ਰਿਹਾ ਹੈ, ਅਜਿਹਾ ਕਰਨ ਤੋ ਪਹਿਲੇ ਮੋਦੀ ਭਾਰਤ ਨਿਵਾਸੀਆਂ ਨੂੰ ਦੱਸੇ ਕਿ ਕਸ਼ਮੀਰ, ਹੈਦਰਾਬਾਦ, ਪਾਡੀਚਿਰੀ, ਗੋਆ ਆਦਿ ਵਿਚ ਗੈਰ ਇਖ਼ਲਾਕੀ ਅਤੇ ਗੈਰ ਕਾਨੂੰਨੀ ਤਰੀਕੇ ਕਬਜੇ ਕਰਨ ਦੇ ਅਮਲ ਕਰਕੇ ਖੁਦ ਹੀ ਵਿਸਤਾਰਵਾਦੀ ਸੋਚ ਨੂੰ ਅਮਲੀ ਰੂਪ ਨਹੀਂ ਦੇ ਰਿਹਾ ? ਫਿਰ ਮੁਸਲਿਮ ਕੌਮ ਦੇ ਧਾਰਮਿਕ ਅਸਥਾਂਨ ਸ੍ਰੀ ਬਾਬਰੀ ਮਸਜਿ਼ਦ ਨੂੰ ਬੀਜੇਪੀ ਦੀ ਫਿਰਕੂ ਜਮਾਤ ਵੱਲੋ ਢਾਹੁਣ ਵਾਲੇ ਲੋਕ ਉਥੇ ਜ਼ਬਰੀ ਰਾਮ ਮੰਦਿਰ ਦੀ ਉਸਾਰੀ ਕਰਨ ਦੀਆਂ ਗੱਲਾਂ ਕਰਨ ਵਾਲੇ ਵਿਸਤਾਰਵਾਦੀ ਅਤੇ ਕਬਜੇਦਾਰ ਨਹੀਂ ਤਾਂ ਹੋਰ ਕੀ ਹਨ? ਉਹਨਾਂ ਕਿਹਾ ਕਿ 1984 ਵਿਚ ਬਲਿਊ ਸਟਾਰ ਦੇ ਫ਼ੌਜੀ ਹਮਲੇ ਸਮੇਂ ਕਾਂਗਰਸ ਅਤੇ ਬੀਜੇਪੀ ਨੇ ਇਕ ਰੂਪ ਹੋ ਕੇ ਬਰਤਾਨੀਆ ਅਤੇ ਰੂਸ ਦੀਆਂ ਫ਼ੌਜਾਂ ਦੀ ਸਹਾਇਤਾ ਲੈਣ ਦੇ ਅਮਲ ਪ੍ਰਤੱਖ ਰੂਪ ਵਿਚ ਸਾਬਤ ਕਰਦੇ ਹਨ ਕਿ ਇਹ ਫਿਰਕੂ ਲੋਕ ਅਸਲੀਅਤ ਵਿਚ ਵਿਕਾਸਵਾਦੀ ਸੋਚ ਵਿਚ ਨਹੀਂ, ਵਿਸਤਾਰਵਾਦੀ ਅਤੇ ਕਬਜੇਵਾਲੀ ਸੋਚ ਵਿਚ ਵਿਸ਼ਵਾਸ ਰੱਖਦੇ ਹਨ। ਉਹ ਵਿਕਾਸਵਾਦੀ ਦੀ ਗੱਲ ਕਰਨ ਤੋ ਪਹਿਲੇ ਆਪਣੇ ਅੰਦਰ ਬੈਠੀ ਵਿਸਤਾਰਵਾਦੀ ਅਤੇ ਘੱਟ ਗਿਣਤੀ ਕੌਮਾਂ ਨੂੰ ਗੁਲਾਮ ਬਣਾਉਣ ਦੇ ਅਮਲਾਂ ਤੋ ਤੋਬਾ ਕਰਨ ਅਤੇ ਸਭਨਾਂ ਕੌਮਾਂ ਨੂੰ ਸੰਪੂਰਨ ਆਜ਼ਾਦੀ ਅਤੇ ਤਰੱਕੀ ਕਰਨ ਦੇ ਮੌਕੇ ਪ੍ਰਦਾਨ ਕਰਨ ਦੇ ਅਮਲ ਕਰਨ । ਉਹਨਾਂ ਕਿਹਾ ਕਿ ਮੋਦੀ ਵਰਗੇ ਮੁਤੱਸਵੀਆਂ, 2000 ਮੁਸਲਮਾਨਾਂ ਦੇ ਕਾਤਲ ਅਤੇ 60 ਹਜ਼ਾਰ ਸਿੱਖਾਂ ਦਾ ਗੈਰ ਕਾਨੂੰਨੀ ਤਰੀਕੇ ਉਜਾੜਾ ਕਰਨ ਵਾਲੇ ਉਤੇ ਗੁਰਬਾਣੀ ਦੇ ਇਹ ਸ਼ਬਦ ਪੂਰਨ ਰੂਪ ਵਿਚ ਢੁਕਦੇ ਹਨ ਕਿ “ਅਵਰਿ ਉਪਦੇਸੈ ਆਪਿ ਨਾ ਕਰੈ ਆਵਤਿ ਜਾਵਤਿ ਜਨਮੈ ਮਰੈ”।
ਉਹਨਾਂ ਆਪਣੇ ਬਿਆਨ ਦੇ ਅਖੀਰ ਵਿਚ ਕਿਹਾ ਕਿ ਚੀਨ ਅਤੇ ਭਾਰਤ ਦੀ ਸਰਹੱਦ ਦਾ ਜੋ 4 ਹਜ਼ਾਰ ਕਿਲੋਮੀਟਰ ਕੰਟਰੋਲ ਰੇਖਾ ਵਾਲਾ ਵਿਵਾਦ ਹੈ ਅਤੇ ਜੋ 48 ਹਜ਼ਾਰ ਸਕੇਅਰ ਵਰਗ ਕਿਲੋਮੀਟਰ ਇਲਾਕਾ 1962 ਵਿਚ ਚੀਨ-ਭਾਰਤ ਦੀ ਜੰਗ ਸਮੇਂ ਚੀਨ ਨੇ ਕਬਜਾ ਕੀਤਾ ਹੈ, ਉਹ ਅਸਲ ਵਿਚ ਸਿੱਖ ਬਾਦਸ਼ਾਹੀ ਲਾਹੌਰ ਦਰਬਾਰ ਦੀਆਂ ਖ਼ਾਲਸਾ ਫ਼ੌਜਾਂ ਨੇ 1843 ਵਿਚ ਜਿੱਤਕੇ ਸਿੱਖ ਬਾਦਸ਼ਾਹੀ ਦਾ ਹਿੱਸਾ ਬਣਾਇਆ ਸੀ । ਜਦੋ ਵੀ ਭਵਿੱਖ ਵਿਚ ਭਾਰਤ-ਚੀਨ ਦੀ ਇਸ ਵਿਵਾਦਿਤ ਇਲਾਕੇ ਉਤੇ ਕੋਈ ਕੌਮਾਂਤਰੀ ਪੱਧਰ ਦੀ ਗੱਲਬਾਤ ਹੋਵੇ, ਉਸ ਵਿਚ ਬਤੌਰ ਤੀਸਰੀ ਧਿਰ ਜੋ ਇਸ ਇਲਾਕੇ ਦੀ ਅਸਲੀ ਮਾਲਕ ਹੈ, ਸਿੱਖ ਕੌਮ ਦੀ ਸਮੂਲੀਅਤ ਤੋ ਬਿਨ੍ਹਾਂ ਭਾਰਤ ਅਤੇ ਚੀਨ ਇਸ ਮਸਲੇ ਨੂੰ ਹੱਲ ਨਹੀਂ ਕਰ ਸਕਣਗੇ । ਇਸ ਲਈ ਦੋਵਾਂ ਮੁਲਕਾਂ ਲਈ ਇਹ ਜ਼ਰੂਰੀ ਹੈ ਕਿ ਜਦੋ ਵੀ ਇਸ ਵਿਸ਼ੇ ਤੇ ਇਹਨਾ ਦੋਨਾਂ ਮੁਲਕਾਂ ਦੀ ਟੇਬਲ ਟਾਕ ਹੋਵੇ, ਸਿੱਖ ਕੌਮ ਦੀ ਸਮੂਲੀਅਤ ਯਕੀਨੀ ਬਣਾਈ ਜਾਵੇ । ਕਿਉਂਕਿ ਅਸੀਂ ਰੈਡਕਲਿਫ ਕੰਟਰੋਲ ਲਾਇਨ ਜੋ 1947 ਦੀ ਵੰਡ ਸਮੇਂ ਅੰਗਰੇਜ਼ ਹਕੂਮਤ ਵੱਲੋ ਤੈਅ ਕੀਤੀ ਗਈ ਸੀ, ਸਿੱਖ ਕੌਮ ਉਸ ਨੂੰ ਵੀ ਪ੍ਰਵਾਨ ਨਹੀਂ ਕਰਦੀ । ਚੜ੍ਹਦੇ ਪੰਜਾਬ ਅਤੇ ਲਹਿੰਦਾ ਪੰਜਾਬ ਲਾਹੌਰ ਦਰਬਾਰ ਦੇ ਅਧੀਨ ਸਨ । ਅੱਜ ਵੀ ਸਾਡੀ ਬੋਲੀ, ਪਹਿਰਾਵਾ, ਰੀਤੀ-ਰਿਵਾਜ਼, ਸੱਭਿਆਚਾਰ ਲਹਿੰਦੇ ਪੰਜਾਬ ਨਾਲ ਸੰਪੂਰਨ ਤੌਰ ਤੇ ਮੇਲ ਖਾਦੇ ਹਨ, ਜੋ ਇਸ ਗੱਲ ਨੂੰ ਸਾਬਤ ਕਰਦੇ ਹਨ ਕਿ ਇਹ ਇਲਾਕਾ ਲਾਹੌਰ ਦਰਬਾਰ ਦੀ ਮਲਕੀਅਤ ਹੈ । ਇਸੇ ਲਈ ਹੀ ਹਿੰਦ ਦੇ ਸੰਵਿਧਾਨਿਕ ਕਮੇਟੀ ਵਿਚ ਸ਼ਾਮਿਲ ਦੋ ਸਿੱਖ ਨੁਮਾਇੰਦਿਆ ਸ. ਹੁਕਮ ਸਿੰਘ ਅਤੇ ਸ. ਭੁਪਿੰਦਰ ਸਿੰਘ ਮਾਨ ਨੇ ਦਸਤਖ਼ਤ ਨਹੀਂ ਸਨ ਕੀਤੇ । ਕਿਉਂਕਿ ਇਸ ਸੰਵਿਧਾਨ ਵਿਚ ਸਿੱਖ ਕੌਮ ਦੇ ਹੱਕ-ਹਕੂਕਾ, ਉਹਨਾਂ ਦੀ ਆਜ਼ਾਦੀ, ਮਾਨ-ਸਨਮਾਨ ਸੁਰੱਖਿਅਤ ਨਹੀਂ ਸਨ ਕੀਤੇ ਗਏ । ਜਦੋਕਿ ਸਿੱਖ ਕੌਮ ਵੰਡ ਸਮੇਂ ਜਿਵੇ ਹਿੰਦੂ ਕੌਮ ਨੂੰ ਹਿੰਦੂਸਤਾਨ, ਮੁਸਲਿਮ ਕੌਮ ਨੂੰ ਪਾਕਿਸਤਾਨ ਮਿਲ ਗਿਆ ਸੀ ਤੇ ਸਿੱਖ ਕੌਮ ਨੂੰ ਬਤੌਰ ਵੱਖਰੀ ਅਤੇ ਤੀਜੀ ਧਿਰ ਦੇ ਖ਼ਾਲਿਸਤਾਨ ਕਾਨੂੰਨੀ ਤੌਰ ਤੇ ਮਿਲਣਾ ਚਾਹੀਦਾ ਸੀ । ਜਿਸ ਲਈ ਸਾਡੀ ਅੱਜ ਵੀ ਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਜਾਰੀ ਹੈ ।